ਗੜ੍ਹਦੀਵਾਲਾ ''ਚ ਟ੍ਰੈਫਿਕ ਹੋਇਆ ਬੇਕਾਬੂ, ਪ੍ਰਸ਼ਾਸਨ ਸੁਸਤ

Sunday, Aug 13, 2017 - 03:25 PM (IST)

ਗੜ੍ਹਦੀਵਾਲਾ ''ਚ ਟ੍ਰੈਫਿਕ ਹੋਇਆ ਬੇਕਾਬੂ, ਪ੍ਰਸ਼ਾਸਨ ਸੁਸਤ

ਗੜ੍ਹਦੀਵਾਲਾ(ਜਤਿੰਦਰ)— ਗੜ੍ਹਦੀਵਾਲਾ ਮੇਨ ਰੋਡ 'ਤੇ ਬਦਹਾਲ ਹੋ ਚੁੱਕੀ ਟ੍ਰੈਫਿਕ ਵਿਵਸਥਾ ਬਾਰੇ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਰਾਹੀਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ, ਜਿਸ ਕਾਰਨ ਜਿੱਥੇ ਸੜਕ ਕਰਾਸ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਇਸ ਬਦਹਾਲ ਟ੍ਰੈਫਿਕ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। 
ਟ੍ਰੈਫਿਕ ਨੂੰ ਦਰੁਸਤ ਕਰਨ ਲਈ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਵਾਹਨ ਚਾਲਕ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮਨਮਾਨੀਆਂ ਕਰਦੇ ਹੋਏ ਚੱਲਦੇ ਹਨ। ਬੱਸ ਸਟੈਂਡ ਰੋਡ 'ਤੇ ਦਿਨ ਵਿਚ ਅਨੇਕਾਂ ਵਾਰ ਜਾਮ ਲੱਗ ਜਾਂਦਾ ਹੈ ਅਤੇ ਇਹੀ ਹਾਲ ਟੈਲੀਫੋਨ ਐਕਸਚੇਂਜ ਰੋਡ ਦਾ ਵੀ ਹੈ। ਸਕੂਲਾਂ-ਕਾਲਜਾਂ ਵਿਚ ਛੁੱਟੀ ਵੇਲੇ ਅਤੇ ਸਵੇਰ ਸਮੇਂ ਸਥਿਤੀ ਅਤਿਅੰਤ ਗੰਭੀਰ ਬਣ ਜਾਂਦੀ ਹੈ। 
ਸੜਕ 'ਤੇ ਭੀੜ ਜਮ੍ਹਾ ਹੋ ਜਾਂਦੀ ਹੈ ਪਰ ਜ਼ਿਆਦਾਤਰ ਬੱਸ ਚਾਲਕ ਇਸ ਦੀ ਪ੍ਰਵਾਹ ਕੀਤੇ ਬਿਨਾਂ ਬੜੀ ਤੇਜ਼ ਗਤੀ ਨਾਲ ਬੱਸਾਂ ਦੌੜਾਉਂਦੇ ਹੋਏ ਚਲੇ ਜਾਂਦੇ ਹਨ। ਪ੍ਰੈਸ਼ਰ ਹਾਰਨ ਵਜਾਉਂਦੇ ਜਾਣਾ ਉਹ ਆਪਣੀ ਸ਼ਾਨ ਸਮਝਦੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਹੈ, ਜਿਸ ਕਾਰਨ ਸ਼ਹਿਰ ਵਿਚ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। 
ਵਧਦੀ ਟ੍ਰੈਫਿਕ ਸਮੱਸਿਆ ਕਾਰਨ ਬੱਚਿਆਂ, ਬਜ਼ੁਰਗਾਂ ਤੇ ਹੋਰਨਾਂ ਲੋਕਾਂ ਲਈ ਸੜਕ ਕਰਾਸ ਕਰਨਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਓਵਰਲੋਡਿਡ ਅਤੇ ਸਰਕੰਡਿਆਂ ਅਤੇ ਪਰਾਲੀ ਆਦਿ ਨਾਲ ਲੱਦੀਆਂ ਟਰਾਲੀਆਂ ਵੀ ਜਾਮ ਦਾ ਕਾਰਨ ਬਣਦੀਆਂ ਹਨ। ਮੇਨ ਰੋਡ ਤੋਂ ਮਸਤੀਵਾਲ ਮੋੜ 'ਤੇ ਵਾਹਨਾਂ ਦੀ ਇੰਨੀ ਜ਼ਿਆਦਾ ਭੀੜ ਰਹਿੰਦੀ ਹੈ ਕਿ ਤੁਰੰਤ ਜਾਮ ਲੱਗ ਜਾਂਦਾ ਹੈ ਅਤੇ ਕਾਫੀ ਦੂਰ-ਦੂਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ ਪਰ ਇਸ ਬਦਹਾਲ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਹੈ। 
ਇਕ-ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਵਾਹਨ ਚਾਲਕ ਮੋਟਰਸਾਈਕਲ ਨੂੰ ਵਿਚਕਾਰ ਫਸਾ ਦਿੰਦੇ ਹਨ ਅਤੇ ਇਕ-ਦੂਜੇ ਦੀ ਗਲਤੀ ਕੱਢਦੇ ਹੋਏ ਝਗੜ ਪੈਂਦੇ ਹਨ ਤੇ ਜਾਮ ਲੱਗ ਜਾਂਦਾ ਹੈ। ਜ਼ਿਆਦਾਤਰ ਜਾਮ ਸੜਕ ਕਿਨਾਰੇ ਗਲਤ ਤਰੀਕੇ ਨਾਲ ਪਾਰਕ ਕੀਤੇ ਗਏ ਵਾਹਨਾਂ, ਮੋਟਰਸਾਈਕਲਾਂ ਆਦਿ ਕਾਰਨ ਲੱਗਦਾ ਹੈ। ਇਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇ ਕੇ ਗੜ੍ਹਦੀਵਾਲਾ ਵਿਖੇ ਬਦਹਾਲ ਹੋ ਚੁੱਕੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।


Related News