ਗੋਇੰਦਵਾਲ ਜੇਲ੍ਹ ਗੈਂਗਵਾਰ ਦੀਆਂ ਦੋ ਵੀਡੀਓਜ਼ ਆਈਆਂ ਸਾਹਮਣੇ, ਪੁਲਸ ਨੇ ਦਿੱਤੇ ਵੱਡੀ ਕਾਰਵਾਈ ਦੇ ਸੰਕੇਤ
Sunday, Mar 05, 2023 - 06:22 PM (IST)
ਤਰਨਤਾਰਨ (ਰਮਨ) : ਬੀਤੇ ਐਤਵਾਰ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਨਾਮਜ਼ਦ ਗੈਂਗਸਟਰਾਂ ਦੇ ਇਕ ਧੜੇ ਵਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿਚ ਦੋ ਗੈਂਗਸਟਰਾਂ ਦੀ ਜੇਲ ’ਚ ਮੌਤ ਹੋ ਗਈ ਸੀ ਜਦ ਕਿ ਤਿੰਨ ਹੋਰ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਹਮਲੇ ਦੀ ਮੁਲਜ਼ਮਾਂ ਵਲੋਂ ਖੁੱਲ੍ਹ ਕੇ ਜ਼ਿੰਮੇਵਾਰੀ ਵੀ ਲਈ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਇਰਲ ਹੋਈ ਵੀਡੀਓ ਨੇ ਜੇਲ੍ਹ ਪ੍ਰਸ਼ਾਸਨ ਉੱਪਰ ਆਉਣ ਵਾਲੇ ਸਮੇਂ ਦੌਰਾਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਮੁਤਾਬਕ ਵਿਭਾਗ ਵਲੋਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਖਿੱਚੀ ਜਾ ਰਹੀ ਹੈ। ਪੁਲਸ ਵਲੋਂ ਵੀਡੀਓ ਬਨਾਉਣ ਅਤੇ ਵਾਇਰਲ ਕਰਨ ਵਾਲਿਆਂ ਦੇ ਨਾਲ ਨਾਲ ਜੇਲ੍ਹ ਦੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਣ ਦੀ ਤਿਆਰੀ ਖਿੱਚੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ 7 ਪੁਲਸ ਅਫ਼ਸਰਾਂ ਖ਼ਿਲਾਫ਼ ਮਾਮਲਾ ਦਰਜ ਕਰੇਗੀ ਪੰਜਾਬ ਪੁਲਸ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੀਤੇ ਐਤਵਾਰ 26 ਫਰਵਰੀ ਦੀ ਸ਼ਾਮ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਨਾਮਜ਼ਦ ਖਤਰਨਾਕ ਗੈਂਗਸਟਰ, ਜਿਨ੍ਹਾਂ ਵਿਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਮੁਲਜ਼ਮ ਜੇਲ੍ਹ ਵਿਚ ਬੰਦ ਸਨ ਦੌਰਾਨ ਆਪਸੀ ਰੰਜਿਸ਼ ਨੂੰ ਲੈ ਕੇ ਜੇਲ ਦੀ ਬਲਾਕ ਨੰਬਰ-2 ਵਿਚ ਮੌਜੂਦ ਹਵਾਲਾਤੀ ਮਨਦੀਪ ਸਿੰਘ ਉਰਫ਼ ਤੂਫ਼ਾਨ ਪੁੱਤਰ ਹਰਭਜਨ ਸਿੰਘ ਵਾਸੀ ਡੇਰਾ ਬਾਬਾ ਨਾਨਕ ਰੋਡ ਬਟਾਲਾ, ਮਨਮੋਹਨ ਸਿੰਘ ਉਰਫ਼ ਮੋਹਣਾ ਰੱਲੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰੱਲੀ ਜ਼ਿਲ੍ਹਾ ਮਾਨਸਾ, ਕੇਸ਼ਵ ਕੁਮਾਰ ਪੁੱਤਰ ਲਾਲ ਚੰਦ ਵਾਸੀ ਆਵਾਂ ਬਸਤੀ ਬਠਿੰਡਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਪੌਤ ਨੇੜੇ ਰਈਆ ਅੰਮ੍ਰਿਤਸਰ, ਚਰਨਜੀਤ ਸਿੰਘ ਉਰਫ ਚੇਤਨ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਲਾ ਰਾਮ ਨਗਰ ਬਠਿੰਡਾ, ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਮੁੰਡਾਪਿੰਡ ਜ਼ਿਲ੍ਹਾ ਤਰਨਤਾਰਨ ਮੌਜੂਦ ਸਨ ਅਤੇ ਬਲਾਕ ਨੰਬਰ-1 ਵਿਚ ਮਨਪ੍ਰੀਤ ਸਿੰਘ ਉਰਫ ਭਾਊ ਪੁੱਤਰ ਸੁਖਪਾਲ ਸਿੰਘ ਵਾਸੀ ਢੁੱਪਈ ਜ਼ਿਲ੍ਹਾ ਫਰੀਦਕੋਟ, ਸਚਿਨ ਭਿਵਾਨੀ ੳਰਫ ਚੌਧਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਭੀਵਾਨੀ ਖੇੜਾ ਹਰਿਆਣਾ, ਅੰਕਿਤ ਲਾਡੀ ਉਰਫ ਅੰਕਿਤ ਛੋਟੂ ਪੁੱਤਰ ਜਗਵੀਰ ਤੂਰ ਵਾਸੀ ਸਰਸਾ ਸੋਨੀਪਤ, ਕਸ਼ਿਸ਼, ਕੁਲਦੀਪ ਸਿੰਘ ਪੁੱਤਰ ਦਿਨੇਸ਼ ਕਾਦੀਆਂ ਵਾਸੀ ਪਿੰਡ ਬੇਰੀ ਹਰਿਆਣਾ, ਰਜਿੰਦਰ ਪੁਰਬ ਜੌਕਰ ਪੁੱਤਰ ਦਲੀਪ ਸਿੰਘ ਵਾਸੀ ਮੁਗਲਪੁਰਾ ਹਿਸਾਰ, ਅਰਸ਼ਦ ਖ਼ਾਨ ਉਰਫ ਅਰਸ਼ਦੀਆ ਪੁੱਤਰ ਰਾਜਾਕ ਖਾਨ ਵਾਸੀ ਚੂਰੂ ਰਾਜਸਥਾਨ, ਮਲਕੀਤ ਸਿੰਘ ਉਰਫ ਦੀਪਾ ਪੁੱਤਰ ਕੌਰਾ ਸਿੰਘ ਵਾਸੀ ਪਿੰਡ ਭੈਣੀ ਬਠਿੰਡਾ ਮੌਜੂਦ ਸਨ।
ਇਹ ਵੀ ਪੜ੍ਹੋ : ਲਾਡਾਂ ਨਾਲ ਪਾਲ਼ੇ ਪੁੱਤ ਨੂੰ ਪੰਜਾਬ ਤੋਂ ਕੈਨੇਡਾ ਖਿੱਚ ਲਿਆਈ ਮੌਤ, ਇੰਝ ਉੱਜੜਨਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ
ਜੇਲ੍ਹ ਪ੍ਰਸ਼ਾਸਨ ਵਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ ਵਿਚ ਦੱਸਿਆ ਗਿਆ ਸੀ ਕਿ ਜਦੋਂ ਬਲਾਕ-2 ਵਿਚ ਮੌਜੂਦ ਮੁਲਜ਼ਮਾਂ ਵਲੋਂ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਪੱਤਰੀਆਂ ਨਾਲ ਬਲਾਕ ਨੰਬਰ-1 ਵਿਚ ਬੰਦ ਮੁਲਜ਼ਮਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਾਕ-1 ਦੇ ਮੁਲਜ਼ਮਾਂ ਵਲੋਂ ਬਲਾਕ-2 ਦੇ ਹੱਥੋਂ ਤੇਜ਼ ਹਥਿਆਰ ਖੋਹ ਕੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਮਨਦੀਪ ਸਿੰਘ ਉਰਫ਼ ਤੂਫ਼ਾਨ ਅਤੇ ਮਨਮੋਹਨ ਸਿੰਘ ਉਰਫ ਮੋਹਣਾ ਦੀ ਮੌਤ ਹੋ ਗਈ ਜਦ ਕਿ ਕੇਸ਼ਵ ਕੁਮਾਰ ਅਤੇ ਅਰਸ਼ਦ ਖ਼ਾਨ ਗੰਭੀਰ ਜ਼ਖਮੀ ਹੋ ਗਿਆ। ਇਸ ਮਾਮਲੇ ਵਿਚ ਪੁਲਸ ਨੇ ਬਲਾਕ ਨੰਬਰ-1 ਵਿਚ ਮੌਜੂਦ 7 ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਕਤਲ ਤੋਂ ਬਾਅਦ ਮੁਲਜ਼ਮਾਂ ਦੀ ਵੀਡੀਓ ਹੋਈ ਵਾਇਰਲ
ਇਸ ਹਮਲੇ ਤੋਂ ਤੁਰੰਤ ਬਾਅਦ ਕਤਲ ਕਰਨ ਵਾਲੇ ਸਚਿਨ ਭਿਵਾਨੀ ਸਮੇਤ ਹੋਰ 6 ਮੁਲਜ਼ਮਾਂ ਵਲੋਂ ਇਕ ਵੀਡੀਓ ਬਣਾਉਂਦੇ ਹੋਏ ਜ਼ਿੰਮੇਵਾਰੀ ਲਈ ਗਈ ਸੀ, ਜਿਸ ਵਿਚ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਏ ਨਾਲ ਸਬੰਧਤ ਮਨਦੀਪ ਸਿੰਘ ਤੂਫ਼ਾਨ ਅਤੇ ਮਨਮੋਹਨ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਦ ਕਿ ਇਨ੍ਹਾਂ ਦੇ ਸਾਥੀ ਮਨਦੀਪ ਸਿੰਘ ਉਰਫ ਮਨੀ ਮੌਕੇ ਤੋਂ ਭੱਜ ਗਏ ਹਨ। ਮੁਲਜ਼ਮਾਂ ਵਲੋਂ ਬਣਾਈਆਂ ਗਈਆਂ ਦੋ ਵੀਡੀਓ ਵਿਚ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਹਨ ਅਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਬੜੀ ਖੁਸ਼ੀ ਨਾਲ ਨਾਅਰੇ ਲਗਾਉਂਦੇ ਹੋਏ ਲਈ ਜਾਂਦੀ ਵੇਖੀ ਜਾ ਸਕਦੀ ਹੈ। ਇੰਨਾ ਹੀ ਨਹੀਂ ਮੁਲਜ਼ਮਾਂ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਲਾਕ ਦੇ ਬਾਹਰ ਪਈਆਂ ਦੋਵੇਂ ਲਾਸ਼ਾਂ ਨੂੰ ਵੀ ਵਿਖਾਇਆ ਗਿਆ ਹੈ। ਇਸ ਬਣਾਈ ਗਈ ਵੀਡੀਓ ਦੌਰਾਨ ਦੋ ਪੁਲਸ ਮੁਲਾਜ਼ਮ ਵੀ ਵਰਦੀ ਵਿਚ ਵਿਖਾਈ ਦੇ ਰਹੇ ਹਨ। ਵੀਡੀਓ ਵਿਚ ਮ੍ਰਿਤਕ ਦੇ ਕੋਲ ਇਕ ਇੱਟ ਵਿਖਾਈ ਦੇ ਰਹੀ ਹੈ, ਜਿਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਸ ਇੱਟ ਨੂੰ ਹੱਤਿਆ ਲਈ ਵਰਤਿਆ ਗਿਆ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।