ਤਰਨਤਾਰਨ ਵਿਚ ਪੁਲਸ ਮੁਕਾਬਲੇ ਪਿੱਛੋਂ 2 ਗੈਂਗਸਟਰ ਕਾਬੂ

02/17/2018 1:40:46 PM

ਤਰਨਤਾਰਨ/ਹਰੀਕੇ ਪੱਤਣ (ਰਮਨ, ਰਾਜੂ, ਲਵਲੀ)-ਪਠਾਨਕੋਟ-ਰਾਜਸਥਾਨ ਨੈਸ਼ਨਲ ਹਾਈਵੇ 'ਤੇ ਸਥਿਤ ਕਸਬਾ ਹਰੀਕੇ ਪੱਤਣ ਵਿਖੇ ਗੈਂਗਸਟਰਾਂ ਤੇ ਪੁਲਸ ਦਾ ਆਹਮੋ-ਸਾਹਮਣਾ ਹੋ ਗਿਆ। ਕਰੀਬ 10 ਕਿਲੋਮੀਟਰ ਤੋਂ ਪਿੱਛਾ ਕਰ ਰਹੀ ਪੁਲਸ ਪਾਰਟੀ 'ਤੇ ਦੋਵਾਂ ਗੈਂਗਸਟਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ ਕਾਂਸਟੇਬਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮੌਕੇ 'ਤੇ ਪੁਲਸ ਕੁਆਰਟਰਾਂ ਵਿਚ ਵੜੇ ਗੈਂਗਸਟਰਾਂ ਨੂੰ ਅਸਲੇ ਤੇ ਨਸ਼ੀਲੇ ਪਦਾਰਥਾਂ ਸਣੇ ਕਾਬੂ ਕਰ ਲਿਆ। ਜ਼ਖ਼ਮੀ ਕਾਂਸਟੇਬਲ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਬਾਬਾ ਦਾਣਾ ਦੀ ਹੱਤਿਆ ਵਿਚ ਹਨ ਲੋੜੀਂਦੇ
ਖਡੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਬਾਬਾ ਦਾਣਾ ਦੀ 2016 ਵਿਚ ਰੰਜਿਸ਼ ਤਹਿਤ ਗੋਲੀਆਂ ਮਾਰ ਕੇ ਹੱਤਿਆ ਕਰਨ ਵਿਚ ਨਾਮਜ਼ਦ ਜਸਪਾਲ ਸਿੰਘ ਪਾਲਾ ਨਿਵਾਸੀ ਖਡੂਰ ਸਾਹਿਬ ਤੇ ਗੁਰਬੀਰ ਸਿੰਘ ਗੋਰਾ ਵਾਸੀ ਰੱਤਾ ਗੁਦਾ ਪੁਲਸ ਨੂੰ ਲੰਮੇ ਸਮੇਂ ਤੋਂ ਲੋੜੀਂਦੇ ਹਨ, ਜਿਨ੍ਹਾਂ ਖਿਲਾਫ ਅੱਧਾ ਦਰਜਨ ਮਾਮਲੇ ਦਰਜ ਹਨ। ਤਰਨਤਾਰਨ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਗੈਂਗਸਟਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਚੰਦਰ ਭੂਸ਼ਣ ਸ਼ਰਮਾ ਤੇ ਥਾਣਾ ਮੁਖੀ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪੰਨੂੰਆਂ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤੇ ਮੋਟਰਸਾਈਕਲ ਸਵਾਰ ਦੋਵੇਂ ਗੈਂਗਸਟਰਾਂ ਦਾ ਪੁਲਸ ਪਾਰਟੀ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਸਬਾ ਹਰੀਕੇ ਪੱਤਣ ਦੇ ਕੋਲ ਨਾਕਾਬੰਦੀ ਦੇ ਦੋਵਾਂ ਗੈਂਗਸਟਰਾਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਐੱਚ. ਸੀ. ਸ਼ੁਭਪਾਲ ਸਿੰਘ ਦੇ ਲੱਗੀ। ਇਸ ਦੌਰਾਨ ਦੋਵੇਂ ਗੈਂਗਸਟਰ ਥਾਣਾ ਹਰੀਕੇ ਪੱਤਣ ਦੇ ਪੁਲਸ ਕੁਆਰਟਰਾਂ ਵਿਚ ਜਾ ਵੜੇ, ਜਿਨ੍ਹਾਂ ਨੂੰ ਪੁਲਸ ਨੇ ਘੇਰਾਬੰਦੀ ਕਰ ਕੇ ਕਾਬੂ ਕਰ ਲਿਆ। ਸੀ. ਆਈ. ਏ. ਸਟਾਫ ਦੇ ਇੰਚਾਰਜ ਚੰਦਰ ਭੂਸ਼ਣ ਨੇ ਦੱਸਿਆ ਕਿ ਗੁਰਬੀਰ ਸਿੰਘ ਤੇ ਜਸਪਾਲ ਸਿੰਘ ਦੇ ਕਬਜ਼ੇ 'ਚੋਂ ਇਕ ਰਿਵਾਲਵਰ, ਇਕ 12 ਬੋਰ ਦੀ ਰਾਈਫਲ, ਕਰੀਬ 2 ਕਰੋੜ 90 ਲੱਖ ਮੁੱਲ ਦੀ 560 ਗ੍ਰਾਮ ਹੈਰੋਇਨ ਤੇ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਥਾਣਾ ਹਰੀਕੇ ਪੱਤਣ ਵਿਖੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News