ਪੰਜਾਬ ''ਚ ਖੂਨੀ-ਖੇਡਾਂ ਖੇਡਣ ਵਾਲੇ ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਨੇ ਮਾਰੀ ਵਿਦੇਸ਼ ਉਡਾਰੀ!  (ਤਸਵੀਰਾਂ)

07/09/2017 11:17:06 AM

ਜਲੰਧਰ/ਪਟਿਆਲਾ— ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਤੋੜ ਕੇ ਭੱਜਿਆ ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਨੇ ਵਿਦੇਸ਼ ਉਡਾਰੀ ਮਾਰ ਗਿਆ ਹੈ। ਇਸ ਦੀ ਜਾਣਕਾਰੀ 'ਸ਼ੇਰਾ ਖੁੱਬਣ ਗਰੁੱਪ' ਨਾਂ ਦੇ ਗੈਂਗ ਨੇ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਪੋਸਟ 'ਚ ਸ਼ੇਰਾ ਖੁੱਬਣ ਗੈਂਗ ਨੇ ਸਾਥੀਆਂ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਹੈਲੋ ਸਾਰੇ ਮੇਰੇ ਵੀਰ ਅਤੇ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਆਪਣਾ ਵੀਰ ਵਿੱਕੀ ਗੌਂਡਰ ਵਿਦੇਸ਼ ਚਲਾ ਗਿਆ ਹੈ। ਰੱਬ ਆਪਣੇ ਵੀਰ 'ਤੇ ਮੇਹਰ ਭਰਿਆ ਹੱਥ ਰੱਖੇ ਅਤੇ ਹਮੇਸ਼ਾ ਚੜ੍ਹਦੀ ਕਲਾਂ 'ਚ ਰੱਖੇ। ਲਵ ਯੂ ਆਲ, ਨਾਲੇ ਐਂਟੀਓ ਤੁਸੀਂ ਵੀ ਹੁਣ ਨੱਚ ਲਵੋ, ਤੁਹਾਡੇ ਤਾਂ ਸਾਹ ਹੀ ਸੁੱਕੇ ਪਏ ਸੀ।'' ਤੁਹਾਨੂੰ ਦੱਸ ਦਈਏ ਇਹ ਪੋਸਟ 7 ਜੁਲਾਈ ਨੂੰ ਸ਼ਾਮ 7 ਵੱਜ ਕੇ 16 ਮਿੰਟ ਉੱਤੇ ਵਿੱਕੀ ਗੌਂਡਰ ਨਾਮ ਦੇ ਪੇਜ਼ ਦੇ ਉੱਪਰ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿਚ ਸਪਸ਼ੱਟ ਲਿਖਿਆ ਗਿਆ ਹੈ ਕਿ ਵਿੱਕੀ ਗੌਂਡਰ ਦੇਸ਼ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਜਹਾਜ਼ ਦੀ ਫੋਟੋ ਵੀ ਅਪਲੋਡ ਕੀਤੀ ਗਈ ਹੈ ਪਰ ਇਸ ਪੋਸਟ ਦੀ ਸੱਚਾਈ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਅਜੇ ਇਸ ਦੇ ਬਾਰੇ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਵਿੱਕੀ ਗੌਂਡਰ 27ਨਵੰਬਰ 2016 ਨੂੰ ਪੰਜਾਬ ਦੀ ਹਾਈ ਸਕਿਊਰਿਟੀ ਵਾਲੀ ਨਾਭਾ ਜੇਲ ਤੋਂ ਕੁਝ ਅੱਤਵਾਦੀਆਂ ਦੇ ਨਾਲ ਫਰਾਰ ਹੋਇਆ ਸੀ ਅਤੇ ਉਸ ਨੂੰ ਜੇਲ ਤੋਂ ਫਰਾਰ ਕਰਵਾਉਣ ਵਿੱਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਖਰਲਾਂਵਾਲਾ ਨਿਵਾਸੀ ਗੈਂਗਸਟਰ ਗਿਆਨਾ ਖਰਲਾਂਵਾਲਾ ਨੇ ਉਦੋਂ ਮੁੱਖ ਭੂਮਿਕਾ ਨਿਭਾਈ ਸੀ, ਉਦੋਂ ਤੋਂ ਹੀ ਵਿੱਕੀ ਗੌਂਡਰ ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਦਿਨ ਰਾਤ ਇਕ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਦਹਿਸ਼ਤ ਦਾ ਦੂਜਾ ਨਾਂ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੇ 21 ਜਨਵਰੀ 2015 ਨੂੰ ਪੁਲਸ ਦੀ ਹਾਜ਼ਰੀ 'ਚ ਖਤਰਨਾਕ ਗੈਂਗਸਟਰ ਅਤੇ ਸ਼ਾਪ-ਸ਼ੂਟਰ ਸੁੱਖਾਂ ਕਾਹਲਵਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਵਿੱਕੀ ਨੂੰ 20  ਦਸੰਬਰ 2015 ਨੂੰ ਤਰਨਤਾਰਨ 'ਚੋਂ ਗ੍ਰਿਫਤਾਰ ਕੀਤਾ ਸੀ ਅਤੇ ਪਿਛਲੇ ਸਾਲ 27 ਨਵੰਬਰ ਨੂੰ ਵਿੱਕੀ ਗੌਂਡਰ ਨਾਭਾ ਜੇਲ 'ਚੋਂ ਫਰਾਰ ਹੋ ਗਿਆ ਸੀ। ਇਸ ਤੋਂ ਇਲਾਵਾ ਵਿੱਕੀ ਕਈ ਖੂਨੀ ਖੇਡਾਂ ਖੇਡ ਕੇ ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ।

ਗੁਰਦਾਸਪੁਰ ਦੇ ਬਾਹਰੀ ਖੇਤਰ ਵਿੱਚ ਇਸ ਸਾਲ 20 ਅਪ੍ਰੈਲ ਨੂੰ ਵਿੱਕੀ ਗੌਂਡਰ ਨੇ ਗੈਂਗਸਟਰ ਹਰਪ੍ਰੀਤ ਸਿੰਘ ਸੂਬੇਦਾਰ , ਸੁਖਚੈਨ ਸਿੰਘ ਜੱਟ ਅਤੇ ਸਾਹਿਬ ਸਿੰਘ ਹੈਪੀ ਗੈਂਗਸਟਰ ਸਮੇਤ ਤਿੰਨ ਹੋਰ ਲੋਕਾਂ ਨੂੰ ਗੋਲੀਬਾਰੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਗੈਂਗਵਾਰ ਸਬੰਧੀ ਬੇਸ਼ੱਕ ਜ਼ਿਲਾ ਪੁਲਸ ਗੁਰਦਾਸਪੁਰ ਗਿਆਨਾ ਖਰਲਾਂਵਾਲਾ ਨੂੰ ਤਾਂ ਬੀਤੇ ਦਿਨੀਂ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈ ਹੈ , ਜਦਕਿ ਹੋਰ ਚਾਰ ਮੁੱਖ ਦੋਸ਼ੀਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਪਾਇਆ ਗਿਆ ਹੈ। ਇਨ੍ਹਾਂ ਚਾਰਾਂ ਦੋਸ਼ੀਆਂ ਵਿੱਚ ਗੈਂਗਸਟਰ ਵਿੱਕੀ ਗੌਂਡਰ ਵੀ ਸ਼ਾਮਲ ਹੈ। ਜਦੋਂ ਜ਼ਿਲਾ ਪੁਲਸ ਗੁਰਦਾਸਪੁਰ ਨੇ ਗਿਆਨਾ ਖਰਲਾਂਵਾਲਾ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਬਾਅਦ ਤਿੰਨ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਅਤੇ ਪੁਲਸ ਨੂੰ ਆਸ ਹੋ ਗਈ ਸੀ ਕਿ ਹੁਣ ਵਿੱਕੀ ਗੌਂਡਰ ਤੱਕ ਪੁਲਸ ਜਲਦੀ ਪਹੁੰਚ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ। 
ਗਿਆਨਾ ਖਰਲਾਂਵਾਲਾ ਆਦਿ ਦਾ 18 ਦਿਨ ਦੇ ਪੁਲਸ ਰਿਮਾਂਡ ਵਿੱਚ ਵੀ ਪੁਲਸ ਗਿਆਨਾ ਖਰਲਾਂਵਾਲਾ ਤੋਂ ਵਿੱਕੀ ਗੌਂਡਰ ਸਬੰਧੀ ਕੁਝ ਵੀ ਉਗਲਵਾ ਨਹੀਂ ਪਾਈ ਸੀ, ਜਦਕਿ ਹੁਣ ਤਾਂ ਜਦ ਸੱਚ ਵਿੱਚ ਹੀ ਵਿੱਕੀ ਗੌਂਡਰ ਵਿਦੇਸ਼ ਭੱਜਣ ਵਿਚ ਸਫਲ ਹੋ ਚੁੱਕਾ ਹੈ ਤਾਂ ਇਹ ਪੁਲਸ ਦੇ ਲਈ ਪਰੇਸ਼ਾਨੀ ਹੋਵੇਗੀ ਅਤੇ ਵਿੱਕੀ ਗੌਂਡਰ ਦੇ ਵਾਪਸ ਭਾਰਤ ਆਉਣ ਦੀ ਸੰਭਾਵਨਾਵਾਂ ਬਹੁਤ ਘੱਟ ਹਨ, ਕਿਉਂਕਿ ਪੰਜਾਬ ਸਮੇਤ ਆਸਪਾਸ ਦੇ ਰਾਜਾਂ ਦੀ ਪੁਲਸ ਵੀ ਉਸ ਦੀ ਤਾਲਾਸ਼ ਕਰ ਰਹੀ ਹੈ। ਵਿੱਕੀ ਗੌਂਡਰ ਦੇ ਨਾਲ ਸੁੱਖਾ ਭਿਖਾਰੀਵਾਲ ਵੀ ਪੁਲਸ ਦੇ ਲਈ ਇਕ ਚੁਣੌਤੀ ਬਣਿਆ ਹੋਇਆ ਹੈ।


Related News