ਗੈਂਗਸਟਰ ਨੂੰ ਸ਼ਰਨ ਦੇਣ ਵਾਲਾ ਪੁਲਸ ਮੁਲਾਜ਼ਮ ਨੌਕਰੀ ਤੋਂ ਬਰਖਾਸਤ

08/12/2019 12:03:06 AM

ਅੰਮ੍ਰਿਤਸਰ (ਅਰੁਣ)-ਗੈਂਗਸਟਰ ਸ਼ੁਭਮ ਨੂੰ ਸ਼ਰਨ ਦੇਣ ਵਾਲੇ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਨੂੰ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਤੁਰੰਤ ਐਕਸ਼ਨ ਲੈਂਦਿਆਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਸ਼ੁਭਮ ਸਿੰਘ ਪੁੱਤਰ ਸਵ. ਬਲਜਿੰਦਰ ਸਿੰਘ ਵਾਸੀ ਫਰੈਂਡਜ਼ ਕਾਲੋਨੀ 'ਤੇ 28-5-18 ਨੂੰ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਕਈ ਅਪਰਾਧਾਂ ਤਹਿਤ ਮਾਮਲੇ ਦਰਜ ਕੀਤੇ ਗਏ, ਜਿਸ ਨੂੰ ਬਟਾਲਾ ਪੁਲਸ ਨੇ ਦਬੋਚਿਆ ਸੀ, ਜਿਸ ਪਾਸੋਂ ਕਈ ਹਥਿਆਰ ਵੀ ਬਰਾਮਦ ਹੋਏ ਸਨ।

ਗੈਂਗਸਟਰ ਸ਼ੁਭਮ ਨੂੰ ਅਦਾਲਤ 'ਚ ਪੇਸ਼ ਕਰ ਕੇ 7 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਸ ਵੱਲੋਂ ਬਾਰੀਕੀ ਨਾਲ ਕੀਤੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਪੰਜਾਬ ਪੁਲਸ ਦਾ ਇਕ ਸਿਪਾਹੀ ਨਰਵਿੰਦਰ ਸਿੰਘ ਵਾਸੀ ਭੋਏਵਾਲੀ ਜੋ ਕਿ ਅੰਮ੍ਰਿਤਸਰ ਦਿਹਾਤੀ ਚੌਕੀ ਗੱਗੋਮਾਹਲ ਥਾਣਾ ਰਮਦਾਸ ਵਿਖੇ ਤਾਇਨਾਤ ਸੀ, ਦੇ ਸਬੰਧ ਗੈਂਗਸਟਰ ਸ਼ੁਭਮ ਨਾਲ ਪਾਏ ਗਏ ਅਤੇ ਇਹ ਵੀ ਪਾਇਆ ਗਿਆ ਕਿ ਇਹ ਉਸ ਦੀ ਲੁਕਣ 'ਚ ਮਦਦ ਕਰਦਾ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਦਿਹਾਤੀ ਅੰਮ੍ਰਿਤਸਰ ਨੇ ਤੁਰੰਤ ਐਕਸ਼ਨ ਲੈਂਦਿਆਂ ਨਰਵਿੰਦਰ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰਦਿਆਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ 'ਚ ਲਿਆਂਦੀ।

ਕੀ ਕਹਿਣਾ ਹੈ ਐੱਸ. ਐੱਸ. ਪੀ. ਦਿਹਾਤੀ ਦਾ
ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਜ਼ਿਲੇ ਦੇ ਸਮੂਹ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਡਿਊਟੀ ਈਮਾਨਦਾਰੀ ਨਾਲ ਕਰਨ, ਜੇਕਰ ਕੋਈ ਮੁਲਾਜ਼ਮ ਕਿਸੇ ਦੇਸ਼ ਅਤੇ ਸਮਾਜ ਵਿਰੋਧੀ ਕੰਮਾਂ 'ਚ ਸ਼ਾਮਿਲ ਅਨਸਰਾਂ ਨਾਲ ਕੋਈ ਸਾਂਝ ਰੱਖਦਾ ਸਾਹਮਣੇ ਨਜ਼ਰ ਆਇਆ ਤਾਂ ਉਸ ਖਿਲਾਫ ਵੀ ਤੁਰੰਤ ਐਕਸ਼ਨ ਲੈਂਦਿਆਂ ਵਿਭਾਗੀ ਕਾਰਵਾਈ ਕਰਦਿਆਂ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ।


Karan Kumar

Content Editor

Related News