ਸ਼ੇਰਾ ਵਰਗੇ ਕਈ ਗੈਂਗਸਟਰਾਂ ''ਤੇ ਵਿਦੇਸ਼ ''ਚ ਬੈਠੇ ਅੱਤਵਾਦੀਆਂ ਦੀ ਨਜ਼ਰ

11/14/2017 10:04:34 AM

ਜਲੰਧਰ (ਰਵਿੰਦਰ ਸ਼ਰਮਾ)—ਹਿੰਦੂ ਆਗੂਆਂ ਦੀਆਂ ਹੱਤਿਆਵਾਂ 'ਚ ਗੈਂਗਸਟਰ-ਅੱਤਵਾਦੀ ਗੱਠਜੋੜ ਦਾ ਨੈੱਟਵਰਕ ਤਬਾਹ ਕਰਨ ਦੇ ਬਾਅਦ ਪੰਜਾਬ ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਵੀ ਮਿਲੀ ਹੈ ਕਿ ਸ਼ੇਰਾ ਵਰਗੇ ਕਈ ਨੌਜਵਾਨ ਗੈਂਗਸਟਰ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਦੀ ਰਾਡਾਰ 'ਤੇ ਹਨ। ਇਹ ਸੋਸ਼ਲ ਮੀਡੀਆ ਦੇ ਜ਼ਰੀਏ ਅਜਿਹੇ ਨੌਜਵਾਨਾਂ 'ਤੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੀ ਬੇਰੋਜ਼ਗਾਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਮੋਟੀ ਰਕਮ ਦੇਣ ਦਾ ਲਾਲਚ ਦੇ ਕੇ ਫਸਾ ਰਹੇ ਹਨ। ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਮੰਨਦੇ ਹਨ ਕਿ ਪੁਲਸ ਦੇ ਹੱਥ ਵੀ ਅਜਿਹੇ ਕਈ ਪੁਖਤਾ ਸਬੂਤ ਲੱਗੇ ਹਨ, ਜਿਸ ਨਾਲ ਵਿਦੇਸ਼ਾਂ 'ਚ ਬੈਠੇ ਅੱਤਵਾਦੀ ਦੁਬਾਰਾ ਤੋਂ ਸੂਬੇ 'ਚ ਮਾਹੌਲ ਨੂੰ ਅਸ਼ਾਂਤ ਕਰਨ ਲਈ ਅਜਿਹੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਰਹੇ ਹਨ। 
ਡੀ. ਜੀ. ਪੀ. ਦਾ ਕਹਿਣਾ ਹੈ ਕਿ ਜਲਦ ਹੀ ਪੁਲਸ ਅੱਤਵਾਦੀਆਂ ਦੇ ਇਸ ਨੈੱਟਵਰਕ ਨੂੰ ਤਬਾਹ ਕਰਨ 'ਚ ਵੀ ਕਾਮਯਾਬ ਹੋ ਜਾਵੇਗੀ। ਉਹ ਕਹਿੰਦੇ ਹਨ ਕਿ ਕੁੱਝ ਦਿਨ ਪਹਿਲਾਂ ਹੀ ਹੋਈਆਂ ਗ੍ਰਿਫਤਾਰੀਆਂ ਦੇ ਬਾਅਦ ਅੱਤਵਾਦੀ-ਗੈਂਗਸਟਰ ਗੱਠਜੋੜ ਦਾ ਲਗਭਗ ਲੱਕ ਟੁੱਟ ਚੁੱਕਾ ਹੈ ਅਤੇ ਪੰਜਾਬ ਪੁਲਸ ਦੀਆਂ ਖੁਫੀਆ ਏਜੰਸੀਆਂ ਚੰਗਾ ਕੰਮ ਕਰ ਰਹੀਆਂ ਹਨ। ਉਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਪੁਲਸ ਦਾ ਸਾਈਬਰ ਸੈੱਲ ਪਲ-ਪਲ ਦੀ ਨਜ਼ਰ ਰੱਖ ਰਿਹਾ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਪਿੱਛੇ ਆਈ. ਐੱਸ. ਆਈ. ਦਾ ਟਾਰਗੇਟ ਸੀ, ਪੰਜਾਬ 'ਚ ਮਾਹੌਲ ਅਸ਼ਾਂਤਪੂਰਨ ਬਣਾਉਣਾ ਅਤੇ ਹਿੰਦੂਆਂ ਦੇ ਦਿਲਾਂ 'ਚ ਖੌਫ ਪੈਦਾ ਕਰਨਾ। ਉਨ੍ਹਾਂ ਨੇ ਮੰਨਿਆ ਕਿ ਇਸ ਗੱਠਜੋੜ ਦੇ ਕੁਝ ਹੋਰ ਮਾਡਿਊਲਜ਼ ਅਜੇ ਵੀ ਸਰਗਰਮ ਹੋ ਸਕਦੇ ਹਨ ਤੇ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਕੇ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ। ਗ੍ਰਿਫਤਾਰ ਕਾਤਲਾਂ ਤੋਂ ਸ਼ੁਰੂਆਤੀ ਪੁੱਛਗਿੱਛ ਦੇ ਬਾਅਦ ਪੁਲਸ ਦੇ ਹੱਥ ਇਨ੍ਹਾਂ ਮਾਡਿਊਲਜ਼ ਬਾਰੇ ਵੀ ਕਾਫੀ ਪੁਖਤਾ ਸਬੂਤ ਹੱਥ ਲੱਗੇ ਹਨ। ਆਉਣ ਵਾਲੇ ਦਿਨਾਂ 'ਚ ਪੁਲਸ ਇਸ ਗੱਠਜੋੜ ਦੇ ਬਾਕੀ ਨੈੱਟਵਰਕ ਨੂੰ ਵੀ ਤਬਾਹ ਕਰ ਸਕਦੀ ਹੈ। 
ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਇਸ ਗੱਲ ਦਾ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਸੂਬੇ 'ਚ ਅੱਤਵਾਦੀ ਸੰਗਠਨ ਵਿਦੇਸ਼ਾਂ 'ਚ ਬੈਠ ਕੇ ਹੁਣ ਗੈਂਗਸਟਰਾਂ ਦਾ ਸਹਾਰਾ ਲੈ ਰਹੇ ਹਨ ਤੇ ਗੈਂਗਸਟਰਾਂ ਦੀ ਮਦਦ ਨਾਲ ਸੁਪਾਰੀ ਦੇ ਕੇ ਹੱਤਿਆਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਕਹਿੰਦੇ ਹਨ ਕਿ ਪੁਲਸ ਦੀ ਜਾਂਚ 'ਚ ਇਹ ਸ਼ੱਕ ਸਹੀ ਸਾਬਤ ਹੁੰਦਾ ਹੈ। ਇਹ ਸਾਰੇ ਮਾਮਲੇ ਟਾਰਗੇਟ ਕਿਲਿੰਗ ਦੇ ਸਨ। ਨਾਭਾ ਜੇਲ 'ਚ ਬੰਦ ਧਰਮਿੰਦਰ ਉਰਫ ਗੁਗਨੀ ਦਾ ਸਬੰਧ ਵੀ ਗਰਮਖਿਆਲੀਆਂ ਨਾਲ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਫਿਲਹਾਲ ਵਿਦੇਸ਼ਾਂ 'ਚ ਬੈਠੇ ਕੁੱਝ ਅੱਤਵਾਦੀ ਸੰਗਠਨ ਅਜੇ ਵੀ ਗੈਂਗਸਟਰਾਂ ਦੇ ਸੰਪਰਕ 'ਚ ਹਨ। ਅਜਿਹੇ ਕੁੱਝ ਖੁਲਾਸੇ ਪਹਿਲਾਂ ਵੀ ਹੋ ਚੁੱਕੇ ਹਨ। ਆਈ. ਐੱਸ. ਆਈ. ਦੇ ਜ਼ਰੀਏ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸੰਪਰਕ ਹੁਣ ਦੁਬਈ 'ਚ ਬੈਠੇ ਗੈਂਗਸਟਰਾਂ ਨਾਲ ਵੀ ਹੋ ਚੁੱਕਾ ਹੈ। ਇਨ੍ਹਾਂ ਗੈਂਗਸਟਰਾਂ ਨੂੰ ਅੱਤਵਾਦੀ ਸੰਗਠਨਾਂ ਨੇ ਕੁੱਝ ਹੋਰ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦਾ ਟਾਰਗੇਟ ਦਿੱਤਾ ਸੀ। ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ, ਜਿਸ 'ਚ ਹਿੰਦੂ ਆਗੂਆਂ ਦੇ ਨਾਂ ਇਨ੍ਹਾਂ ਦੀ ਲਿਸਟ 'ਚ ਹਨ, ਉਨ੍ਹਾਂ ਦੀ ਸੁਰੱਖਿਆ ਦਾ ਰਿਵੀਊ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਨੂੰ ਦੁਬਾਰਾ ਪੈਦਾ ਨਹੀਂ ਹੋਣ ਦਿੱਤਾ ਜਾਏਗਾ।


Related News