ਗੈਂਗਸਟਰ ਸ਼ੁਭਮ ਨੇ ਸ਼ਹਿਰ 'ਚ ਚਲਾਈਆਂ ਗੋਲੀਆਂ

05/18/2018 3:26:52 PM

ਅੰਮ੍ਰਿਤਸਰ (ਸੰਜੀਵ)- ਪਿਛਲੇ ਕਈ ਮਹੀਨਿਆਂ ਤੋਂ ਖਤਰਨਾਕ ਗੈਂਗਸਟਰ ਸ਼ੁਭਮ ਦੀ ਗ੍ਰਿਫਤਾਰੀ ਲਈ ਪੁਲਸ ਕਈ ਵਾਰ ਛਾਪੇਮਾਰੀ ਦਸਤੇ ਬਣਾ ਕੇ ਛੇਤੀ ਹੀ ਉਸ ਦੀ ਗ੍ਰਿਫਤਾਰੀ ਦਾ ਦਾਅਵਾ ਕਰਦੀ ਆ ਰਹੀ ਹੈ, ਜਦੋਂ ਕਿ ਦੂਜੇ ਪਾਸੇ ਬੁੱਧਵਾਰ ਦੀ ਬੀਤੀ ਰਾਤ ਗੈਂਗਸਟਰ ਸ਼ੁਭਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੋਪਾਲ ਨਗਰ ਖੇਤਰ 'ਚ ਜੰਮ ਕੇ ਗੋਲੀਬਾਰੀ ਕੀਤੀ ਤੇ ਫਰਾਰ ਹੋ ਗਿਆ। ਜਦੋਂ ਤੱਕ ਪੁਲਸ ਮੌਕੇ 'ਤੇ ਪਹੁੰਚਦੀ, ਉਹ ਉਥੋਂ ਨਿਕਲ ਚੁੱਕਾ ਸੀ। ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਕਿ ਸ਼ੁਭਮ ਦੀ ਪਛਾਣ ਕਰ ਕੇ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਪੁਲਸ ਨੂੰ ਚਕਮਾ ਦੇ ਗਿਆ।
ਗੈਂਗਸਟਰ ਸ਼ੁਭਮ ਦੇ ਪਿਤਾ ਬਲਵਿੰਦਰ ਕਾਲੂ ਦੀ ਹੱਤਿਆ 'ਚ ਸ਼ਾਮਲ 2 ਦੋਸ਼ੀ ਅਜੇ ਪੁਲਸ ਦੀ ਗ੍ਰਿਫਤਾਰੀ ਤੋਂ ਦੂਰ ਹਨ, ਜਿਨ੍ਹਾਂ ਦੀ ਸੂਚਨਾ ਸ਼ੁਭਮ ਨੂੰ ਮਿਲ ਚੁੱਕੀ ਸੀ ਅਤੇ ਉਹ ਉਨ੍ਹਾਂ ਦੀ ਹੱਤਿਆ ਕਰਨ ਲਈ ਆਪ ਹੀ ਆਪਣੇ ਸਾਥੀਆਂ ਨਾਲ ਗੋਪਾਲ ਨਗਰ ਖੇਤਰ ਵਿਚ ਗਿਆ ਤੇ ਉਸ ਨੇ ਉਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਾਲਾਂਕਿ ਰਾਤ ਇਸ ਗੋਲੀਕਾਂਡ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ, ਜਦੋਂ ਕਿ ਪੁਲਸ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ?
ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਗਈ ਸੀ ਅਤੇ ਸ਼ੁਭਮ ਵਿਰੁੱਧ ਕੇਸ ਦਰਜ ਕਰ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।


Related News