ਗੈਂਗਸਟਰਾਂ ਤੇ ਸਿਆਸੀ ਲੀਡਰਾਂ ਦੀ ਗੰਢ-ਤੁੱਪ ਨੇ ਛੇੜੀ ਨਵੀਂ ਚਰਚਾ

12/01/2019 12:57:37 PM

ਚੰਡੀਗੜ੍ਹ : ਬਟਾਲਾ ਦੇ ਪਿੰਡ ਢਿੱਲਵਾਂ 'ਚ ਹੋਏ ਅਕਾਲੀ ਆਗੂ ਤੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਚਰਚਾ ਛਿੜੀ ਹੈ ਗੈਂਗਸਟਰਾਂ ਅਤੇ ਸਿਆਸੀ ਆਗੂਆਂ ਵਿਚਾਲੇ ਮਿਲੀ ਭੁਗਤ ਦੀ। ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਹੈ ਕਿ ਜੇਲ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸਿੱਧੇ ਸੰਬੰਧ ਹਨ। ਮਜੀਠੀਆ ਨੇ ਸੁਖਜਿੰਦਰ ਰੰਧਾਵਾ ਤੇ ਜੱਗੂ ਭਗਵਾਨਪੁਰੀਆ ਦੇ ਸੰਬੰਧੀ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਬਿਕਰਮ ਮਜੀਠੀਆ ਨੂੰ ਹੀ 'ਗੈਂਗਸਟਰਾਂ ਦਾ ਅਸਲ ਪਿਤਾਮਾ' ਕਰਾਰ ਦਿੱਤਾ ਹੈ। ਇਹ ਮਾਮਲਾ ਇੰਨਾ ਜ਼ਿਆਦਾ ਭਖ ਗਿਆ ਹੈ ਕਿ ਮਜੀਠੀਆ ਨੇ ਪਿਛਲੇ ਇਕ ਹਫ਼ਤੇ 'ਚ ਹੀ ਪੰਜ ਪ੍ਰੈੱਸ ਕਾਨਫ਼ਰੰਸਾਂ ਕਰ ਲਈਆਂ ਹਨ, ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਦੇ ਹੋਰ ਵਿਧਾਇਕ ਰੰਧਾਵਾ ਦੇ ਹੱਕ ਵਿਚ ਨਿੱਤਰ ਆਏ ਹਨ। 

ਉਂਝ ਇਹ ਵੀ ਇਕ ਸੱਚਾਈ ਹੈ ਕਿ ਸਮੇਂ-ਸਮੇਂ 'ਤੇ ਗੈਂਗਸਟਰਾਂ ਅਤੇ ਸਿਆਸੀ ਆਗੂਆਂ ਦੀ ਨੇੜਤਾ ਜੱਗ ਜ਼ਾਹਰ ਹੁੰਦੀ ਰਹੀ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਪੰਜਾਬ ਪੁਲਸ ਦੇ ਅੰਕੜੇ ਵੀ ਇਸ ਤੱਥ ਦੇ ਗਵਾਹ ਹਨ। 1990ਵਿਆਂ ਦੇ ਅੱਧ 'ਚ ਜਦੋਂ ਸੂਬੇ 'ਚੋਂ ਦਹਿਸ਼ਤਗਰਦੀ ਦਾ ਅੰਤ ਹੋਇਆ, ਉਸ ਤੋਂ ਬਾਅਦ ਗੈਂਗਸਟਰਾਂ ਦੀ ਸਿਆਸੀ ਆਗੂਆਂ ਨਾਲ ਨੇੜਤਾ ਵਧਦੀ ਗਈ। ਪੰਜਾਬ ਦੇ ਕ੍ਰਾਈਮ ਵਿੰਗ ਕੋਲ ਮੌਜੂਦ ਅੰਕੜਿਆਂ ਮੁਤਾਬਕ ਸਿਆਸੀ ਆਗੂ ਅਕਸਰ ਰੋਹ–ਭਰਪੂਰ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਦੇ ਰਹੇ ਹਨ। ਇਸ ਲਈ ਅਜਿਹੇ ਨੌਜਵਾਨਾਂ ਦੀ ਜਾਣਬੁੱਝ ਕੇ ਪੁਸ਼ਤ–ਪਨਾਹੀ ਕੀਤੀ ਜਾਂਦੀ ਹੈ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵੀ ਕਈ ਵਾਰ ਗੈਂਗਸਟਰ ਖੁੱਲ੍ਹ ਕੇ ਲੀਡਰਾਂ ਦੇ ਹੱਕ ਵਿਚ ਸਾਹਮਣੇ ਆਉਂਦੇ ਅਕਸਰ ਵੇਖੇ ਜਾ ਸਕਦੇ ਹਨ।

PunjabKesari
ਗੈਂਗਸਟਰ ਪ੍ਰਭਜਿੰਦਰ ਡਿੰਪੀ
ਪੁਲਸ ਮੁਤਾਬਕ ਪ੍ਰਭਜਿੰਦਰ ਸਿੰਘ ਡਿੰਪੀ ਪੰਜਾਬ ਦਾ ਪਹਿਲਾ ਅਜਿਹਾ ਗੈਂਗਸਟਰ ਸੀ, ਜਿਸ ਦੀ ਪੁਸ਼ਤ–ਪਨਾਹੀ ਸਿਆਸੀ ਆਗੂਆਂ ਨੇ ਕੀਤੀ। ਉਹ ਅਪਰਾਧ ਜਗਤ 'ਚ 1985 'ਚ ਦਾਖ਼ਲ ਹੋਇਆ। ਉਸ ਦਾ ਨਾਂਅ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦੇ ਕਤਲ ਕੇਸ ਵਿਚ ਬੋਲਿਆ ਸੀ। ਸੂਤਰਾਂ ਮੁਤਾਬਕ ਡਿੰਪੀ ਇਕ ਵਿਦਿਆਰਥੀ ਆਗੂ ਸੀ ਅਤੇ ਉਸ ਦੇ ਕਈ ਗਰਮ-ਖਿਆਲੀਆਂ ਨਾਲ ਨੇੜਲੇ ਸਬੰਧ ਸਨ। ਡਿੰਪੀ ਦੀ ਸਾਲ 1989 'ਚ ਪੰਜਾਬ ਅੰਦਰ ਪੂਰੀ ਚੜ੍ਹਾਈ ਸੀ । 1992 ਦੌਰਾਨ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਗਠਨ ਹੁੰਦੇ ਹੀ ਡਿੰਪੀ ਸੂਬੇ ਤੋਂ ਬਾਹਰ ਚਲਾ ਗਿਆ ਅਤੇ ਉਸ ਨੇ ਉੱਤਰ ਪ੍ਰਦੇਸ਼ 'ਚ ਮੁਖ਼ਤਾਰ ਅੰਸਾਰੀ ਜਿਹੇ ਵੱਡੇ ਗੈਂਗਸਟਰਾਂ ਨਾਲ ਜਾ ਕੇ ਹੱਥ ਮਿਲਾ ਲਿਆ। ਬਾਅਦ 'ਚ ਉਹ ਚੰਡੀਗੜ੍ਹ ਆਇਆ ਤੇ 2006 'ਚ ਉਸ ਦਾ ਕਤਲ ਚੰਡੀਗੜ੍ਹ 'ਚ ਸੁਖਨਾ ਝੀਲ ਨੇੜੇ ਉਸ ਦੇ ਹੀ ਪੁਰਾਣੇ ਸਾਥੀ ਜਸਵਿੰਦਰ ਰੌਕੀ ਨੇ ਕਰ ਦਿੱਤਾ ਸੀ।

PunjabKesari

ਗੈਂਗਸਟਰ ਜਸਵਿੰਦਰ ਰੌਕੀ
ਜਸਵਿੰਦਰ ਰੌਕੀ ਨੇ ਪ੍ਰਭਜਿੰਦਰ ਡਿੰਪੀ ਦੀ ਰਹਿਨੁਮਾਈ ਹੇਠ ਹੀ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ। ਡਿੰਪੀ ਦਾ ਕਤਲ ਕਰਨ ਪਿੱਛੋਂ ਰੌਕੀ ਨੇ ਫਿਰੌਤੀ ਮੰਗਣ ਵਾਲੇ ਮਾਫ਼ੀਆ 'ਚ ਆਪਣਾ ਦਬਦਬਾ ਬਣਾਇਆ। ਪੁਲਸ ਦਾ ਦਾਅਵਾ ਹੈ ਕਿ ਉਸ ਨੂੰ ਪੰਜਾਬ ਦੇ ਮਾਲਵਾ ਇਲਾਕੇ ਦੇ ਕੁੱਝ ਪ੍ਰਮੁੱਖ ਸਿਆਸੀ ਲੀਡਰਾਂ ਦੀ ਹਮਾਇਤ ਹਾਸਲ ਸੀ। ਜਸਵਿੰਦਰ ਰੌਕੀ ਨੇ ਸਾਲ 2012 ਦੌਰਾਨ ਫ਼ਾਜ਼ਿਲਕਾ ਤੋਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਤੇ ਉਸ ਨੂੰ 30,000 ਵੋਟਾਂ ਮਿਲੀਆਂ ਸਨ। ਉਦੋਂ ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਕੁਮਾਰ ਜਿਆਣੀ ਨੇ ਸਿਰਫ਼ 1,600 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸਹਿਯੋਗੀ ਭਾਜਪਾ ਦੇ ਕਾਡਰ ਉਸ ਦੀ ਹਮਾਇਤ 'ਤੇ ਸਨ। ਸਾਲ 2013 ਦੌਰਾਨ ਉਹ ਉਦੋਂ ਦੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਇਕ ਤਸਵੀਰ ਵਿਚ ਵੀ ਵਿਖਾਈ ਦਿੱਤਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਸਮੇਂ ਉਹ ਪੰਜਾਬ ਕਾਂਗਰਸ ਦੇ ਦੋ ਚੋਟੀ ਦੇ ਲੀਡਰਾਂ ਨਾਲ ਨਵੀਂ ਦਿੱਲੀ ਸਥਿਤ ਸੰਸਦ ਭਵਨ 'ਚ ਇਕ ਵਫ਼ਦ ਨਾਲ ਮੌਜੂਦ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਨੇ ਅਕਾਲੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਖੁੱਲ੍ਹ ਕੇ ਹਮਾਇਤ ਕੀਤੀ। ਗੈਂਗਸਟਰ ਤੋਂ ਸਿਆਸੀ ਆਗੂ ਬਣੇ ਰੌਕੀ ਦਾ ਕਤਲ 2016 'ਚ ਸ਼ਿਮਲਾ–ਚੰਡੀਗੜ੍ਹ ਹਾਈਵੇਅ 'ਤੇ ਪਰਵਾਣੂ ਨੇੜੇ ਜੈਪਾਲ ਭੁੱਲਰ ਨੇ ਕਰ ਦਿੱਤਾ ਸੀ।ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਵਿੱਕੀ ਗੌਂਡਰ ਅਤੇ ਹੋਰਾਂ ਵਲੋਂ ਖੁਸ਼ੀ ਮਨਾਈ ਗਈ ਸੀ। 

ਪਿੱਛੋਂ ਰੌਕੀ ਦੀ ਭੈਣ ਰਾਜਦੀਪ ਕੌਰ ਸਿਆਸਤ 'ਚ ਆਈ। ਰਾਜਦੀਪ ਕੌਰ ਨੇ ਇਕ ਆਜ਼ਾਦ ਉਮੀਦਵਾਰ ਵਜੋਂ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। ਬਾਅਦ 'ਚ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਈ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਕਾਂਗਰਸ ਵਿਚ ਸ਼ਾਮਲ ਹੋ ਗਈ।

PunjabKesari

ਵਿਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ
ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨਾਲ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਣ ਵਾਲੇ ਵਿੱਕੀ ਗੌਂਡਰ (29) ਅਤੇ ਪ੍ਰੇਮ ਲਾਹੌਰੀਆ (31) ਦੋ ਮੋਸਟ–ਵਾਂਟੇਡ ਗੈਂਗਸਟਰ ਸਨ। ਇਨ੍ਹਾਂ ਦੋਵੇਂ ਗੈਂਗਸਟਰ 2018 ਦੌਰਾਨ ਰਾਜਸਥਾਨ 'ਚ ਪੰਜਾਬ ਪੁਲਸ ਨਾਲ ਇਕ ਮੁਕਾਬਲੇ ਦੌਰਾਨ ਮਾਰੇ ਗਏ ਸਨ। ਇਹ ਦੋਵੇਂ ਜਲੰਧਰ ਦੇ ਸਪੋਰਟਸ ਕਾਲਜ ਵਿਚ ਰਾਸ਼ਟਰੀ ਪੱਧਰ ਦੇ ਐਥਲੀਟ ਰਹਿ ਚੁੱਕੇ ਸਨ। ਉਸ ਮੁਕਾਬਲੇ ਦੇ ਕੁਝ ਦਿਨਾਂ ਬਾਅਦ ਇਨ੍ਹਾਂ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਸਨ ਕਿ ਇਹ ਦੋਵੇਂ ਹੀ ਕਿਸੇ ਵੇਲੇ ਜਲੰਧਰ ਦੇ ਸਾਬਕਾ ਕਾਂਗਰਸੀ ਮੰਤਰੀ ਲਈ ਕੰਮ ਕਰਦੇ ਰਹੇ ਸਨ ਅਤੇ ਉਨ੍ਹਾਂ ਨੇ ਕਿਸੇ ਅਜਿਹੇ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ ਦਾ ਪੈਸੇ ਦੇ ਲੈਣ–ਦੇਣ ਪਿੱਛੇ ਉਸ ਮੰਤਰੀ ਨਾਲ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀ। ਅਪਰਾਧ ਜਗਤ ਦਾ ਇਕ ਹੋਰ ਵੱਡਾ ਨਾਂ ਸੁੱਖਾ ਕਾਹਲਵਾਂ, ਜੋ 2014 ਦੌਰਾਨ ਗੈਂਗਸਟਰਾਂ ਵਲੋਂ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ, ਵੀ ਇਸੇ ਕਾਂਗਰਸੀ ਆਗੂ ਦੀ ਪੁਸ਼ਤ–ਪਨਾਹ ਹੇਠ ਅੱਗੇ ਵਧਿਆ ਸੀ। 

PunjabKesari

ਲੱਖਾ ਸਿਧਾਣਾ
ਲੱਖਾ ਸਿਧਾਣਾ ਹੁਣ ਸਮਾਜ–ਸੇਵਕ ਬਣ ਚੁੱਕਾ ਹੈ ਪਰ ਅਜੇ ਵੀ ਉਸ 'ਤੇ ਕੁਝ ਮਾਮਲੇ ਚੱਲ ਰਹੇ ਹਨ। ਉਹ ਰਾਮਪੁਰਾ ਫੂਲ ਹਲਕੇ ਵਿਚ ਇਕ ਸਾਬਕਾ ਅਕਾਲੀ ਮੰਤਰੀ ਦਾ ਸਮਰਥਕ ਰਹਿ ਚੁੱਕਾ ਹੈ। ਉਹ ਸ਼ਰੇਆਮ ਕਈ ਵਾਰ ਦਾਅਵਾ ਕਰ ਚੁੱਕਾ ਹੈ ਕਿ ਉਕਤ ਅਕਾਲੀ ਆਗੂ ਨੇ ਬਹੁਤ ਵਾਰ ਸਿਆਸਤ ਵਿਚ ਉਸ ਦੀ ਤਾਕਤ ਦੀ ਵਰਤੋਂ ਕੀਤੀ ਪਰ ਉਕਤ ਅਕਾਲੀ ਆਗੂ ਅਜਿਹੇ ਦੋਸ਼ਾਂ ਤੋਂ ਹਰ ਵਾਰ ਇਨਕਾਰ ਕਰਦਾ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਖਾ ਸਿਧਾਣਾ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਨੇੜੇ ਸਮਝਿਆ ਜਾਂਦਾ ਸੀ ਅਤੇ ਉਸ ਸਮੇਂ 'ਪੀਪਲਜ਼ ਪਾਰਟੀ ਆੱਫ਼ ਪੰਜਾਬ' ਦੀ ਟਿਕਟ 'ਤੇ ਰਾਮਪੁਰਾ ਫੂਲ ਹਲਕੇ ਤੋਂ ਲੱਖਾ ਸਿਧਾਣਾ ਨੇ ਚੋਣ ਲੀ ਲੜੀ ਸੀ ਪਰ ਉਹ ਹਾਰ ਗਿਆ ਸੀ।

PunjabKesari

ਰੁਪਿੰਦਰ ਗਾਂਧੀ
ਗੈਂਗਸਟਰ ਬਣਨ ਤੋਂ ਪਹਿਲਾਂ ਰੁਪਿੰਦਰ ਗਾਂਧੀ ਲੁਧਿਆਣਾ ਜ਼ਿਲੇ ਦੇ ਖੰਨਾ ਲਾਗਲੇ ਪਿੰਡ ਰਸੂਲੜਾ 'ਚ ਰਹਿੰਦਾ ਸੀ। ਉਹ 1990ਵਿਆਂ ਦੇ ਅੰਤ 'ਚ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦਾ ਆਗੂ ਬਣਿਆ ਤੇ ਉਦੋਂ ਹੀ ਉਹ ਕਾਂਗਰਸ ਦੇ ਕੇਂਦਰੀ ਮੰਤਰੀ ਰਹਿ ਚੁੱਕੇ ਇਕ ਵੱਡੇ ਆਗੂ ਸਮੇਤ ਬਹੁਤ ਸਾਰੇ ਸਿਆਸੀ ਆਗੂਆਂ ਦੇ ਸੰਪਰਕ ਵਿਚ ਆਇਆ। ਬਾਅਦ 'ਚ ਉਸ ਨੇ 'ਗਾਂਧੀ ਗਰੁੱਪ ਸਟੂਡੈਂਟ ਯੂਨੀਅਨ' ਵੀ ਬਣਾਈ ਸੀ, ਜੋ ਅਜੇ ਵੀ ਪੰਜਾਬ ਯੂਨੀਵਰਸਿਟੀ 'ਚ ਸਰਗਰਮ ਹੈ। ਉਸ ਵਿਰੁੱਧ ਕਤਲ ਤੇ ਹੋਰ ਅਪਰਾਧਾਂ ਦੇ ਅੱਠ ਤੋਂ ਵੀ ਵੱਧ ਮਾਮਲੇ ਦਰਜ ਸਨ। ਅਪਰਾਧ ਜਗਤ 'ਚ ਆਉਣ ਤੋਂ ਬਾਅਦ ਰੁਪਿੰਦਰ ਗਾਂਧੀ ਆਪਣੇ ਪਿੰਡ ਦਾ ਬਿਨਾ ਮੁਕਾਬਲਾ ਸਰਪੰਚ ਵੀ ਚੁਣਿਆ ਗਿਆ ਸੀ। ਗਾਂਧੀ ਦਾ ਕਤਲ 2003 'ਚ ਉਸ ਦੇ ਇਕ ਵਿਰੋਧੀ ਪਹਿਲਵਾਨ ਗੈਂਗ ਨੇ ਕਰ ਦਿੱਤਾ ਸੀ। 

PunjabKesari

ਗੁਰਮੀਤ ਸਿੰਘ ਕਾਲਾ ਧਨੌਲਾ
ਗੁਰਮੀਤ ਸਿੰਘ ਕਾਲਾ ਧਨੌਲਾ ਬਰਨਾਲ ਦੇ ਪਿੰਡ ਧਨੌਲਾ ਦਾ ਜੰਮਪਲ ਹੈ। ਉਸ ਨੇ ਵਪਾਰੀਆਂ ਤੋਂ 'ਹਫ਼ਤਾ–ਵਸੂਲੀ' ਦਾ ਰੁਝਾਨ ਸ਼ੁਰੂ ਕੀਤਾ ਸੀ। ਉਹ ਧਨੌਲਾ ਪਿੰਡ ਦਾ ਸਰਪੰਚ ਵੀ ਬਣਿਆ ਤੇ ਜਦੋਂ ਧਨੌਲਾ ਵਿਚ ਨਗਰ ਪੰਚਾਇਤ ਬਣੀ ਤਾਂ ਉਹ ਕੌਂਸਲਰ ਵੀ ਬਣਿਆ ਸੀ। ਸਾਲ 2009 'ਚ ਗ੍ਰਿਫ਼ਤਾਰੀ ਤੱਕ ਉਸ ਨੂੰ ਅਕਸਰ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ 'ਤੇ ਵੇਖਿਆ ਜਾਂਦਾ ਸੀ। ਉਹ ਜ਼ਿਆਦਾਤਰ ਇਸ ਇਲਾਕੇ ਦੇ ਹਾਈ–ਪ੍ਰੋਫ਼ਾਈਲ ਸਿਆਸੀ ਪਰਿਵਾਰ ਦੇ ਮੰਚਾਂ 'ਤੇ ਦਿਸਦਾ ਸੀ। ਬਾਅਦ 'ਚ ਉਸ ਨੇ ਆਪਣੀ ਹਮਾਇਤ ਕਾਂਗਰਸ ਨੂੰ ਦੇ ਦਿੱਤੀ ਸੀ।


Gurminder Singh

Content Editor

Related News