ਗੈਂਗਸਟਰ ਲਾਰੈਂਸ ਬਿਸ਼ਨੋਈ ਫਿਰ ਪੁਲਸ ਰਿਮਾਂਡ ’ਤੇ, ਅੰਮ੍ਰਿਤਸਰ ਪੁਲਸ ਨੂੰ ਮਿਲੀ ਕਸਟਡੀ
Monday, Oct 31, 2022 - 05:51 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਸ ਵੱਲੋਂ ਵੱਖੋ-ਵੱਖਰੇ ਮਾਮਲਿਆਂ ਵਿਚ ਉਸ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਇਸੇ ਤਹਿਤ ਅੱਜ ਇਕ ਵਾਰ ਫਿਰ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕਰਵਾਇਆ ਗਿਆ। ਜਾਣਕਾਰੀ ਮੁਤਾਬਕ 2021 ਦੇ ਵਿਚ ਘਰਿੰਡਾ ਪੁਲਸ ਵੱਲੋਂ ਨਿਤਿਨ ਨਾਹਰ ਅਤੇ ਬਿਕਰਮਜੀਤ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ 'ਤੇ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਸੀ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ। ਇਸ ਮਾਮਲੇ ਵਿਚ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਟਰਾਂਜ਼ਿਟ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ ਨੂੰ ਜਲੰਧਰ ਤੋਂ ਅੰਮ੍ਰਿਤਸਰ ਲਿਆਂਦਾ ਤੇ ਅਦਾਲਤ ਵਿਚ ਪੇਸ਼ ਕੀਤਾ। ਇਸ ਸਬੰਧੀ ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਸ ਅਧਿਕਾਰੀ ਜਸਵੰਤ ਕੌਰ ਮਾਹਲ ਨਾਲ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਿਨਾਂ ਕਿਸੇ ਗੱਲ ਦਾ ਜੁਆਬ ਦਿੱਤੇ ਕੋਰਟ ਕੰਪਲੈਕਸ 'ਚੋਂ ਬਾਹਰ ਚਲੇ ਗਏ। ਪੱਤਰਕਾਰਾਂ ਨੂੰ ਇਸ ਸਬੰਧੀ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਇਹ ਦੱਸਿਆ ਕਿ ਕਿੰਨੇ ਦਿਨ ਦਾ ਰਿਮਾਂਡ ਪੁਲਸ ਨੂੰ ਮਿਲਿਆ ਹੈ।