ਗੈਂਗਸਟਰ ਸੇਖੋਂ ਦੀ ਗ੍ਰਿਫਤਾਰੀ ਪਿੱਛੋਂ ਨਾਭਾ ਜੇਲ ਕਾਂਡ ਮਾਮਲੇ ''ਚ ਵੱਡਾ ਖੁਲਾਸਾ, ਹਾਂਗਕਾਂਗ ਕੁਨੈਕਸ਼ਨ ਆਇਆ ਸਾਹਮਣੇ

02/14/2017 11:55:10 AM

ਪਟਿਆਲਾ (ਬਲਜਿੰਦਰ) : ਨਾਭਾ ਜੇਲ ਬ੍ਰੇਕ ਦੇ ਮਾਸਟਰ ਮਾਈਂਡ ਗੁਰਪ੍ਰੀਤ ਸਿੰਘ ਸੇਖੋਂ ਤੇ ਉਸ ਦੇ ਤਿੰਨ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਸੋਮਵਾਰ ਨੂੰ ਡੀ. ਆਈ. ਜੀ. ਪਟਿਆਲਾ ਰੇਂਜ ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਗੈਂਗਸਟਰ ਹਾਂਗਕਾਂਗ ਵਿਚ ਬੈਠੇ ਰਮਨਪ੍ਰੀਤ ਰੋਮੀ ਦੇ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਸਨ। ਰੋਮੀ ਨੇ ਹੀ ਹੁਣ ਤੱਕ ਕਈ ਵਾਰਦਾਤਾਂ ਕਰਨ ਲਈ ਅਤੇ ਨਾਭਾ ਜੇਲ ਬ੍ਰੇਕ ਕਰਨ ਲਈ ਸਮੁੱਚੇ ਪੈਸੇ ਮੁਹੱਈਆ ਕਰਵਾਏ ਸਨ। ਇਸ ਲਈ ਪੁਲਸ ਨੇ ਹਾਂਗਕਾਂਗ ਵਿਚ ਬੈਠੇ ਰਮਨਪ੍ਰੀਤ ਰੋਮੀ ਨੂੰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਰੋਮੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ।
ਡੀ. ਆਈ. ਜੀ. ਚੌਧਰੀ ਨੇ ਦੱਸਿਆ ਕਿ ਪੰਜਾਬ ਵਿਚ ਗੈਂਗਸਟਰ ਦੇ ਇਸ ਵੱਡੇ ਗਿਰੋਹ ਨੂੰ ਰਮਨਪ੍ਰੀਤ ਰੋਮੀ ਹੀ ਹਾਂਗਕਾਂਗ ਤੋਂ ਆਪਰੇਟ ਕਰ ਰਿਹਾ ਹੈ, ਜੋ ਕਿ ਅਕਾਊਂਟ ਹੈਕ ਕਰਨ ਦਾ ਮਾਹਰ ਵੀ ਹੈ। ਉਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਮੁੱਚੇ ਗੈਂਗਸਟਰਾਂ ਨੂੰ ਪੈਸੇ ਵੀ ਮੁਹੱਈਆ ਕਰਵਾਉਂਦਾ ਹੈ। ਪਿਛਲੇ ਸਾਲ ਪਟਿਆਲਾ ਪੁਲਸ ਨੇ ਇਸ ਨੂੰ ਵਿਦੇਸ਼ੀ ਜਾਅਲੀ ਡੈਬਿਟ, ਕ੍ਰੇਡਿਟ ਕਾਰਡ ਅਤੇ ਹੋਰ ਜਾਅਲੀ ਕਾਗਜ਼ਾਤ ਤਿਆਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਵੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਫਰਾਰ ਗੈਂਗਸਟਰ ਪਹਿਲਾਂ ਹਾਂਗਕਾਂਗ ''ਚ ਆਪਣਾ ਮੈਸੇਜ ਛੱਡਦੇ ਸਨ। ਉਥੋਂ ਹੀ ਬਾਕੀ ਸਾਰਿਆਂ ਨੂੰ ਮੈਸੇਜ ਭੇਜਿਆ ਜਾਂਦਾ ਹੈ।
ਡੀ. ਆਈ. ਜੀ. ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਨਾਭਾ ਜੇਲ ਬ੍ਰੇਕ ਮਾਮਲੇ ਵਿਚ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਸ ਵਿਚ ਏ. ਡੀ. ਜੀ. ਪੀ. ਪ੍ਰਮੋਦ ਕੁਮਾਰ, ਆਈ. ਜੀ. ਪਟਿਆਲਾ ਜ਼ੋਨ ਬੀ. ਚੰਦਰਸ਼ੇਖਰ, ਡੀ. ਆਈ. ਜੀ. ਅਸ਼ੀਸ਼ ਚੌਧਰੀ, ਆਈ. ਜੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸ਼ਾਦ, ਐੈੱਸ. ਐੈੱਸ. ਪੀ. ਐੱਸ. ਭੂਪਥੀ, ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ ਅਤੇ ਐੱਸ. ਪੀ. ਡੀ. ਹਰਵਿੰਦਰ ਵਿਰਕ, ਇੰਸ. ਵਿਕਰਮਜੀਤ ਸਿੰਘ ਬਰਾੜ ਅਤੇ ਇੰਸ. ਸ਼ਮਿੰਦਰ ਸਿੰਘ ਦੀ ਟੀਮ ਵੱਲੋਂ ਲਗਾਤਾਰ ਤਫਤੀਸ਼ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਤੋਂ ਕੀਤੀ ਪੁੱਛਗਿੱਛ ''ਚ ਇਹ ਗੱਲ ਸਾਹਮਣੇ ਆਈ ਕਿ ਚੋਣਾਂ ਤੋਂ ਬਾਅਦ ਗੁਰਪ੍ਰੀਤ ਸੇਖੋਂ ਆਪਣੇ ਸਾਥੀਆਂ ਸਮੇਤ ਭਾਰੀ ਹਥਿਆਰਾਂ ਨਾਲ ਪੰਜਾਬ ਵਿਚ ਦਾਖਲ ਹੋਇਆ ਅਤੇ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤਬੰਦੀ ਬਣਾ ਰਿਹਾ ਹੈ। ਜਿਸ ''ਤੇ ਟੀਮ ਵੱਲੋਂ ਪਿਛਲੇ 3 ਦਿਨਾਂ ਤੋਂ ਮੋਗਾ ਵਿਚ ਉਨ੍ਹਾਂ ਦੇ ਲੁਕਣ ਦੇ ਟਿਕਾਣੇ ਪਤਾ ਕੀਤੇ ਜਾ ਰਹੇ ਸਨ। ਬੀਤੇ ਕਲ ਐੱਸ. ਆਈ. ਜੀ., ਕਾਊਂਟਰ ਇੰਟੈਲੀਜੈਂਸ, ਪਟਿਆਲਾ ਅਤੇ ਮੋਗਾ ਪੁਲਸ ਵਲੋਂ ਪਿੰਡ ਢੁੱਡੀਕੇ ਤੋਂ ਗੁਰਪ੍ਰੀਤ ਸੇਖੋਂ, ਮਨਪ੍ਰੀਤ ਸੇਖੋਂ, ਰਾਜਵਿੰਦਰ ਰਾਜੂ ਉਰਫ ਸੁਲਤਾਨ, ਕੁਲਵਿੰਦਰ ਸਿੰਘ ਉਰਫ ਟਿੰਬਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਮੁੱਦਕੀ ਦੇ ਪੈਟਰੋਲ ਪੰਪ ਮਾਲਕ ਸਨ ਗੁਰਪ੍ਰੀਤ ਸੇਖੋਂ ਦੇ ਨਿਸ਼ਾਨੇ ''ਤੇ
ਡੀ. ਆਈ. ਜੀ. ਨੇ ਦੱਸਿਆ ਕਿ ਮੁੱਦਕੀ ਦੇ ਪੈਟਰੋਲ ਪੰਪ ਦਾ ਮਾਲਕ ਗੁਰਪ੍ਰੀਤ ਸੇਖੋਂ ਦੇ ਨਿਸ਼ਾਨੇ ''ਤੇ ਸੀ। ਉਹ 5 ਫਰਵਰੀ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ ਪੰਜਾਬ ਆਇਆ ਅਤੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰਨ ਲੱਗਾ। ਚੋਣਾਂ ਦੌਰਾਨ ਭਾਰੀ ਪੁਲਸ ਫੋਰਸ ਕਾਰਨ ਗੁਰਪ੍ਰੀਤ ਸੇਖੋਂ ਪੰਜਾਬ ਨਹੀਂ ਸੀ ਆ ਸਕਿਆ। ਉਨ੍ਹਾਂ ਦੱਸਿਆ ਕਿ ਜੇਲ ''ਚੋਂ ਫਰਾਰ ਹੋਣ ਤੋਂ ਬਾਅਦ ਸੇਖੋਂ ਸਿੱਧਾ ਰਾਜਸਥਾਨ ਗਿਆ, ਜਿਥੋਂ ਉਸ ਨੇ ਥਾਰ ਜੀਪ ਖਰੀਦਣ ਦੀ ਕੋਸ਼ਿਸ਼ ਕੀਤੀ, ਇਸ ਤੋਂ ਬਾਅਦ ਉਹ ਇੰਦੌਰ ਚਲਾ ਗਿਆ। ਇੰਦੌਰ ਤੋਂ ਬਾਅਦ ਹੁਣ 5 ਫਰਵਰੀ ਨੂੰ ਪੰਜਾਬ ਆ ਗਿਆ ਸੀ।

ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ''ਤੇ ਵਿਦੇਸ਼ ਭੱਜਣ ਦੀ ਫਿਰਾਕ ''ਚ ਸੀ ਸੇਖੋਂ
ਡੀ. ਆਈ. ਜੀ. ਅਸ਼ੀਸ਼ ਚੌਧਰੀ ਨੇ ਦੱਸਿਆ ਕਿ ਗੁਰਪ੍ਰੀਤ ਸੇਖੋਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ''ਤੇ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਉਨ੍ਹਾਂ ਦੱਸਿਆ ਕਿ ਸੇਖੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਜ਼ੀ ਪਾਸਪੋਰਟ ਰਾਹੀਂ ਵਿਦੇਸ਼ ਭੱਜਣਾ ਚਾਹੁੰਦਾ ਸੀ, ਇਸ ਲਈ ਉਸ ਨੇ ਕਾਗਜ਼ ਤਿਆਰ ਵੀ ਕੀਤੇ ਹੋਏ ਸਨ ਜੋ ਕਿ ਜਾਂਚ ਦੌਰਾਨ ਬਰਾਮਦ ਵੀ ਕਰ ਲਏ ਗਏ ਹਨ।

ਕੀ ਕੁੱਝ ਹੋਇਆ ਬਰਾਮਦ
ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਤੋਂ ਪੁਲਸ ਨੇ ਭਾਰੀ ਮਾਤਰਾ ਵਿਚ ਅਸਲਾ, 15 ਜਾਅਲੀ ਆਈ. ਡੀਜ਼, ਲੁੱਟੀ ਹੋਈ ਵਰਨਾ ਕਾਰ ਜਿਨ੍ਹਾਂ ਵਿਚ ਗੁਰਪ੍ਰੀਤ ਸੇਖੋਂ ਤੋਂ 32 ਬੋਰ ਦਾ ਨਜਾਇਜ਼ ਪਿਸਟਲ ਤੇ 10 ਕਾਰਤੂਸ, ਮਨਪ੍ਰੀਤ ਸੇਖੋਂ ਤੋਂ 32 ਬੋਰ ਦਾ ਨਜਾਇਜ਼ ਪਿਸਟਲ ਤੇ 10 ਕਾਰਤੂਸ, ਕੁਲਵਿੰਦਰ ਸਿੰਘ ਟਿੰਬਰੀ ਤੋਂ 9 ਐਮ. ਐਮ. ਦਾ ਨਜਾਇਜ਼ ਪਿਸਟਲ ਤੇ 8 ਕਾਰਤੂਸ, ਰਾਜਵਿੰਦਰ ਸਿੰਘ ਉਰਫ ਸੁਲਤਾਨ ਤੋਂ 32 ਬੋਰ ਦਾ ਨਜਾਇਜ਼ ਪਿਸਟਲ ਤੇ 10 ਕਾਰਤੂਸ ਅਤੇ ਇਕ 12 ਬੋਰ ਦੋਨਾਲੀ ਗਨ 15 ਕਾਰਤੂਸ ਬਰਾਮਦ ਕੀਤੇ ਗਏ।

ਸੇਖੋਂ ਖਿਲਾਫ ਦਰਜ ਹਨ 30 ਮੁਕੱਦਮੇ
ਗੁਰਪ੍ਰੀਤ ਸੇਖੋਂ ਦੇ ਖਿਲਾਫ ਨਾਭਾ ਜੇਲ ਬ੍ਰੇਕ ਤੋਂ ਇਲਾਵਾ ਕਤਲ ਤੇ ਡਾਕਿਆਂ ਦੇ 30 ਮੁਕੱਦਮੇ ਦਰਜ ਹਨ ਜਦੋਂ ਕਿ ਮਨਪ੍ਰੀਤ ਸੇਖੋਂ ਦੇ ਖਿਲਾਫ 3 ਕੇਸ ਪਹਿਲਾਂ ਹੀ ਦਰਜ ਹਨ। ਇਸ ਤੋਂ ਇਲਾਵਾ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪਲਵਿੰਦਰ ਸਿੰਘ ਪਿੰਦਾ, ਗੁਰਪ੍ਰੀਤ ਸਿੰਘ ਉਰਫ ਨੀਟਾ ਦਿਓਲ, ਹਰਮਿੰਦਰ ਸਿੰਘ ਮਿੰਟੂ ਵਿਰੁੱਧ ਦਰਜਨਾਂ ਮੁਕੱਦਮੇ ਦਰਜ ਹਨ।


Gurminder Singh

Content Editor

Related News