ਸਾਬਕਾ ਸਰਪੰਚ ਨੂੰ ਆਇਆ ਗੈਂਗਸਟਰ ਲੰਡਾ ਦਾ ਫੋਨ, ਮੰਗੀ ਇਕ ਕਰੋੜ ਦੀ ਫਿਰੌਤੀ

Tuesday, Jan 24, 2023 - 09:16 PM (IST)

ਸਾਬਕਾ ਸਰਪੰਚ ਨੂੰ ਆਇਆ ਗੈਂਗਸਟਰ ਲੰਡਾ ਦਾ ਫੋਨ, ਮੰਗੀ ਇਕ ਕਰੋੜ ਦੀ ਫਿਰੌਤੀ

ਤਰਨਤਾਰਨ (ਰਮਨ) : ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਨਾਂ ’ਤੇ ਵਪਾਰੀਆਂ ਅਤੇ ਸਿਆਸੀ ਲੋਕਾਂ ਪਾਸੋਂ ਲੱਖਾਂ ਰੁਪਏ ਦੀਆਂ ਫਿਰੌਤੀਆਂ ਮੰਗਣ ਦਾ ਸਿਲਸਿਲਾ ਜਾਰੀ ਹੈ। ਇਸ ਦੀ ਇਕ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਸਾਬਕਾ ਸਰਪੰਚ ਪਿੰਡ ਬੁੱਘਾ ਪਾਸੋਂ ਲੰਡਾ ਵੱਲੋਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਬਾਬਤ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਲਖਬੀਰ ਸਿੰਘ ਲੰਡਾ ਖਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰੌਤੀ ਮੰਗਣ ਸਬੰਧੀ ਆਈ ਕਾਲ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਪਿੰਡ ਬੁੱਘਾ ਦੇ ਨਿਵਾਸੀ ਸਾਬਕਾ ਸਰਪੰਚ ਗੁਰਚਰਨ ਸਿੰਘ ਪੁੱਤਰ ਜਗੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 15 ਜਨਵਰੀ ਨੂੰ ਉਸ ਦੇ ਫੋਨ ’ਤੇ ਵਟਸਐਪ ਰਾਹੀਂ ਫੋਨ ਕਾਲ ਆਈ ਸੀ, ਜਿਸ ’ਚ ਬੋਲਣ ਵਾਲੇ ਨੇ ਆਪਣਾ ਨਾਂ ਲਖਬੀਰ ਸਿੰਘ ਉਰਫ ਲੰਡਾ ਦੱਸਦੇ ਹੋਏ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਗੁਰਚਰਨ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਵਾਰ ਮੁੜ ਫੋਨ ਕਾਲ 19 ਜਨਵਰੀ ਨੂੰ ਕੀਤੀ ਗਈ, ਜਿਸ ਵਿਚ ਮੰਗੀ ਗਈ ਇਕ ਕਰੋੜ ਰੁਪਏ ਦੀ ਰਾਸ਼ੀ ਨਾ ਦੇਣ ’ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਦੇ ਬਿਆਨਾਂ ’ਤੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਪੁੱਤਰ ਨਿਰੰਜਣ ਸਿੰਘ ਵਾਸੀ ਹਰੀਕੇ ਹਾਲ ਵਾਸੀ ਕੈਨੇਡਾ ਖਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।


author

Mandeep Singh

Content Editor

Related News