ਪਿੰਡ ਦੀ ਦੁਸ਼ਮਣੀ ਨੇ ਬਣਾਇਆ ਗੈਂਗਸਟਰ : ਦਿਲਪ੍ਰੀਤ ਬਾਬਾ

12/29/2018 9:22:34 PM

ਮੋਹਾਲੀ, (ਕੁਲਦੀਪ)-ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਕੋਲ ਪੁਲਸ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੇ ਅਖੀਰ ਮੀਡੀਆ ਦੇ ਸਾਹਮਣੇ ਆਪਣੀ ਜ਼ੁਬਾਨ ਖੋਲ ਹੀ ਦਿੱਤੀ । ਦਿਲਪ੍ਰੀਤ ਦਾ ਕਹਿਣਾ ਹੈ ਕਿ ਉਹ ਗੈਂਗਸਟਰ ਬਣਨਾ ਨਹੀਂ ਚਾਹੁੰਦਾ ਸੀ ਸਗੋਂ ਪਿੰਡ ਦੀ ਦੁਸ਼ਮਣੀ ਨੇ ਉਸ ਨੂੰ ਗੈਂਗਸਟਰ ਬਣਾ ਦਿੱਤਾ । ਹੁਣ ਉਹ ਸੁਧਰਨਾ ਚਾਹੁੰਦਾ ਹੈ ਅਤੇ ਗੈਂਗਸਟਰ ਤੋਂ ਆਪਣੀ ਜਿੰਦਗੀ ਨੂੰ ਬਦਲਣਾ ਚਾਹੁੰਦਾ ਹੈ ।
ਉਸ ਨੇ ਕਿਹਾ ਕਿ ਲੋਕ ਕਹਿੰਦੇ ਸਨ ਕਿ ਪੁਲਸ ਨੇ ਉਸ ਦੇ ਨਾਲ ਧੱਕੇਸ਼ਾਹੀ ਕੀਤੀ ਹੈ ਪਰ ਉਹ ਕਹਿੰਦਾ ਹੈ ਕਿ ਉਸ ਦੇ ਨਾਲ ਨਾ ਤਾਂ ਪੁਲਸ ਨੇ ਅਤੇ ਨਾ ਹੀ ਸਿਵਲ ਪ੍ਰਸ਼ਾਸਨ ਨੇ ਕੋਈ ਧੱਕੇਸ਼ਾਹੀ ਕੀਤੀ ਹੈ । ਉਸ ਨੂੰ ਪੁਲਸ ਨਾਲ ਕੋਈ ਸ਼ਿਕਾਇਤ ਨਹੀਂ ਹੈ । ਦਿਲਪ੍ਰੀਤ ਦਾ ਕਹਿਣਾ ਸੀ ਕਿ ਜੇਕਰ ਉਸ ਦੀ ਗੱਲ 'ਤੇ ਕਿਸੇ ਨੂੰ ਭਰੋਸਾ ਨਹੀਂ ਤਾਂ ਉਸ ਦਾ ਪਿਛੋਕੜ ਵੇਖ ਲਿਆ ਜਾਵੇ । ਕੁੱਲ ਮਿਲਾ ਕੇ ਉਸ ਨੇ ਕਿਹਾ ਕਿ ਉਹ ਹੁਣ ਸੁਧਰਨਾ ਚਾਹੁੰਦਾ ਹੈ ਅਤੇ ਸਾਧਾਰਨ ਜਿੰਦਗੀ ਜੀਣਾ ਚਾਹੁੰਦਾ ਹੈ ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਅਤੇ ਪੰਜਾਬੀ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਰਗੇ ਮਾਮਲਿਆਂ ਵਿਚ ਮੁਲਜ਼ਮ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੂੰ ਪੁਲਸ ਨੇ ਬੀਤੀ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਸਟੈਂਡ ਦੇ ਨਜ਼ਦੀਕ ਤੋਂ ਉਸ ਸਮੇਂ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਸੀ ਦਿਲਪ੍ਰੀਤ ਦੀ ਪੱਟ ਵਿਚ ਗੋਲੀ ਲੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ । ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਵਲੋਂ ਉਸ ਨੂੰ ਜੇਲ ਤੋਂ ਪ੍ਰੋਡੰਕਸ਼ਨ ਵਾਰੰਟ 'ਤੇ ਲਿਆ ਕੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 30 ਦਸੰਬਰ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ । ਹੁਣ ਉਹ ਪੁਲਸ ਰਿਮਾਂਡ 'ਤੇ ਚੱਲ ਰਿਹਾ ਹੈ।


Related News