ਗੈਂਗਸਟਰ ਬਿੰਦੂ ਦੀ ਧਮਕੀ ਤੋਂ ਬਾਅਦ ਨੌਜਵਾਨ ਨੇ ਫੌਜੀ ਦੀ ਮਦਦ ਨਾਲ ਯੂ. ਪੀ. ਤੋਂ ਮੰਗਵਾਏ ਪਿਸਟਲ, 3 ਗ੍ਰਿਫਤਾਰ

08/28/2018 6:41:54 AM

ਜਲੰਧਰ,   (ਵਰੁਣ)—  ਗੈਂਗਸਟਰ ਬਿੰਦੂ ਦੀ ਧਮਕੀ ਤੋਂ ਬਾਅਦ ਇਕ ਫੌਜੀ ਤੇ ਉਸਦੇ ਭਰਾ ਦੀ  ਮਦਦ ਨਾਲ  ਯੂ. ਪੀ. ਤੋਂ ਹਥਿਆਰ ਮੰਗਵਾਉਣ ਵਾਲੇ ਲਾਂਬੜਾ ਦੇ ਅਲੀ ਚੱਕ ਵਾਸੀ ਨੌਜਵਾਨ  ਸਣੇ ਫੌਜੀ ਦੇ ਸਕੇ ਭਰਾ ਅਤੇ ਉਸਦੇ ਸਾਥੀ ਨੂੰ ਸੀ. ਆਈ. ਏ. ਸਟਾਫ ਦੀ ਪੁਲਸ ਨੇ  ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਸ ਕੇਸ ਵਿਚ ਫੌਜੀ ਨੂੰ ਨਾਮਜ਼ਦ ਕਰ ਉਸਨੂੰ ਨਜ਼ਰਬੰਦ ਕਰ  ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਫੌਜੀ ਤੇ ਉਸਦਾ ਭਰਾ ਨਾਜਾਇਜ਼ ਹਥਿਆਰ ਸਪਲਾਈ ਕਰਨ ਦਾ  ਨੈੱਟਵਰਕ ਚਲਾ ਰਹੇ ਹਨ। 
ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਅਤੇ ਡੀ. ਸੀ.ਪੀ. ਗੁਰਮੀਤ  ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਦੇ ਇੰਚਾਰਜ ਅਜੇ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਲੀ  ਚੱਕ ਵਾਸੀ ਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਕੋਲ ਨਾਜਾਇਜ਼ ਹਥਿਆਰ ਹਨ ਜੋ ਯੂ.ਪੀ.  ਤੋਂ ਲਿਆਇਆ ਹੈ। ਪੁਲਸ ਨੇ ਟਰੈਪ ਲਾ ਕੇ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ  ਕੋਲੋਂ 2 ਦੇਸੀ ਪਿਸਟਲ ਸਣੇ 3 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਸ ਨੇ ਮਨਿੰਦਰ ਕੋਲੋਂ  ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਪਿਤਾ ਕੁਲਵਿੰਦਰ ਸਿੰਘ  ਨੂੰ ਲੋਕਾਂ ਨੇ  ਆਪਣੀ ਮਰਜ਼ੀ ਨਾਲ ਪਿੰਡ  ਦਾ ਸਰਪੰਚ ਬਣਾਉਣਾ ਸੀ ਪਰ ਜ਼ਮਾਨਤ ’ਤੇ ਚੱਲ  ਰਹੇ ਅਲੀ ਚੱਕ ਦੇ ਗੈਂਗਸਟਰ ਬਿੰਦੂ ਨੇ ਉਸਨੂੰ ਧਮਕੀ  ਦਿੱਤੀ ਸੀ ਕਿ ਜੇਕਰ ਉਸਨੇ ਆਪਣੇ  ਪਿਤਾ ਨੂੰ ਸਰਪੰਚ ਬਣਾਇਆ ਤਾਂ ਚੰਗਾ ਨਹੀਂ ਹੋਵੇਗਾ। ਮਨਿੰਦਰ ਨੇ ਕਿਹਾ ਕਿ ਉਹ ਧਮਕੀ ਤੋਂ  ਨਹੀਂ ਡਰਿਆ  ਪਰ ਉਹ ਮਨਿੰਦਰ ਦਾ ਮੁਕਾਬਲਾ ਕਰਨਾ ਚਾਹੁੰਦਾ ਸੀ। ਉਸਨੇ ਹਥਿਆਰਾਂ ਲਈ  ਆਪਣੇ ਜਾਣ ਪਛਾਣ ਵਾਲੇ ਜਗਪ੍ਰੀਤ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਸ਼ਹੂਰ ਕਲਾਂ ਗੁਰਦਾਸਪੁਰ  ਨਾਲ ਗੱਲ ਕੀਤੀ ਤਾਂ ਜਗਪ੍ਰੀਤ ਨੇ ਆਪਣੇ ਦੋਸਤ ਬਲਜਿੰਦਰ ਕੁਮਾਰ ਪੁੱਤਰ ਲਕਸ਼ਮਣ ਦਾਸ  ਵਾਸੀ ਸਿੰਬਲੀ ਗੜ੍ਹਸ਼ੰਕਰ ਨਾਲ ਮਿਲਵਾਇਆ। ਪੁਲਸ ਦਾ ਕਹਿਣਾ ਹੈ ਕਿ ਬਲਜਿੰਦਰ ਆਪਣੇ ਫੌਜੀ  ਭਰਾ ਬਿਕਰਮਜੀਤ ਉਰਫ ਵਿੱਕੀ ਨਾਲ ਮਿਲ  ਕੇ ਨਾਜਾਇਜ਼ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ  ਹੈ। ਹਥਿਆਰਾਂ ਦੀ ਖੇਪ ਵਿੱਕੀ ਯੂ. ਪੀ. ਤੋਂ ਮੰਗਵਾਉਂਦਾ ਹੈ, ਜਦੋਂਕਿ ਬਲਜਿੰਦਰ ਦਾ ਕੰਮ  ਪੈਸੇ ਲੈਣ ਅਤੇ ਹਥਿਆਰਾਂ ਦੀ ਸਪਲਾਈ ਗਾਹਕ ਤੱਕ ਪਹੁੰਚਾਉਣ ਦਾ ਸੀ। ਪੁਲਸ ਨੇ ਇਸ ਕੇਸ  ਵਿਚ ਵਿੱਕੀ ਨੂੰ ਵੀ ਨਾਮਜ਼ਦ ਕਰ ਲਿਆ। ਵਿੱਕੀ ਪਠਾਨਕੋਟ ਵਿਚ ਤਾਇਨਾਤ ਹੈ। ਪੁਲਸ ਨੇ ਫੌਜ  ਨਾਲ ਸੰਪਰਕ ਕਰ ਕੇ ਵਿੱਕੀ ਨੂੰ ਨਜ਼ਰਬੰਦ ਕਰ ਲਿਆ ਹੈ। ਤਿੰਨਾਂ ਮੁਲਜ਼ਮਾਂ ਨੂੰ ਕੋਰਟ ਵਿਚ  ਪੇਸ਼ ਕਰ ਕੇ ਦੋ ਦਿਨਾ ਦਾ ਰਿਮਾਂਡ ਹਾਸਲ ਕੀਤਾ ਹੈ। 

ਫੌਜੀ ਦੇ ਖਿਲਾਫ ਪਹਿਲਾਂ ਵੀ ਦਰਜ ਸੀ ਐੱਫ. ਆਈ. ਆਰ. ਫਿਰ ਵੀ ਕਰ ਰਿਹਾ ਨੌਕਰੀ
ਸੀ.  ਪੀ. ਪ੍ਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਫੌਜੀ ਬਿਕਰਮਜੀਤ ਸਿੰਘ ਉਰਫ ਵਿੱਕੀ ਦੇ  ਖਿਲਾਫ ਪਹਿਲਾਂ ਵੀ  ਬਲਾਚੌਰ ਥਾਣੇ ਵਿਚ ਆਰਮ ਐਕਟ ਦੇ ਅਧੀਨ ਕੇਸ ਦਰਜ ਹੈ। ਕੇਸ ਦਰਜ ਹੋਣ  ਦੇ ਬਾਵਜੂਦ  ਉਹ ਫੌਜ ਵਿਚ ਨੌਕਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਕਲੀਅਰ  ਨਹੀਂ ਹੋ ਸਕਿਆ ਕਿ ਫੌਜੀ ਨੂੰ ਅਰੈਸਟ ਕੀਤਾ ਗਿਆ ਹੈ ਜਾਂ ਨਹੀਂ ਪਰ ਆਰਮੀ ਨੂੰ ਇਸ ਬਾਰੇ  ਦੱਸ ਦਿੱਤਾ ਗਿਆ ਹੈ। ਉਸਨੂੰ ਪਠਾਨਕੋਟ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਕੁਝ  ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਪੁਲਸ ਉਸਨੂੰ ਗ੍ਰਿਫਤਾਰ ਕਰ ਲਵੇਗੀ।
 


Related News