ਗੈਂਗਸਟਰ ਅਸ਼ੀਸ਼ ਚੋਪੜਾ ਯਮੁਨਾਨਗਰ ਤੋਂ ਗ੍ਰਿਫਤਾਰ, ਫਿਰੋਜ਼ਪੁਰ ਦੇ ਨੌਜਵਾਨ ਦਾ ਕੀਤਾ ਸੀ ਕਤਲ
Saturday, Sep 05, 2020 - 02:26 AM (IST)
ਫਿਰੋਜ਼ਪੁਰ, (ਮਲਹੋਤਰਾ) : ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਟੀਮ ਨੇ ਖਰੜ 'ਚ ਫਿਰੋਜ਼ਪੁਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਅਸ਼ੀਸ਼ ਚੋਪੜਾ ਨੂੰ ਯਮੁਨਾਨਗਰ (ਹਰਿਆਣਾ) ਤੋਂ ਗ੍ਰਿਫਤਾਰ ਕਰ ਉਸ ਕੋਲੋਂ ਪਿਸਤੌਲ, ਕਾਰਤੂਸ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸੂਤਰਾਂ ਮੁਤਾਬਕ ਗੈਂਗਸਟਰ ਅਸ਼ੀਸ਼ ਦੀ ਭਾਲ ਲਈ ਪੁਲਸ ਪਿਛਲੇ 10 ਮਹੀਨਿਆਂ ਤੋਂ ਵੱਖ-ਵੱਖ ਸਥਾਨਾਂ 'ਤੇ ਛਾਪੇ ਮਾਰ ਰਹੀ ਸੀ। ਗੁਪਤ ਸੂਚਨਾ ਮਿਲੀ ਕਿ ਅਸ਼ੀਸ਼ ਇਨ੍ਹੀਂ ਦਿਨੀਂ ਯਮੁਨਾਨਗਰ 'ਚ ਆਪਣੀ ਭੂਆ ਦੇ ਘਰ 'ਚ ਰਹਿ ਰਿਹਾ ਹੈ ਅਤੇ ਰੋਜ਼ਾਨਾ ਉਥੇ ਜਿੰਮ 'ਚ ਜਾਂਦਾ ਹੈ। ਉਥੇ ਛਾਪਾ ਮਾਰ ਕੇ ਅਸ਼ੀਸ਼ ਨੂੰ ਗ੍ਰਿਫਤਾਰ ਕਰ ਉਸ ਦੀ ਗੱਡੀ 'ਚੋਂ 32 ਬੋਰ ਦਾ ਇਕ ਪਿਸਤੌਲ ਬਰਾਮਦ ਕੀਤਾ ਗਿਆ, ਜਦਕਿ ਉਸ ਦੀ ਨਿਸ਼ਾਨਦੇਹੀ 'ਤੇ ਫਿਰੋਜ਼ਪੁਰ ਸਥਿਤ ਉਸ ਦੇ ਘਰ 'ਚੋਂ ਇਕ ਹੋਰ ਪਿਸਤੌਲ 32 ਬੋਰ, 24 ਕਾਰਤੂਸ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੇ ਗਏ ਹਨ।
ਕੀ ਹੈ ਮਾਮਲਾ
7 ਨਵੰਬਰ 2019 ਨੂੰ ਇੰਦਰਜੀਤ ਸਿੰਘ ਨਿਵਾਸੀ ਫਿਰੋਜ਼ਪੁਰ ਦਾ ਖਰੜ ਦੀ ਦਰਪਣ ਸਿਟੀ ਮਾਰਕਿਟ 'ਚ ਕੁੱਝ ਹਥਿਆਰਬੰਦ ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਇੰਦਰਜੀਤ ਨੂੰ ਸ਼ਾਪਿੰਗ ਕਰਨ ਦੇ ਬਹਾਨੇ ਚੰਡੀਗੜ੍ਹ ਬੁਲਾਉਣ ਵਾਲੇ ਉਸ ਦੇ ਦੋਸਤਾਂ ਰੋਹਿਤ ਅਤੇ ਅਜੇ ਤੋਂ ਪੁੱਛਗਿੱਛ ਕੀਤੀ ਤਾਂ ਮਾਮਲਾ ਪੁਰਾਣੀ ਰੰਜਿਸ਼ ਦਾ ਨਿਕਲਿਆ। ਇਸ ਮਾਮਲੇ 'ਚ ਮ੍ਰਿਤਕ ਇੰਦਰਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਵਲੋਂ ਅਸ਼ੀਸ਼ ਚੋਪੜਾ, ਹੈਪੀ ਭੁੱਲਰ, ਹੈਪੀ ਮੱਲ, ਅਮਰਜੀਤ ਸਿੰਘ, ਮਨੀ, ਰੋਹਿਤ ਅਤੇ ਅਜੇ ਖਿਲਾਫ ਉਸ ਦੇ ਪੁੱਤਰ ਨੂੰ ਯੋਜਨਾਬੱਧ ਢੰਗ ਨਾਲ ਚੰਡੀਗੜ੍ਹ ਬੁਲਾ ਕੇ ਉਸ ਦਾ ਕਤਲ ਕਰਨ ਦੇ ਦੋਸ਼ ਲਗਾਏ ਗਏ ਸਨ। ਪੁਲਸ ਸੂਤਰਾਂ ਮੁਤਾਬਕ ਇਸ ਕਤਲਕਾਂਡ ਦੇ 6 ਦੋਸ਼ੀਆਂ ਨੂੰ ਪੁਲਸ ਪਹਿਲਾਂ ਗ੍ਰਿਫਤਾਰ ਕਰ ਚੁਕੀ ਹੈ ਅਤੇ ਉਨ੍ਹਾਂ ਵਲੋਂ ਕਤਲ ਦੌਰਾਨ ਇਸਤੇਮਾਲ ਕੀਤੇ ਗਏ ਹਥਿਆਰ ਆਦਿ ਬਰਾਮਦ ਕੀਤੇ ਗਏ ਸਨ, ਜਦਕਿ ਅਸ਼ੀਸ਼ ਚੋਪੜਾ ਅਜੇ ਤਕ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਸੀ।
ਕਈ ਮਾਮਲੇ ਦਰਜ
ਅਸ਼ੀਸ਼ ਚੋਪੜਾ 'ਤੇ ਥਾਣਾ ਸਿਟੀ ਫਿਰੋਜ਼ਪੁਰ 'ਚ ਲੜਾਈ ਝਗੜੇ ਅਤੇ ਘਰ 'ਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ 3 ਮਾਮਲੇ ਦਰਜ ਹਨ। ਨਵੰਬਰ 2019 'ਚ ਖਰੜ 'ਚ ਕਤਲ ਦਾ ਮਾਮਲਾ ਦਰਜ ਹੋਇਆ। ਅਗਸਤ 2020 'ਚ ਥਾਣਾ ਐਸ. ਐਸ. ਓ. ਸੀ. ਫਾਜ਼ਿਲਕਾ 'ਚ ਪਰਚਾ ਦਰਜ ਹੋਇਆ। ਇਸ ਮਾਮਲੇ 'ਚ ਪੁਲਸ ਨੇ ਇਸ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਇਹ ਫਰਾਰ ਹੋ ਗਿਆ ਸੀ।