ਲਵਲੀ ਬਾਬਾ ਦੇ ਕਤਲ ਸਮੇਤ 7 ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੈਂਗਸਟਰ ਗ੍ਰਿਫਤਾਰ
Wednesday, Mar 21, 2018 - 04:25 AM (IST)

ਕਪੂਰਥਲਾ, (ਭੂਸ਼ਣ, ਜ.ਬ.)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਨਾਲ ਮਿਲ ਕੇ ਲਵਲੀ ਬਾਬਾ ਦੇ ਕਤਲ ਸਮੇਤ 7 ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗੇਂਗਸਟਰ ਨੂੰ ਗ੍ਰਿਫਤਾਰ ਕਰ ਕੇ ਇਕ 38 ਬੋਰ ਦਾ ਰਿਵਾਲਵਰ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫਤਾਰ ਗੈਂਗਸਟਰ ਕੁਝ ਸਾਲ ਪਹਿਲਾਂ ਇੰਗਲੈਂਡ ਤੋਂ ਆਇਆ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਅਤੇ ਡੀ. ਐੱਸ. ਪੀ. ਸੋਹਨ ਲਾਲ ਦੀ ਨਿਗਰਾਨੀ ਵਿਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਖਾਸ ਸਾਥੀ ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕਪੂਰ ਥਾਣਾ ਪਤਾਰਾ ਜ਼ਿਲਾ ਜਲੰਧਰ ਨੂੰ ਗ੍ਰਿਫਤਾਰ ਕਰ ਕੇ ਮੁਲਜ਼ਮ ਗੈਂਗਸਟਰ ਦੀ ਨਿਸ਼ਾਨਦੇਹੀ 'ਤੇ ਇਕ 38 ਬੋਰ ਦਾ ਰਿਵਾਲਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਸੰਦੀਪ ਸਿੰਘ ਉਰਫ ਸੋਨੂੰ ਇੰਗਲੈਂਡ ਦਾ ਨਾਗਰਿਕ ਹੈ ਅਤੇ ਉਸ ਦਾ ਪਰਿਵਾਰ ਇੰਗਲੈਂਡ ਵਿਚ ਰਹਿੰਦਾ ਹੈ। ਬੁਰੀ ਸੰਗਤ ਵਿਚ ਫਸ ਕੇ ਵਾਪਸ ਭਾਰਤ ਆਇਆ ਸੀ ਅਤੇ ਉਸ ਦਾ ਸੰਪਰਕ ਸੁੱਖਾ ਕਾਹਲਵਾਂ ਨਾਲ ਹੋ ਗਿਆ, ਜਿਸ ਦੇ ਕਹਿਣ 'ਤੇ ਉਸ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਸਾਲ 2005 ਵਿਚ ਉਸ 'ਤੇ ਜਲੰਧਰ ਦੇ ਨਜ਼ਦੀਕ ਲੜਾਈ ਕਰਨ ਦੇ ਇਲਜ਼ਾਮ 'ਚ ਥਾਣਾ ਸਦਰ ਜਲੰਧਰ ਵਿਚ ਮਾਮਲਾ ਦਰਜ ਹੋਇਆ ਸੀ, ਜਿਸ ਦੌਰਾਨ ਸਾਲ 2008 ਵਿਚ ਉਸ ਕੋਲੋਂ ਇਕ 32 ਬੋਰ ਦਾ ਰਿਵਾਲਰ ਬਰਾਮਦ ਹੋਇਆ ਸੀ, ਜਿਸ ਨੂੰ ਲੈ ਕੇ ਉਸ ਦੇ ਖਿਲਾਫ ਥਾਣਾ ਆਦਮਪੁਰ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਸਾਲ 2007 ਵਿਚ ਥਾਣਾ ਗੜਦੀਵਾਲਾ ਵਿਚ ਧਾਰਾ 307, 353, 186 ਅਤੇ 25/54/59 ਆਮਰਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਉਹ ਭਗੌੜਾ ਹੋ ਗਿਆ ਸੀ। ਸਾਲ 2010 ਵਿਚ ਹੀ ਉਕਤ ਗੈਂਗਸਟਰ ਨੇ ਸੁੱਖਾ ਕਾਹਲਵਾਂ ਦੇ ਨਾਲ ਮਿਲ ਕੇ ਪਿੰਡ ਲਿੱਧੜਾਂ ਵਿਚ ਲਵਲੀ ਬਾਬਾ ਦਾ ਇਕ ਜਿਮ ਵਿਚ ਕਤਲ ਕਰ ਦਿੱਤਾ ਸੀ। ਕਤਲ ਦੇ ਇਸ ਮਾਮਲੇ ਵਿਚ ਗੈਂਗਸਟਰ ਸੰਦੀਪ ਸਿੰਘ ਉਰਫ ਸੋਨੂੰ ਸਾਢੇ 4 ਸਾਲ ਤੱਕ ਜੇਲ ਵਿਚ ਰਿਹਾ ਸੀ। ਉਥੇ ਹੀ ਉਕਤ ਗੈਂਗਸਟਰ ਨੂੰ ਸੁੱਖਾ ਕਾਹਲਵਾਂ ਨੇ ਭਾਜਪਾ ਨੇਤਾ ਸੁਦਰਸ਼ਨ ਢਿੱਲੋਂ ਦਾ ਕਤਲ ਕਰਨ ਲਈ ਵੀ ਕਿਹਾ ਸੀ ਪਰ ਉਸ ਨੇ ਕਤਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਸਾਲ 2011 ਵਿਚ ਸੰਦੀਪ ਸਿੰਘ ਉਰਫ ਸੋਨੂੰ ਦੇ ਕੋਲੋਂ ਇਕ ਨਾਜਾਇਜ਼ ਪਿਸਤੌਲ ਤੇ 5 ਗੋਲੀਆਂ ਬਰਾਮਦ ਹੋਈਆਂ ਸਨ, ਜਿਸ ਨੂੰ ਲੈ ਕੇ ਥਾਣਾ ਨਕੋਦਰ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਸਾਲ 2017 'ਚ ਮੁਲਜ਼ਮ ਦੇ ਖਿਲਾਫ ਥਾਣਾ ਪਤਾਰਾ ਜ਼ਿਲਾ ਜਲੰਧਰ 'ਚ ਮਾਮਲਾ ਦਰਜ ਹੋਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਗੈਂਗਸਟਰ ਸੰਦੀਪ ਸਿੰਘ ਉਰਫ ਸੋਨੂੰ ਨੂੰ ਅਦਾਲਤ ਨੇ 21 ਮਾਰਚ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।