ਕਤਲ ਤੋਂ ਬਾਅਦ ਹਿਮਾਚਲ ’ਚ ਭੇਸ ਬਦਲ ਕੇ ਲੁਕਿਆ ਗੈਂਗਸਟਰ ਅਜੇ ਪੰਡਿਤ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ
Wednesday, Jan 04, 2023 - 12:07 AM (IST)
ਲੁਧਿਆਣਾ (ਰਾਜ) : ਜਮਾਲਪੁਰ ਇਲਾਕੇ ’ਚ ਨੌਜਵਾਨ ਪਾਰਸ ਖੱਤਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਅਜੇ ਪੰਡਿਤ ਨੂੰ ਕਮਿਸ਼ਨਰੇਟ ਪੁਲਸ ਨੇ ਕਾਬੂ ਕਰ ਲਿਆ ਹੈ। ਸੀ. ਆਈ. ਏ.-2 ਅਤੇ ਥਾਣਾ ਜਮਾਲਪੁਰ ਦੀ ਸੰਯੁਕਤ ਟੀਮ ਨੇ ਮੁਲਜ਼ਮ ਨੂੰ ਉਸ ਸਮੇਂ ਦਬੋਚਿਆ, ਜਦੋਂ ਉਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਬਸੌਲੀ ’ਚ ਭੇਸ ਬਦਲ ਕੇ ਲੁਕਿਆ ਹੋਇਆ ਸੀ। ਉਸ ਦੇ ਕਬਜ਼ੇ ’ਚੋਂ 2 ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਨੂੰ ਮੰਗਲਵਾਰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਸਾਥੀਆਂ ਨੂੰ ਫੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਰਜ਼ੀ ਇਨਕਮ ਟੈਕਸ ਅਫ਼ਸਰ ਬਣ ਕੇ 25 ਲੱਖ ਦੀ ਲੁੱਟ ਦੇ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਜੇ ਪੰਡਿਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਮਾਲਪੁਰ ’ਚ ਪਾਰਸ ਖੱਤਰੀ ਨਾਂ ਦੇ ਨੌਜਵਾਨ ’ਤੇ ਹਮਲਾ ਕੀਤਾ ਸੀ, ਜਿਸ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਅਜੇ ਪੰਡਿਤ ਪਹਿਲਾਂ ਵੀ ਕਈ ਕੇਸਾਂ ’ਚ ਲੋੜੀਂਦਾ ਚੱਲ ਰਿਹਾ ਸੀ। ਉਸ ਦੇ ਖਿਲਾਫ਼ ਪਹਿਲਾਂ ਦਰਜਨ ਭਰ ਕੇਸ ਦਰਜ ਹਨ, ਜਿਨ੍ਹਾਂ ’ਚ ਕਤਲ, ਲੁੱਟ ਦੇ ਯਤਨ, ਆਰਮ ਐਕਟ ਵਰਗੀਆਂ ਸੰਗੀਨ ਧਾਰਾਵਾਂ ਸ਼ਾਮਲ ਹਨ। ਪੁਲਸ ਲਗਾਤਾਰ ਉਸ ਦੀ ਭਾਲ ਵਿੱਚ ਸੀ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਦੀ ਅਗਵਾਈ ’ਚ ਸੀ. ਆਈ. ਏ.-2 ਇੰਸਪੈਕਟਰ ਬੇਅੰਤ ਜੁਨੇਜਾ ਅਤੇ ਥਾਣਾ ਜਮਾਲਪੁਰ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਦੀਆਂ 2 ਟੀਮਾਂ ਬਣੀਆਂ ਸਨ, ਜੋ ਕਿ ਅਜੇ ਪੰਡਿਤ ਨੂੰ ਲੱਭ ਰਹੀਆਂ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਜੇ ਪੰਡਿਤ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਬਸੌਲੀ ’ਚ ਲੁਕਿਆ ਹੋਇਆ ਹੈ। ਪੁਲਸ ਟੀਮਾਂ ਨੇ ਛਾਪੇਮਾਰੀ ਕਰਕੇ ਮੁਲਜ਼ਮ ਅਜੇ ਨੂੰ ਫੜ ਲਿਆ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਬਰਨਾਲਾ ਬਾਈਪਾਸ ਫਲਾਈਓਵਰ ਦਾ ਕੰਮ ਪੂਰਾ ਕਰਨ ਲਈ ਗਡਕਰੀ ਨੂੰ ਕੀਤੀ ਇਹ ਅਪੀਲ
ਦਾੜ੍ਹੀ ਵਧਾ, ਭੇਸ ਬਦਲ ਕੇ ਰਹਿ ਰਿਹਾ ਸੀ ਮੁਲਜ਼ਮ
ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਮੁਤਾਬਕ ਮੁਲਜ਼ਮ ਬਹੁਤ ਸ਼ਾਤਿਰ ਦਿਮਾਗ ਹੈ। ਉਸ ਖਿਲਾਫ਼ ਲੁਧਿਆਣਾ ’ਚ ਹੀ ਵੱਖ-ਵੱਖ ਥਾਣਿਆਂ ’ਚ 12 ਕੇਸ ਦਰਜ ਹਨ। ਕੁਝ ਮਹੀਨੇ ਪਹਿਲਾਂ ਇਕ ਨੌਜਵਾਨ ਦੇ ਕਤਲ ਤੋਂ ਬਾਅਦ ਉਹ ਹਿਮਾਚਲ ਭੱਜ ਗਿਆ ਸੀ, ਜਿੱਥੇ ਉਹ ਭੇਸ ਬਦਲ ਕੇ ਰਹਿਣ ਲੱਗ ਗਿਆ। ਉਹ ਪਹਿਲਾਂ ਕਲੀਨ ਸ਼ੇਵ ਸੀ ਪਰ ਹੁਣ ਉਸ ਨੇ ਦਾੜ੍ਹੀ ਵਧਾ ਲਈ ਸੀ ਤਾਂ ਕਿ ਉਸ ਨੂੰ ਕੋਈ ਪਛਾਣ ਨਾ ਸਕੇ। ਫਿਰ ਵੀ ਪੁਲਸ ਉਸ ਤੱਕ ਪੁੱਜ ਗਈ।
ਇਹ ਵੀ ਪੜ੍ਹੋ : ਠੰਡ 'ਚ ਵੀ ਗਰਮਾਇਆ ਹੋਇਐ ਸ਼ਰਾਬ ਫੈਕਟਰੀ ਦਾ ਮਾਮਲਾ, ਕਿਸਾਨਾਂ ਵੱਲੋਂ 6 ਜਨਵਰੀ ਨੂੰ ਵੱਡਾ ਇਕੱਠ ਕਰਨ ਦਾ ਐਲਾਨ
ਜੇਲ੍ਹ ’ਚ ਬੈਠੇ ਸਾਥੀ ਨਾਲ ਮਿਲ ਕੇ ਬਣਾ ਰਿਹਾ ਸੀ ਕਤਲ ਦੀ ਯੋਜਨਾ
ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਅਜੇ ਪੰਡਿਤ ਪਹਿਲਾਂ ਵੀ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਚੁੱਕਾ ਹੈ। ਉਹ ਕਾਫੀ ਦੇਰ ਤੱਕ ਜੇਲ੍ਹ 'ਚ ਬੰਦ ਸੀ। ਕਰੀਬ ਇਕ ਸਾਲ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ, ਫਿਰ ਉਸ ਨੇ ਲੁਧਿਆਣਾ ਸਮੇਤ ਹਿਮਾਚਲ ’ਚ ਵੀ ਵਾਰਦਾਤਾਂ ਕੀਤੀਆਂ ਹਨ। ਹਿਮਾਚਲ ’ਚ ਵੀ ਉਸ ’ਤੇ ਕਤਲ ਦੇ ਯਤਨ ਦਾ ਕੇਸ ਦਰਜ ਹੈ। ਹੁਣ ਉਹ ਜੇਲ੍ਹ ’ਚ ਬੈਠੇ ਆਪਣੇ ਇਕ ਸਾਥੀ ਨਾਲ ਸੰਪਰਕ ’ਚ ਸੀ, ਜਿਸ ਨਾਲ ਮਿਲ ਕੇ ਉਹ ਕਿਸੇ ਨੌਜਵਾਨ ਦੇ ਕਤਲ ਦੀ ਯੋਜਨਾ ਬਣਾ ਰਿਹਾ ਸੀ। ਪੁਲਸ ਜੇਲ੍ਹ ਅੰਦਰ ਬੈਠੇ ਉਸ ਦੇ ਸਾਥੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।