475 ਪੁਲਸ ਮੁਲਾਜ਼ਮਾਂ ਨੂੰ ਕੇਂਦਰੀ ਜੇਲ ''ਚ ਸਰਚ ਮੁਹਿੰਮ ਦੌਰਾਨ ਮਿਲਿਆ 1 ਮੋਬਾਇਲ

02/13/2018 5:16:06 AM

ਲੁਧਿਆਣਾ(ਸਿਆਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਹਰ ਤਰ੍ਹਾਂ ਦੇ ਅਪਰਾਧ ਦਾ ਖਾਤਮਾ ਕਰਨ ਲਈ ਤਤਪਰ ਹਨ। ਇਸੇ ਕਾਰਨ ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਵਿਸ਼ੇਸ਼ ਟੀਮਾਂ ਵੀ ਬਣਾ ਰੱਖੀਆਂ ਹਨ, ਜੋ ਗੈਂਗਸਟਰ ਕਿਸਮ ਦੇ ਅਪਰਾਧੀਆਂ 'ਤੇ ਨਕੇਲ ਕੱਸਣ ਅਤੇ ਨਸ਼ਾ ਸਮੱਗਲਿੰਗ ਰੋਕਣ ਲਈ ਦਿਨ-ਰਾਤ ਜੁਟੀਆਂ ਹੋਈਆਂ ਹਨ। ਇੰਨਾ ਹੀ ਨਹੀਂ, ਉਨ੍ਹਾਂ ਦੇ ਹੁਕਮਾਂ ਮੁਤਾਬਕ ਹੁਣ ਪੰਜਾਬ ਦੀਆਂ ਜੇਲਾਂ ਵਿਚ ਵੀ ਸਮੇਂ-ਸਮੇਂ 'ਤੇ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਸੋਮਵਾਰ ਸਵੇਰ 6 ਵਜੇ ਡੀ. ਸੀ. ਪੀ. ਅਸ਼ਵਨੀ ਕਪੂਰ ਲੁਧਿਆਣਾ ਦੀ ਅਗਵਾਈ 'ਚ ਅਧਿਕਾਰੀਆਂ ਸਮੇਤ 475 ਪੁਲਸ ਮੁਲਾਜ਼ਮਾਂ ਦੀ ਟੀਮ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਦੀ ਸਰਚ ਕਰਨ ਪੁੱਜੀ। ਸਰਚ ਟੀਮ ਵਿਚ ਡੀ. ਸੀ. ਪੀ. ਅਸ਼ਵਨੀ ਕਪੂਰ ਤੋਂ ਇਲਾਵਾ ਏ. ਡੀ. ਸੀ. ਪੀ.-4 ਰਾਜਵੀਰ ਸਿੰਘ ਬੋਪਾਰਾਏ, ਐੱਸ. ਡੀ. ਐੱਮ. ਇਕਬਾਲ ਸਿੰਘ ਸਿੱਧੂ, 8 ਏ. ਸੀ. ਪੀ., 22 ਐੱਸ. ਐੱਚ. ਓਜ਼, ਤਹਿਸੀਲਦਾਰ ਅਤੇ ਹੋਰ ਸਿਵਲ ਅਧਿਕਾਰੀ ਸ਼ਾਮਲ ਸਨ। ਸਰਚ ਟੀਮ ਨੇ ਸਵੇਰ 7 ਤੋਂ 9 ਵਜੇ ਤਕ ਜੇਲ ਦਾ ਚੱਪਾ-ਚੱਪਾ ਛਾਣ ਮਾਰਿਆ। ਟੀਮ ਨੂੰ 1 ਮੋਬਾਇਲ, ਤੰਬਾਕੂ ਦੀਆਂ 4 ਪੁੜੀਆਂ, ਬੀੜੀਆਂ ਅਤੇ ਕੁੱਝ ਮਾਤਰਾ ਵਿਚ ਅਫੀਮ ਅਤੇ ਇਕ ਕੈਦੀ ਕੋਲੋਂ 16,900 ਰੁਪਏ ਦੀ ਨਕਦੀ ਬਰਾਮਦ ਹੋਈ। ਟੀਮ ਨੇ ਬੈਰਕਾਂ ਵਿਚ ਬਣੇ ਬਾਥਰੂਮਾਂ ਤੱਕ ਦੀ ਬਾਰੀਕੀ ਨਾਲ ਛਾਣਬੀਨ ਕੀਤੀ। ਨਾਲ ਹੀ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਦੇ ਸਾਮਾਨ ਅਤੇ ਬਿਸਤਰੇ ਆਦਿ ਚੈੱਕ ਕੀਤੇ ਗਏ। ਇਸੇ ਦੌਰਾਨ ਟੀਮ ਨੇ ਹਾਈ ਸਕਿਓਰਟੀ ਜ਼ੋਨ ਦਾ ਵੀ ਨਿਰੀਖਣ ਕੀਤਾ।
ਜੇਲ ਪ੍ਰਸ਼ਾਸਨ ਨੂੰ ਨਹੀਂ ਸੀ ਕੋਈ ਖ਼ਬਰ
ਅੱਜ ਦੀ ਸਰਚ ਮੁਹਿੰਮ ਸਬੰਧੀ ਜੇਲ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਸੀ। ਜਿਉਂ ਹੀ ਸਵੇਰ 6 ਵਜੇ ਪੁਲਸ ਗੱਡੀਆਂ ਦਾ ਇਕ ਵੱਡਾ ਕਾਫਲਾ ਜੇਲ ਦੇ ਮੁੱਖ ਦਰਵਾਜ਼ੇ 'ਤੇ ਆ ਕੇ ਰੁਕਿਆ ਤਾਂ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਦੰਗ ਰਹਿ ਗਏ। ਉਨ੍ਹਾਂ ਨੇ ਤੁਰੰਤ ਜੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ 'ਤੇ ਡਿਊਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਤੁਰੰਤ ਜੇਲ 'ਚ ਪੁੱਜੇ ਜਿਸ ਤੋਂ ਬਾਅਦ ਸਰਚ ਟੀਮ ਅੰਦਰ ਗਈ ਅਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਸਰਚ ਟੀਮ ਵਿਚ ਡਾਗ ਸਕੂਐਡ ਟੀਮ ਵੀ ਸ਼ਾਮਲ ਸੀ।
ਹਵਾਲਾਤੀ ਨੇ ਬਨਾਉਟੀ ਲੱਤ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ
ਡੀ. ਸੀ. ਪੀ. ਅਸ਼ਵਨੀ ਕਪੂਰ ਦੀ ਅਗਵਾਈ ਵਾਲੀ ਸਰਚ ਟੀਮ ਜਦੋਂ ਨਵੀਂ ਇਮਾਰਤ ਵਿਚ ਬਣੀ ਬਲਾਕ-ਬੀ ਦੀ ਬੈਰਕ ਵਿਚ ਕੈਦੀਆਂ ਅਤੇ ਹਵਾਲਾਤੀਆਂ ਦੀ ਭਾਲ ਕਰ ਰਹੀ ਸੀ ਤਾਂ ਰਾਹੁਲ ਨਾਮੀ ਇਕ ਹਵਾਲਾਤੀ ਵਲੋਂ ਲਵਾਈ ਗਈ ਬਨਾਉਟੀ ਲੱਤ ਵਿਚ ਲੁਕੋ ਕੇ ਰੱਖਿਆ ਗਿਆ ਮੋਬਾਇਲ ਫੋਨ ਬਰਾਮਦ ਹੋਇਆ।
ਕੀ ਕਹਿੰਦੇ ਹਨ ਜੇਲ ਸੁਪਰਡੈਂਟ
ਇਸ ਸਬੰਧੀ ਗੱਲ ਕਰਨ 'ਤੇ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੋਬਾਇਲ ਅਤੇ ਨਕਦੀ ਮਿਲਣ ਦਾ ਕੇਸ ਪੁਲਸ ਨੂੰ ਭੇਜ ਦਿੱਤਾ ਗਿਆ ਹੈ ਅਤੇ ਨਾਲ ਹੀ ਜੇਲ ਪ੍ਰਸ਼ਾਸਨ ਆਪਣੇ ਤੌਰ 'ਤੇ ਬਾਰੀਕੀ ਨਾਲ ਜਾਂਚ ਵਿਚ ਜੁਟ ਗਿਆ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਵੇਂ ਮੋਬਾਇਲ ਅਤੇ ਪੈਸਾ ਅੰਦਰ ਪੁੱਜਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਡੀ. ਆਈ. ਜੀ. ਜੇਲ ਵੀ ਪੁੱਜੇ
ਸਵੇਰੇ ਸਰਚ ਮੁਹਿੰਮ ਤੋਂ ਬਾਅਦ 11.45 ਵਜੇ ਦੇ ਕਰੀਬ ਡੀ. ਆਈ. ਜੀ. ਜੇਲ ਲਖਵਿੰਦਰ ਸਿੰਘ ਜਾਖੜ ਵੀ ਜੇਲ ਪੁੱਜ ਗਏ। ਸਾਰਿਆਂ ਨੇ ਉਨ੍ਹਾਂ ਦੇ ਇਸ ਦੌਰੇ ਦਾ ਸਬੰਧ ਉਕਤ ਸਰਚ ਮੁਹਿੰਮ ਨਾਲ ਜੋੜ ਕੇ ਦੇਖਿਆ ਪਰ ਗੱਲ ਕਰਨ 'ਤੇ ਜੇਲ ਸੁਪਰਡੈਂਟ ਨੇ ਦੱਸਿਆ ਕਿ ਡੀ. ਆਈ. ਜੀ. ਲੁਧਿਆਣਾ ਵਿਚ ਆਪਣੇ ਕਿਸੇ ਨਿੱਜੀ ਕੰਮ ਕਾਰਨ ਆਏ ਸਨ।


Related News