ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲਿਆਂ ਦੀ ਪਛਾਣ ਕਰਨ ਦਾ ਕੀਤਾ ਜਾ ਰਿਹਾ ਯਤਨ : ਐੱਸ.ਐੱਸ.ਪੀ.
Wednesday, Dec 21, 2022 - 02:19 PM (IST)
ਮੋਗਾ (ਅਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਗੈਂਗਸਟਰਾਂ ਦੇ ਨਾਂ ’ਤੇ ਲੱਖਾਂ ਰੁਪਏ ਦੀਆਂ ਫਿਰੌਤੀਆਂ ਮੰਗਣ ਦੇ ਆ ਰਹੇ ਧਮਕੀ ਭਰੇ ਫੋਨਾਂ ਦੇ ਮਾਮਲਿਆਂ ਨੂੰ ਮੋਗਾ ਪੁਲਸ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਧਮਕੀ ਭਰੇ ਫੋਨ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਸਾਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਗੈਂਗਸਟਰਾਂ ਦੇ ਨਾਮ ’ਤੇ ਮਿਲ ਰਹੀਆਂ ਹਨ, ਜਿਸ ਕਾਰਨ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਸੀਂ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਨੇ ਪਹਿਲਾਂ ਵੀ ਗੈਂਗਸਟਰਾਂ ਦੇ ਨਾਂ ’ਤੇ ਫਿਰੌਤੀਆਂ ਮੰਗਣ ਵਾਲੇ ਗੈਂਗਸਟਰਾਂ ਨਾਲ ਸਬੰਧਤ ਦੱਸੇ ਜਾ ਰਹੇ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੋਗਾ ਦੇ ਸਾਈਬਰ ਸੈੱਲ ਪੂਰੀ ਸਰਗਰਮੀ ਨਾਲ ਧਮਕੀ ਭਰੇ ਫੋਨ ਵਾਲਿਆਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਕਿਸੇ ਗੈਂਗਸਟਰ ਦੇ ਨਾਮ ’ਤੇ ਉਨ੍ਹਾਂ ਤੋਂ ਫਿਰੌਤੀ ਲਈ ਧਮਕੀ ਭਰੇ ਫੋਨ ਆਉਂਦੇ ਹਨ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰਨ ਤਾਂ ਕਿ ਉਕਤ ਫੋਨ ਕਾਲਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।