ਅੰਮ੍ਰਿਤਸਰ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਮੰਨੂੰ ਦਾ ਵੱਡਾ ਕਾਰਾ, ਪੁਲਸ ਨੇ ਇੰਝ ਖੋਲ੍ਹਿਆ ਰਾਜ਼
Sunday, May 09, 2021 - 06:38 PM (IST)
![ਅੰਮ੍ਰਿਤਸਰ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਮੰਨੂੰ ਦਾ ਵੱਡਾ ਕਾਰਾ, ਪੁਲਸ ਨੇ ਇੰਝ ਖੋਲ੍ਹਿਆ ਰਾਜ਼](https://static.jagbani.com/multimedia/2021_5image_12_26_372111804btl.jpg)
ਬਟਾਲਾ (ਸਾਹਿਲ, ਬੇਰੀ, ਮਠਾਰੂ, ਵਿਪਨ) : ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਸੀ. ਆਈ. ਏ. ਸਟਾਫ ਬਟਾਲਾ ਨੇ ਖ਼ਤਰਨਾਕ ਗੈਂਗਸਟਰ ਹਰਵਿੰਦਰ ਮੰਨੂੰ ਦੇ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਡੇਢ ਕਰੋੜ ਦੀ ਹੈਰੋਇਨ, 2 ਪਿਸਤੌਲ, ਡਰੱਗ ਮਨੀ ਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਹਰਵਿੰਦਰ ਮੰਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਮਹਿਮੇਚੱਕ ਕਈ ਮੁਕੱਦਮਿਆਂ ’ਚ ਅੰਮ੍ਰਿਤਸਰ ਜੇਲ ਵਿਚ ਬੰਦ ਹੈ ਅਤੇ ਇਸ ਦੇ ਸੰਬੰਧ ਅੰਤਰਰਾਜੀ ਤੇ ਸਰਹੱਦ ਪਾਰ ਦੇ ਡਰੱਗ ਸਮੱਗਲਰਾਂ ਨਾਲ ਹੋਣ ਕਰਕੇ ਇਹ ਆਪਣਾ ਡਰੱਗ ਨੈੱਟਵਰਕ ਅੱਗੇ ਰੱਖੇ ਕਰਿੰਦਿਆਂ ਦੇ ਜ਼ਰੀਏ ਚਲਾਉਂਦਾ ਹੈ, ਜੋ ਹੈਰੋਇਨ ਵੇਚ ਕੇ ਇਕੱਠੀ ਹੁੰਦੀ ਡਰੱਗ ਮਨੀ ਗੈਂਗਸਟਰ ਮੰਨੂੰ ਦੇ ਘਰ ਪਹੁੰਚਾਉਣ ਦਾ ਕੰਮ ਕਰਦੇ ਸਨ।
ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੈਵੀ ਦੇ ਮਡਿਊਲ ਦਾ ਪਰਦਾਫਾਸ਼, ਪੰਜ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਡੀ. ਐੱਸ. ਪੀ. (ਡੀ) ਗੁਰਿੰਦਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੀ. ਆਈ. ਏ. ਬਟਾਲਾ ਦੇ ਇੰਚਾਰਜ ਐੱਸ. ਆਈ. ਦਲਜੀਤ ਸਿੰਘ ਪੱਡਾ ਅਤੇ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਅਨਿਲ ਪਵਾਰ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਪਹਿਲਾਂ ਤੋਂ ਦਰਜ ਮੁਕੱਦਮੇ ਨਾਮਜ਼ਦ ਕਥਿਤ ਦੋਸ਼ੀ ਵਿਜੈ ਮਸੀਹ ਪੁੱਤਰ ਸਾਦਿਕ ਮਸੀਹ ਵਾਸੀ ਹਕੀਮਪੁਰ ਨੂੰ ਗ੍ਰਿਫ਼ਤਾਰ ਕਰਕੇ 300 ਗ੍ਰਾਮ ਹੈਰੋਇਨ, ਜੋ ਡੇਢ ਕਰੋੜ ਦੀ ਬਣਦੀ ਹੈ ਸਮੇਤ 2 ਪਿਸਤੌਲ 32 ਬੋਰ, 2 ਰੌਂਦ ਜ਼ਿੰਦਾ, 2 ਮੋਬਾਈਲ ਫੋਨ ਤੇ 2 ਲਗਜ਼ਰੀ ਕਾਰਾਂ ਹਾਂਡਾ ਆਮੇਜ਼ ਤੇ ਵਰਨਾ, ਇਕ ਡੋਂਗਲ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਪਤੀ ਨੇ ਪਿਓ ਨਾਲ ਮਿਲ ਕੇ ਕਤਲ ਕੀਤੀ ਪਤਨੀ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨਾਮਜ਼ਦ ਕਥਿਤ ਦੋਸ਼ੀ ਰੋਬਿਨ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਕਾਲਾ ਅਫਗਾਨਾ ਵੀ ਗੈਂਗਸਟਰ ਹਰਵਿੰਦਰ ਮੰਨੂੰ ਦੀ ਹੈਰੋਇਨ ਲਿਆ ਕੇ ਵੇਚਦਾ ਸੀ ਅਤੇ ਇਸ ਤੋਂ ਇਕੱਠੀ ਹੋਣ ਵਾਲੀ ਡਰੱਗ ਮਨੀ ਨੂੰ ਅੰਗਹੀਣ ਰਣਜੀਤ ਸਿੰਘ ਉਰਫ ਜੀਤੂ ਪੁੱਤਰ ਹਰਭਜਨ ਸਿੰਘ ਵਾਸੀ ਮਹਿਮੇਚੱਕ ਨੂੰ ਦਿੰਦਾ ਸੀ ਅਤੇ ਇਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਤਿੰਨ ਗੈਂਗਸਟਰ ਭਾਰੀ ਅਸਲੇ ਨਾਲ ਕਾਬੂ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ
ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਇਹ ਡਰੱਗ ਮਨੀ ਜੀਤੂ, ਗੈਂਗਸਟਰ ਮੰਨੂੰ ਦੇ ਕਹਿਣ ’ਤੇ ਉਸਦੀ ਭੈਣ ਰਾਜਵਿੰਦਰ ਕੌਰ ਅਤੇ ਜੀਜਾ ਗੁਰਦੀਪ ਸਿੰਘ ਵਾਸੀ ਬੁੱਝਿਆਂਵਾਲੀ ਦੇ ਘਰ ਪਹੁੰਚਾ ਦਿੰਦਾ ਸੀ, ਜਿਸ ’ਤੇ ਬੀਤੇ ਦਿਨ ਸੀ. ਆਈ. ਏ. ਸਟਾਫ ਨੇ ਉਕਤ ਕਥਿਤ ਦੋਸ਼ੀਆਂ ਦੇ ਘਰ ਛਾਪੇਮਾਰੀ ਦੌਰਾਨ 5 ਲੱਖ 25 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਕੇ ਰਾਜਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਕਤਾਨ ਦਾ ਰਿਮਾਂਡ ਲੈ ਕੇ ਅੱਗੇ ਜਾਂਚ ਜਾਰੀ ਹੈ, ਜਿਸ ’ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?