ਖ਼ਤਰਨਾਕ ਗੈਂਗਸਟਰ ਗੈਵੀ ਦੇ ਮਡਿਊਲ ਦਾ ਪਰਦਾਫਾਸ਼, ਪੰਜ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ

05/08/2021 6:23:39 PM

ਚੰਡੀਗੜ੍ਹ : ਗੈਂਗਸਟਰ-ਕਮ-ਨਸ਼ਾ ਤਸਕਰ ਗੈਵੀ ਵੱਲੋਂ ਕੀਤੇ ਖੁਲਾਸੇ ’ਤੇ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰਕੇ ਉਸ ਦੇ ਸਾਰੇ ਮਡਿਊਲ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਲੋੜੀਂਦੇ ਗੈਂਗਸਟਰ ਜੈਪਾਲ ਦੇ ਕਰੀਬੀ ਸਹਿਯੋਗੀ ਗੈਵੀ ਸਿੰਘ ਉਰਫ਼ ਵਿਜੈ ਉਰਫ਼ ਗਿਆਨੀ ਨੂੰ 26 ਅਪ੍ਰੈਲ ਨੂੰ ਝਾਰਖੰਡ ਦੇ ਸਰਾਏ ਕਿਲ੍ਹਾ ਖਰਸਾਵਾ ਜ਼ਿਲ੍ਹੇ ਤੋਂ ਪੰਜਾਬ ਪੁਲਸ ਦੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਐੱਸ.ਏ.ਐੱਸ. ਨਗਰ ਪੁਲਸ ਵੱਲੋਂ ਇਕ ਸਾਂਝੀ ਮੁਹਿੰਮ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਵਾਸੀ ਪਿੰਡ ਅਕਬਰਪੁਰਾ, ਹਰਮਨਜੀਤ ਸਿੰਘ ਵਾਸੀ ਪਿੰਡ ਜੋਹਲਾ, ਗੁਰਜਸਪ੍ਰੀਤ ਸਿੰਘ ਵਾਸੀ ਪਿੰਡ ਬਠਲ ਭਾਈ ਕੇ ਅਤੇ ਰਵਿੰਦਰ ਇਕਬਾਲ ਸਿੰਘ ਵਾਸੀ ਹੰਸਲਾਵਾਲਾ (ਇਹ ਸਾਰੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਹਨ) ਅਤੇ ਸੈਮੂਅਲ ਉਰਫ਼ ਸੈਮ ਵਾਸੀ ਫਿਰੋਜ਼ਪੁਰ ਵਜੋਂ ਕੀਤੀ ਗਈ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਈ ਅਪਰਾਧਿਕ ਕੇਸ ਦਰਜ ਹਨ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਤਿੰਨ ਗੈਂਗਸਟਰ ਭਾਰੀ ਅਸਲੇ ਨਾਲ ਕਾਬੂ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਨੇ ਖਰੜ ਦੇ ਅਰਬਨ ਹੋਮਜ਼-2 ਵਿਖੇ ਸਥਿਤ ਗੈਵੀ ਦੇ ਕਿਰਾਏ ਦੇ ਫਲੈਟ ਤੋਂ 1.25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਸ ਦੇ ਵੱਖ-ਵੱਖ ਟਿਕਾਣਿਆਂ ਤੋਂ 3 ਪਿਸਟਲਾਂ ਜਿਨ੍ਹਾਂ ਵਿਚੋਂ ਇਕ .30 ਕੈਲੀਬਰ ਚੀਨੀ ਪਿਸਟਲ ਅਤੇ ਦੋ .32 ਕੈਲੀਬਰ ਪਿਸਟਲ ਅਤੇ 23 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟੋਇਟਾ ਫਾਰਚੂਨਰ, ਮਹਿੰਦਰਾ ਸਕਾਰਪੀਓ ਅਤੇ ਹੁੰਡਈ ਵਰਨਾ ਸਮੇਤ ਤਿੰਨ ਵਾਹਨ ਵੀ ਬਰਾਮਦ ਕੀਤੇ ਗਏ ਹਨ ਜੋ ਕਿ ਨਸ਼ਿਆਂ ਦੀ ਤਸਕਰੀ ਲਈ ਵਰਤੇ ਜਾਂਦੇ ਸਨ। ਉਨ੍ਹਾਂ ਦੱਸਿਆ ਸੈਮੂਅਲ ਜੋ ਕਿ ਜਮਸ਼ੇਦਪੁਰ ਵਿਚ ਗੈਵੀ ਦੇ ਨਾਲ ਰਹਿ ਰਿਹਾ ਸੀ, ਗੈਵੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦਿੱਲੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ ਸੀ।

ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਉਨ੍ਹਾਂ ਦੱਸਿਆ ਕਿ ਸੈਮੂਅਲ ਪਾਕਿਸਤਾਨ ਤੋਂ ਲਿਆਂਦੀ ਹੈਰੋਇਨ ਦੀ ਵੰਡ ਕਰਨ ਦਾ ਕੰਮ ਸੰਭਾਲ ਰਿਹਾ ਸੀ। ਡੀਜੀਪੀ ਮੁਤਾਬਕ ਜਾਂਚ ਦੌਰਾਨ ਗੈਵੀ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਛਲੇ ਢਾਈ ਸਾਲਾਂ ਦੌਰਾਨ ਪਾਕਿਸਤਾਨ ਤੋਂ ਹਥਿਆਰਾਂ ਸਮੇਤ 500 ਕਿੱਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕੀਤੀ ਹੈ। ਇਨ੍ਹਾਂ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ ਪੰਜਾਬ, ਦਿੱਲੀ ਅਤੇ ਜੰਮੂ ਕਸ਼ਮੀਰ ਦੇ ਸੂਬਿਆਂ ਵਿਚ ਕੀਤੀ ਜਾਂਦੀ ਸੀ। ਗੈਵੀ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ’ਤੇ ਇਕ ਸਮੱਗਲਿੰਗ ਬੁਨਿਆਦੀ ਢਾਂਚਾ ਮੌਜੂਦ ਹੈ ਜਿਸ ਰਾਹੀਂ ਬਹੁਤ ਸਾਰੇ ਪਾਕਿਸਤਾਨੀ ਤਸਕਰ ਭਾਰਤ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਕਰਦੇ ਹਨ। ਗੈਵੀ ਵੱਲੋਂ ਹਵਾਲਾ ਰੂਟ ਜਾਂ ਫਿਰ ਨਵੀਂ ਦਿੱਲੀ ਸਥਿਤ ਆਯਾਤ/ਨਿਰਯਾਤ ਕੰਪਨੀਆਂ ਰਾਹੀਂ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸਥਿਤ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਾਲ ਵੱਡੀ ਗਿਣਤੀ ਵਿਚ ਵਿੱਤੀ ਲੈਣ-ਦੇਣ ਵੀ ਕੀਤਾ ਜਾਂਦਾ ਸੀ ਜਿਸ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ ਘਟਨਾ, ਪਿਓ ਨੇ ਗਰਭਵਤੀ ਕੀਤੀ ਨਾਬਾਲਗ ਧੀ

ਡੀਜੀਪੀ ਨੇ ਕਿਹਾ ਕਿ ਗੈਵੀ ਨੇ ਇਹ ਵੀ ਕਬੂਲਿਆ ਹੈ ਕਿ ਉਸ ਨੇ ਇਕ ਟਰੈਵਲ ਏਜੰਟ ਤੋਂ ਫ਼ਰਜ਼ੀ ਵੇਰਵਿਆਂ ਨਾਲ ਜਾਅਲੀ ਭਾਰਤੀ ਪਾਸਪੋਰਟ ਹਾਸਲ ਕੀਤਾ ਸੀ ਅਤੇ ਉਹ ਪੁਰਤਗਾਲ ਵਿਚ ਵੱਸਣ ਦੀ ਯੋਜਨਾ ਬਣਾ ਰਿਹਾ ਸੀ। ਡੀਜੀਪੀ ਨੇ ਕਿਹਾ ਕਿ ਗੈਵੀ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਹ ਜਾਣਕਾਰੀ ਅਗਲੀ ਕਾਰਵਾਈ ਲਈ ਸਬੰਧਤ ਏਜੰਸੀਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਗੈਂਗਸਟਰ ਗੈਵੀ ਦੇ ਹੋਰ ਸਾਥੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਨੇ ਇਸ ਮਾਮਲੇ ਵਿਚ ਸਾਰੇ ਮੁਲਜ਼ਮ ਵਿਅਕਤੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਜਲੰਧਰ ਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਈ ਦੋਸਤੀ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News