ਗੈਂਗਸਟਰ ਵਿੱਕੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਜੈਪਾਲ ਗੈਂਗ ਦੇ ਗੈਂਗਸਟਰ ਗ੍ਰਿਫਤਾਰ

Monday, Aug 21, 2017 - 11:55 PM (IST)

ਗੈਂਗਸਟਰ ਵਿੱਕੀ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਜੈਪਾਲ ਗੈਂਗ ਦੇ ਗੈਂਗਸਟਰ ਗ੍ਰਿਫਤਾਰ

ਚੰਡੀਗੜ੍ਹ (ਸੰਦੀਪ) : ਫਿਰੋਜ਼ਪੁਰ ਦੇ ਵਿੱਕੀ ਨਾਮਕ ਗੈਂਗਸਟਰ ਨੂੰ ਕਤਲ ਕਰਨ ਦੇ ਇਰਾਦੇ ਨਾਲ ਦੇਸੀ ਕੱਟਾ ਲੈ ਕੇ ਜਾ ਰਹੇ ਖਤਰਨਾਕ ਗੈਂਗਸਟਰ ਜੈਪਾਲ ਗੈਂਗ ਦੇ ਦੋ ਗੈਂਗਸਟਰਾਂ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਸੂਰਜ (30) ਅਤੇ ਅਰਜੁਨ (22) ਦੇ ਰੂਪ ਵਿਚ ਹੋਈ ਹੈ, ਦੋਵੇਂ ਰਿਸ਼ਤੇ ਵਿਚ ਚਾਚਾ-ਭਤੀਜਾ ਦੱਸੇ ਜਾ ਰਹੇ ਹਨ। ਕ੍ਰਾਈਮ ਬ੍ਰਾਂਚ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤੇ ਗਏ ਦੋਵੇਂ ਗੈਂਗਸਟਰਾਂ ਤੋਂ ਲੱਖਾਂ ਰੁਪਏ ਦੀ ਹੈਰੋਇਨ ਅਤੇ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਦੋਵੇਂ ਗੈਂਗਸਟਰਾਂ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੈਪਾਲ ਗੈਂਗ ਦੇ ਦੋ ਗੈਂਗਸਟਰ ਕਿਸੇ ਵਾਰਦਾਤ ਦੇ ਇਰਾਦੇ ਨਾਲ ਦੇਸੀ ਕੱਟਾ ਲੈ ਕੇ ਜਾ ਰਹੇ ਹਨ ਜਿਸ 'ਤੇ ਕ੍ਰਾਈਮ ਬ੍ਰਾਂਚ ਨੇ ਨਾਕਾ ਲਗਾ ਕੇ ਦੋਵਾਂ ਨੂੰ ਕਾਬੂ ਕਰ ਲਿਆ।
ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵੇਂ ਗੈਂਗਸਟਰ ਦਿੱਲੀ ਤੋਂ ਸਾਢੇ ਛੇ ਲੱਖ ਰੁਪਏ 'ਚ ਇਹ ਹੈਰੋਇਨ ਲੈ ਕੇ ਆਏ ਸਨ ਜਿਸ ਨੂੰ ਅੱਗੇ ਤਕਰੀਬਨ 15 ਲੱਖ ਰੁਪਏ ਵਿਚ ਫਿਰੋਜ਼ਪੁਰ ਦੇ ਨੇੜਲੇ ਇਲਾਕਿਆਂ ਵਿਚ ਵੇਚਿਆ ਜਾਣਾ ਸੀ।
ਪੁਲਸ ਮੁਤਾਬਕ ਗੈਂਗਸਟਰ ਸੂਰਜ ਹੱਤਿਆ ਦੇ ਮਾਮਲੇ ਵਿਚ ਪਹਿਲਾਂ ਹੀ ਜੇਲ 'ਚ 7 ਸਾਲ ਦੀ ਸਜ਼ਾ ਕੱਟ ਚੁੱਕਾ ਸੀ ਜਦਕਿ ਇਸ ਦਾ ਭਤੀਜੇ ਅਰਜੁਨ ਦੇ ਖਿਲਾਫ ਵੀ ਐੱਨ. ਡੀ. ਪੀ. ਐੱਸ. ਅਤੇ ਆਰਮਸ ਐਕਟ ਤਹਿਤ ਅਨੇਕਾਂ ਅਪਰਾਧਿਕ ਮਾਮਲੇ ਦਰਜ ਹਨ। ਦੋਵਾਂ ਦੇ ਰਿਮਾਂਡ ਦੌਰਾਨ ਪੁਲਸ ਇਸ ਗੱਲ ਦਾ ਪਤਾ ਲਗਾਏਗੀ ਕਿ ਦੋਵੇਂ ਚੰਡੀਗੜ੍ਹ ਵਿਚ ਕਿਸੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਹੈਰੋਇਨ ਦੀ ਸਪਲਾਈ ਕਰਨ ਦੇ ਮਕਸਦ ਨਾਲ ਤਾਂ ਨਹੀਂ ਆਏ ਸਨ।


Related News