ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਜ਼ਿਲ੍ਹਾ ਅਦਾਲਤ ’ਚ ਹੋਇਆ ਪੇਸ਼
Tuesday, Feb 21, 2023 - 04:12 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਸੈਕਟਰ-43 ਨੇੜੇ ਪੁਲਸ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ 5 ਅਪ੍ਰੈਲ ਨੂੰ ਤੈਅ ਕੀਤੀ ਹੈ। ਇਹ ਮਾਮਲਾ ਜੁਲਾਈ 2018 ਦਾ ਹੈ। ਗੈਂਗਸਟਰ ਦਿਲਪ੍ਰੀਤ ਸਰਪੰਚ ਸਤਨਾਮ ਕਤਲ ਕੇਸ ਅਤੇ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਰਗੇ ਗੰਭੀਰ ਮਾਮਲਿਆਂ ਵਿਚ ਭਗੌੜਾ ਸੀ। ਪੰਜਾਬ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਬਾਬਾ ਸਵਿਫਟ ਕਾਰ ’ਚ ਸੈਕਟਰ-43 ਦੇ ਬੱਸ ਸਟੈਂਡ ਵੱਲ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪੰਜਾਬ ਪੁਲਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਫੜਨ ਲਈ ਸੈਕਟਰ-43 ਦੇ ਬੱਸ ਸਟੈਂਡ ਨੇੜੇ ਜਾਲ ਵਿਛਾ ਦਿੱਤਾ ਸੀ। ਜਦੋਂ ਪੁਲਸ ਮੁਲਾਜ਼ਮਾਂ ਨੇ ਦਿਲਪ੍ਰੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਸੀ. ਆਈ. ਏ. ਚੰਡੀਗੜ੍ਹ ਇੰਚਾਰਜ ਦੀ ਕਾਰ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਦਿਲਪ੍ਰੀਤ ਕਾਰ ’ਚੋਂ ਉਤਰਿਆ ਅਤੇ ਪੁਲਸ ਵਾਲਿਆਂ ’ਤੇ ਗੋਲੀਆਂ ਚਲਾਉਂਦਾ ਹੋਇਆ ਭੱਜਣ ਲੱਗਾ। ਜਵਾਬੀ ਗੋਲੀਬਾਰੀ ਵਿਚ ਇਕ ਗੋਲੀ ਦਿਲਪ੍ਰੀਤ ਦੇ ਪੱਟ ਵਿਚ ਲੱਗੀ।
ਪੁਲਸ ਨੂੰ ਉਸ ਦੀ ਕਾਰ ਵਿਚੋਂ ਫੋਇਲ-ਕਾਗਜ਼, ਲਾਈਟਰ, ਵੱਡੀ ਮਾਤਰਾ ਵਿਚ ਹਥਿਆਰ ਅਤੇ ਨਕਲੀ ਦਾੜ੍ਹੀ-ਮੁੱਛਾਂ ਅਤੇ ਹੋਰ ਸਾਮਾਨ ਵੀ ਮਿਲਿਆ ਹੈ। ਨਵਾਂਸ਼ਹਿਰ ’ਚ ਉਸ ਦੀ ਮਹਿਲਾ ਸਾਥੀ ਹਰਪ੍ਰੀਤ ਕੌਰ ਦੇ ਘਰੋਂ ਵੀ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਉਹ ਸੈਕਟਰ-38 ’ਚ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਸੀ। ਚੰਡੀਗੜ੍ਹ ਪੁਲਸ ਨੇ ਦਿਲਪ੍ਰੀਤ ਨੂੰ ਸੈਕਟਰ-43 ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੈਕਟਰ-36 ਥਾਣੇ ਦੀ ਪੁਲਸ ਨੇ ਉਸ ਖ਼ਿਲਾਫ਼ ਅਸਲਾ ਐਕਟ ਅਤੇ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਸੀ।