ਜਲੰਧਰ 'ਚ ਨਸ਼ਾ ਸਮੱਗਲਰਾਂ ਤੇ ਹੋਰ ਦੋਸ਼ੀਆਂ ਦੀ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗ੍ਰਿਫ਼ਤਾਰ
Wednesday, Jan 10, 2024 - 11:45 AM (IST)
ਜਲੰਧਰ (ਮਹੇਸ਼)- ਕਮਿਸ਼ਨਰੇਟ ਜਲੰਧਰ ਦੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਜਲੰਧਰ ਦੀ ਜ਼ਿਲ੍ਹਾ ਅਦਾਲਤ ’ਚ ਜਾ ਕੇ ਨਸ਼ਾ ਸਮੱਗਲਰਾਂ ਅਤੇ ਹੋਰ ਅਪਰਾਧੀਆਂ ਦੀ ਜਾਅਲੀ ਜ਼ਮਾਨਤ ਦੇਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਨ੍ਹਾਂ ਦੇ ਕਬਜ਼ੇ ’ਚੋਂ 41 ਫਰਜ਼ੀ ਜ਼ਿਲ੍ਹਾ ਕੁਲੈਕਟਰ ਅਤੇ ਨੰਬਰਦਾਰੀ ਕਾਰਡਾਂ ਸਮੇਤ ਵੱਡੀ ਗਿਣਤੀ ’ਚ ਹੋਰ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਭਾਰਗੋ ਕੈਂਪ ’ਚ ਧਾਰਾ 419, 420, 465, 467, 468, 471 ਅਤੇ 12-ਬੀ ਤਹਿਤ ਨਵੇਂ ਸਾਲ 2024 ਦੀ ਪਹਿਲੀ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਡੀ. ਸੀ. ਪੀ. ਸਿਟੀ-2 ਆਦਿਤਿਆ ਅਤੇ ਜਸਪ੍ਰੀਤ ਸਿੰਘ ਏ. ਸੀ. ਪੀ. ਵੈਸਟ ਦੀ ਅਗਵਾਈ ਹੇਠ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸ. ਗਗਨਦੀਪ ਸਿੰਘ ਸੇਖੋਂ ਦੀ ਟੀਮ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਜੱਗੀ ਪੁੱਤਰ ਤ੍ਰਿਲੋਕ ਸਿੰਘ ਵਾਸੀ ਪਿੰਡ ਫੱਤੂਢੀਂਗਾ ਕਪੂਰਥਲਾ, ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ, ਪੰਕਜ ਰਾਮ ਗੰਜੂ ਪੁੱਤਰ ਗੁਰਨਾਮ ਦਾਸ, ਗੁਰਮੀਤ ਸਿੰਘ ਪੁੱਤਰ ਇੰਦਰ ਸਿੰਘ, ਸੁਖਦੇਵ ਕੁਮਾਰ ਸ਼ਰਮਾ ਪੁੱਤਰ ਮੋਹਨ ਲਾਲ, ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਰਾਮ ਅਤੇ ਜਗਦੀਪ ਸਿੰਘ ਜੋਧਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ‘ਆਪ’ ਤੇ ਕਾਂਗਰਸ ਕੀ 7-7 ’ਤੇ ਸਹਿਮਤ ਹੋਣਗੇ! ਅਜੇ ਦਬਾਅ ਦੀ ਸਿਆਸਤ ਚੱਲ ਰਹੀ
ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ 122 ਜਾਅਲੀ ਆਧਾਰ ਕਾਰਡ, 41 ਜਾਅਲੀ ਜ਼ਿਲ੍ਹਾ ਕੁਲੈਕਟਰ ਕਾਰਡ/ਨੰਬਰਦਾਰਾਂ ਦੇ ਕਾਰਡ, 15 ਤਹਿਸੀਲਦਾਰਾਂ ਅਤੇ ਨੰਬਰਦਾਰਾਂ ਦੇ ਰਬੜ ਸਟੈਂਪ, 1 ਕੰਪਿਊਟਰ, 1 ਪ੍ਰਿੰਟਰ, 1 ਕੀ-ਬੋਰਡ, 1 ਮਾਨੀਟਰ, 3 ਸਟੈਂਪ, 2 ਹਰੇ ਪੈੱਨ, 2 ਕਾਲੇ ਪੈਨ, 1 ਲਾਲ ਪੈੱਨ, 1 ਸਟੈਪਲਰ, 2 ਹਾਈਲਾਈਟਰ ਅਤੇ 35 ਜਮਾਂਬੰਦੀ ਕਾਰਡ ਬਰਾਮਦ ਕੀਤੇ ਗਏ ਹਨ। ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸ. ਗਗਨਦੀਪ ਸਿੰਘ ਸੇਖੋਂ ਵੱਲੋਂ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੁਖਦੇਵ ਕੁਮਾਰ ਸ਼ਰਮਾ ਖ਼ਿਲਾਫ਼ ਥਾਣਾ ਨਵੀਂ ਬਾਰਾਂਦਰੀ ’ਚ ਪਹਿਲਾਂ ਵੀ ਧੋਖਾਧੜੀ ਦੇ 7 ਕੇਸ ਦਰਜ ਹਨ, ਜਿਸ ’ਚ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਇਸੇ ਤਰ੍ਹਾਂ ਪੰਕਜ ਰਾਮ ਗੰਜੂ ਖ਼ਿਲਾਫ਼ ਥਾਣਾ ਸਰਾਏ ਮਾਨਸਾ ਤਰਨਤਾਰਨ ਅਤੇ ਥਾਣਾ ਛੇਹਰਟਾ ਅੰਮ੍ਰਿਤਸਰ ’ਚ ਚੋਰੀ ਦੇ 2 ਕੇਸ ਦਰਜ ਹਨ। ਬਾਕੀ ਦੋਸ਼ੀਆਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਤੜਕਸਾਰ ਵੱਡੀ ਵਾਰਦਾਤ, ਜਿਊਲਰ ਦੇ ਸ਼ੋਅਰੂਮ 'ਚ ਚੋਰਾਂ ਨੇ ਮਾਰਿਆ ਡਾਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।