ਲੁਧਿਆਣਾ 'ਚ ਖ਼ਤਰਨਾਕ 'ਡੌਂਕੀ ਗੈਂਗ' ਗ੍ਰਿਫ਼ਤਾਰ, ਡਾਕਾ ਮਾਰਨ ਦੀ ਕਰ ਰਿਹਾ ਸੀ ਤਿਆਰੀ
Thursday, Nov 12, 2020 - 01:50 PM (IST)
ਲੁਧਿਆਣਾ (ਸਲੂਜਾ) : ਲੁਧਿਆਣਾ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲਾ ਖ਼ਤਰਨਾਕ ਡੌਂਕੀ ਗੈਂਗ ਗ੍ਰਿਫ਼ਤ 'ਚ ਆ ਗਿਆ। ਪੁਲਸ ਕਮਿਸ਼ਨਰ ਲੁਧਿਆਣਾ, ਰਾਕੇਸ਼ ਅਗਰਵਾਲ ਨੇ ਇੱਥੇ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਦੱਸਿਆ ਕਿ ਇਸ ਗੈਂਗ ਦੇ 7 ਮੈਂਬਰਾਂ ਨੂੰ ਉਸ ਸਮੇਂ ਪੁਲਸ ਟੀਮਾਂ ਨੇ ਦਬੋਚਿਆ, ਜਦੋਂ ਇਹ ਗੈਂਗ ਟਰਾਂਸਪੋਰਟ ਨਗਰ ਕੋਲ ਸ਼ਿਵਾਜੀ ਨਗਰ ਦੇ ਇਕ ਖ਼ਾਲੀ ਪਲਾਟ ’ਚ ਡਾਕਾ ਮਾਰਨ ਦੀ ਤਿਆਰੀ ਕਰ ਰਿਹਾ ਸੀ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਲਵਦੀਪ ਸਿੰਘ ਉਰਫ਼ ਦੀਪੂ ਉਰਫ਼ ਪਲਸਰ, ਗਗਨਦੀਪ ਸਿੰਘ ਉਰਫ਼ ਗਗਨਦੀਪ ਕੁਮਾਰ ਉਰਫ਼ ਦੀਪ, ਕੁਲਵਿੰਦਰ ਸਿੰਘ ਉਰਫ਼ ਕਾਲਾ, ਅਮਨਜੋਤ ਸਿੰਘ ਉਰਫ਼ ਅਮਨ ਉਰਫ਼ ਡੌਂਕੀ, ਸ਼ਿਵ ਕੁਮਾਰ ਉਰਫ਼ ਸ਼ਿਬੂ, ਵਿਕਰਮ ਸਿੰਘ ਉਰਫ਼ ਵਿੱਕੀ ਵੱਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪੁਲਸ ਡਵੀਜ਼ਨ ਨੰਬਰ-3 'ਚ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਵਾਈ ਦੇ ਦੂਜੇ ਵਿਆਹ ਨੇ ਖ਼ੌਫ਼ਨਾਕ ਸੱਚ ਲਿਆਂਦਾ ਸਾਹਮਣੇ, ਲੁਕਿਆ ਰਾਜ਼ ਜਾਣ ਕੁੜੀ ਵਾਲਿਆਂ ਦੇ ਉੱਡੇ ਹੋਸ਼
ਨਸ਼ਾ ਪੂਰਾ ਕਰਨ ਲਈ ਕਰਦੇ ਸਨ ਵਾਰਦਾਤਾਂ
ਪੁਲਸ ਕਮਿਸ਼ਨਰ ਰਾਕੇਸ਼ ਕੁਮਾਰ ਅੱਗਰਵਾਲ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗੈਂਗ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ ’ਤੇ ਗੋਲੀ ਮਾਰਨ, ਗੋਲੀ ਚਲਾ ਕੇ ਲੁੱਟਣ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਖੋਹ-ਖਿੱਚ ਦੀਆਂ ਵਾਰਦਾਤਾਂ ਕਰ ਕੇ ਦਹਿਸ਼ਤ ਪੈਦਾ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਪਹਿਲਾਂ ਹੀ ਲੁੱਟ-ਖੋਹ ਕਰਨ ਦੇ 28 ਕੇਸ ਵੱਖ-ਵੱਖ ਪੁਲਸ ਥਾਣਿਆਂ ’ਚ ਦਰਜ ਹਨ ਅਤੇ ਇਹ ਜ਼ਮਾਨਤ ’ਤੇ ਬਾਹਰ ਆ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲੱਗ ਪੈਂਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ : ਜਿੱਤ ਦੇ ਜਸ਼ਨਾਂ 'ਚ ਡੁੱਬੇ 'ਭਾਜਪਾ ਆਗੂ' ਕਰ ਬੈਠੇ ਗ਼ਲਤੀ, ਕਾਰਵਾਈ ਦੀ ਮੰਗੀ ਗਈ ਰਿਪੋਰਟ
ਕਿੱਥੇ-ਕਿੱਥੇ ਵਾਰਦਾਤਾਂ ਕੀਤੀਆਂ
7 ਮਈ, 2020 ਨੂੰ ਦਾਣਾ ਮੰਡੀ ਜਲੰਧਰ ਬਾਈਪਾਸ, ਲੁਧਿਆਣਾ ’ਚ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਗੋਪੀ ਨਾਮੀ ਵਿਅਕਤੀ ਨੂੰ ਦਾਤਰ ਮਾਰ ਕੇ ਲੁੱਟ-ਖੋਹ ਕੀਤੀ। ਅਗਸਤ, 2020 'ਚ ਵਿਜੇ ਇੰਟਰਪ੍ਰਾਈਜਿਜ਼ ਵੈਸਟਰਨ ਯੂਨੀਅਨ ਸਮਰਾਲਾ ਚੌਂਕ ਤੋਂ 1 ਲੱਖ ਰੁਪਏ ਦੇ ਡਾਲਰ, 5 ਲੱਖ ਦੀ ਨਕਦੀ ਅਤੇ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ ਸਨ। ਸਤੰਬਰ, 2020 ਨੂੰ ਲੁੱਟ ਦੀ ਨੀਅਤ ਨਾਲ ਸਕੂਟਰ ਸਵਾਰ ’ਤੇ ਗੋਲੀ ਚਲਾ ਕੇ ਫਰਾਰ ਹੋ ਗਏ ਸਨ। ਸਤੰਬਰ, 2020 ਨੂੰ ਵਿਕਾਸ ਸੂਦ, ਐਂਟਰਪ੍ਰਾਈਜਿਜ਼ ਸ਼ਿਮਲਾਪੁਰੀ ਦੀ ਫੈਕਟਰੀ 'ਚ ਗੋਲੀਆਂ ਮਾਰ ਕੇ 4 ਲੱਖ, 43 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋਏ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪਤਨੀ ਦੀ ਮੌਤ ਨੇ ਚੀਰ ਛੱਡਿਆ ਦਿਲ, ਅੰਤਿਮ ਸੰਸਕਾਰ ਮਗਰੋਂ ਖਾਧੀ ਜ਼ਹਿਰ
ਸਤੰਬਰ, 2020 ਨੂੰ ਚਿਮਨੀ ਰੋਡ, ਕੁਆਲਿਟੀ ਚੌਂਕ ਇਲਾਕੇ 'ਚ ਇਕ ਮੋਟਰਸਾਈਕਲ ਸਵਾਰ ਤੋਂ 1 ਲੱਖ 50 ਹਜ਼ਾਰ ਦੀ ਨਕਦੀ, ਮੋਬਾਇਲ ਫੋਨ ਅਤੇ ਪਰਸ ਝਪਟ ਕੇ ਭੱਜ ਗਏ। ਅਕਤੂਬਰ, 2020 ’ਚ 33 ਫੁੱਟਾ ਰੋਡ ’ਤੇ ਸਾਈਕਲ ਸਵਾਰ ਦੇ ਪੱਟ 'ਚ ਗੋਲੀ ਮਾਰ ਕੇ 2600 ਦੀ ਨਕਦੀ, ਮੋਬਾਇਲ ਅਤੇ ਦਸਤਾਵੇਜ਼ ਖੋਹ ਕੇ ਫਰਾਰ ਹੋਏ। ਇਨ੍ਹਾਂ ਨੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ’ਚ ਲੁੱਟ-ਖੋਹ ਦੀਆਂ 28 ਵਾਰਦਾਤਾਂ ਨੂੰ ਅੰਜਾਮ ਦਿੱਤਾ।