ਫਿਰੋਜ਼ਪੁਰ ਪੁਲਸ ਨੇ ਹਾਊਸਿੰਗ ਬੋਰਡ ''ਚ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 3 ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

Monday, Apr 25, 2022 - 04:03 PM (IST)

ਫਿਰੋਜ਼ਪੁਰ ਪੁਲਸ ਨੇ ਹਾਊਸਿੰਗ ਬੋਰਡ ''ਚ ਗੋਲੀਆਂ ਚਲਾਉਣ ਵਾਲੇ ਗਿਰੋਹ ਦੇ 3 ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਪੁਲਸ ਨੇ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਵਿੱਚ ਗੋਲੀਆਂ ਚਲਾਉਣ ਵਾਲੇ ਸ਼ਿਸ਼ੂ ਗਿਰੋਹ ਦੇ 3 ਹੋਰ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਦੇਸੀ ਪਿਸਤੌਲ 32 ਬੋਰ, 13 ਜ਼ਿੰਦਾ ਕਾਰਤੂਸ, ਇੱਕ ਸਿੰਗਲ ਬੈਰਲ 12 ਬੋਰ ਦੀ ਬੰਦੂਕ, 21 ਕਾਰਤੂਸ ਅਤੇ ਇੱਕ ਸਵਿੱਫਟ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 22 ਅਪ੍ਰੈਲ ਦੀ ਰਾਤ ਕਰੀਬ 11.15 ਵਜੇ ਫਿਰੋਜ਼ਪੁਰ ਸ਼ਹਿਰ ਦੀ ਹਾਊਸਿੰਗ ਬੋਰਡ ਕਾਲੋਨੀ ਵਿੱਚ ਸੁਰੇਸ਼ ਕੁਮਾਰ ਦੇ ਘਰ ਦੇ ਬਾਹਰ ਸਕਾਰਪੀਓ ਕਾਰ ਵਿੱਚ ਆਏ ਇਨ੍ਹਾਂ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਅਤੇ ਇਸ ਗੈਂਗ ਦੇ ਚਾਰ ਮੈਂਬਰਾਂ ਨੂੰ ਪੁਲਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਹੈ, ਜਦੋਂ ਕਿ ਲਾਡੀ ਸ਼ੂਟਰ ਅਜੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਦੇ ਐਸ. ਐਚ. ਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਇਸ ਗੈਂਗ ਦੇ ਮੈਂਬਰ ਮਨਪ੍ਰੀਤ ਸਿੰਘ ਉਰਫ਼ ਸੋਨੂੰ ਵਾਘਲ ਪੁੱਤਰ ਮਲਕੀਤ ਸਿੰਘ ਵਾਸੀ ਰੁਕਨਾ ਮੁੰਗਲਾ, ਮਲਕੀਤ ਸਿੰਘ ਪੁੱਤਰ ਬਲਬੀਰ ਰਾਜ ਵਾਸੀ ਬੀੜ ਹਰਬੰਸਪੁਰਾ ਅਤੇ ਅਮਨ ਕੁਮਾਰ ਪੁੱਤਰ ਭੀਖੂ ਰਾਮ ਕੈਨਾਲ ਕਲੋਨੀ, ਸਫ਼ੈਦ ਰੰਗ ਦੀ ਸਵਿੱਫ਼ਟ ਕਾਰ ’ਚ ਬਾਰਡਰ ਰੋਡ ’ਤੇ ਬਸਤੀ ਭੱਟੀਆ ਵਾਲੀ ਤੋਂ ਥੋੜ੍ਹਾ ਅੱਗੇ ਮੋੜ ’ਤੇ ਕਿਸੇ ਦੀ ਉਡੀਕ ਕਰ ਰਹੇ ਸਨ ਅਤੇ ਪੁਲਸ ਨੇ ਤੁਰੰਤ ਇਨ੍ਹਾਂ ਲੁਟੇਰਿਆਂ ਨੂੰ ਹਥਿਆਰਾਂ ਦੇ ਨਾਲ ਕਾਬੂ ਕਰ ਲਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਨੀਤਨ ਉਰਫ਼ ਚੂਚ ਵਾਸੀ ਹਾਊਸਿੰਗ ਬੋਰਡ ਕਾਲੋਨੀ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੀ ਨੀਅਤ ਨਾਲ ਗੋਲੀ ਚਲਾਈ ਸੀ, ਪਰ ਗਲਤੀ ਨਾਲ ਸੁਰੇਸ਼ ਕੁਮਾਰ ਦੇ ਘਰ ਦੇ ਅੱਗੇ ਚਲੇ ਗਏ ਅਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਨਾਮਜ਼ਦ ਲੁਟੇਰਿਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਫੜ੍ਹੇ ਗਏ ਲੁਟੇਰਿਆਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਚੱਲ ਰਹੇ ਹਨ। 
 


author

Babita

Content Editor

Related News