ਜੇਤਲੀ ਦੇ ਘਰ ਮੂਹਰੇ ਧਰਨਾ ਲਾ ਕੇ ਮਨਾਈ ਗਾਂਧੀ ਜਯੰਤੀ

Tuesday, Oct 03, 2017 - 06:05 AM (IST)

ਜੇਤਲੀ ਦੇ ਘਰ ਮੂਹਰੇ ਧਰਨਾ ਲਾ ਕੇ ਮਨਾਈ ਗਾਂਧੀ ਜਯੰਤੀ

ਅੰਮ੍ਰਿਤਸਰ,   (ਪ੍ਰਵੀਨ ਪੁਰੀ)-  ਗਾਂਧੀ ਜਯੰਤੀ ਦੇ ਮੌਕੇ 'ਤੇ ਵਪਾਰੀਆਂ, ਕਾਰੋਬਾਰੀਆਂ ਅਤੇ ਜੀ. ਐੱਸ. ਟੀ. ਦੇ ਪੀੜਤ ਲੋਕਾਂ ਨੇ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਘਰ ਦੇ ਬਾਹਰ ਅਰਧ-ਨੰਗਨ ਹੋ ਕੇ ਗਾਂਧੀ ਜਯੰਤੀ ਮਨਾਈ। ਉਨ੍ਹਾਂ ਵੱਲੋਂ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਭਜਨ-ਬੰਦਗੀ ਕਰਦੇ ਹੋਏ ਉਹ ਜੀ. ਐੱਸ. ਟੀ. ਦੇ ਵਿਰੁੱਧ ਬੋਲਦੇ ਰਹੇ। ਉੱਘੇ ਸਮਾਜ ਸੇਵਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਜੀਵ ਰਾਮਪਾਲ ਨੇ ਗਾਂਧੀਗਿਰੀ ਕਰਦੇ ਹੋਏ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਦੇਸ਼ ਲਈ ਘਾਤਕ ਦੱਸਣ ਲਈ ਗਾਂਧੀ ਜਯੰਤੀ ਦੇ ਮੌਕੇ 'ਤੇ ਗਾਂਧੀਗਿਰੀ ਕਰਦਿਆਂ ਵਿਅੰਗ ਕੱਸੇ। 
ਇਸ ਮੌਕੇ ਜੀ. ਐੈੱਸ. ਟੀ. ਅਤੇ ਨੋਟਬੰਦੀ ਤੋਂ ਬਾਅਦ ਮੌਤ ਦੇ ਮੂੰਹ ਗਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਲਏ ਫੈਸਲੇ ਮੂਰਖਤਾਪੂਰਨ ਸਿੱੱਧ ਹੋ ਰਹੇ ਹਨ। ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲਿਆਉਣ, ਗਰੀਬਾਂ ਦੇ ਬੈਂਕ ਖਾਤਿਆਂ 'ਚ 15 ਲੱਖ ਪਵਾਉਣ ਦੀ ਗੱਲ ਕਹਿ ਕੇ ਦੇਸ਼ ਨੂੰ ਲੁੱਟ ਲਿਆ ਅਤੇ ਕੁਝ ਪੂੰਜੀਪਤੀਆਂ ਅੱਗੇ ਦੇਸ਼ ਗਿਰਵੀ ਰੱਖ ਦਿੱਤਾ ਹੈ। ਸਰਕਾਰ ਨੇ ਇਕ ਦਿਨ ਵਿਚ ਨੋਟਬੰਦੀ 'ਤੇ ਵੀ ਕਈ ਵਾਰ ਕਾਨੂੰਨ ਬਦਲੇ, ਜਿਸ ਦੇ ਕਾਰਨ 100 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਉਨ੍ਹਾਂ ਕਿਹਾ ਕਿ ਮੋਦੀ ਬੇਗੁਨਾਹਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦਾ ਕੰਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਹੁੰਦਾ ਹੈ ਪਰ ਮੋਦੀ ਸਰਕਾਰ ਲੋਕਾਂ ਦੀ ਜਾਨ ਲੈਣ ਵਾਲੀ ਸਰਕਾਰ ਸਾਬਤ ਹੋ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਜੇ ਮੋਦੀ ਸਰਕਾਰ ਨੇ ਸਲਾਹ ਮੰਨੀ ਹੁੰਦੀ ਤਾਂ ਅੱਜ ਵਿਕਾਸ ਦਰ 8 ਫੀਸਦੀ ਤੋਂ ਘੱਟ ਕੇ 5.7 ਫੀਸਦੀ ਨਾ ਆਉਂਦੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ, ਜਿਸ ਨੂੰ ਅੰਮ੍ਰਿਤਸਰ ਦੇ 1 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਨਾਕਾਰ ਚੁੱਕੇ ਹਨ, ਦੇ ਹਵਾਲੇ ਖਜ਼ਾਨਾ ਕਰਨਾ ਹੋਰ ਵੀ ਬੱਜਰ ਕੁਤਾਹੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਦੇਣਾ ਬੇਸਮਝੀ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਤਲੀ ਦੱਸਣ ਕਿ ਨੋਟਬੰਦੀ ਅਤੇ ਜੀ.ਐੱਸ.ਟੀ. ਤੋਂ ਦੇਸ਼ ਨੂੰ ਕਿੰਨਾ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਵਿੱਤ ਮੰਤਰੀ, ਆਈ.ਏ.ਐੱਸ. ਅਧਿਕਾਰੀ ਅਤੇ ਬੀ.ਜੇ.ਪੀ. ਨੇਤਾ ਯਸਵੰਤ ਸਿਨਹਾ ਵੀ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਦੱਸ ਚੁੱਕੇ ਹਨ। 


Related News