ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਕੈਪਟਨ ਲਾ ਰਹੇ ਮੋਦੀ ''ਤੇ ਦੋਸ਼ : ਚੁੱਘ
Sunday, Jan 06, 2019 - 11:27 AM (IST)

ਚੰਡੀਗੜ੍ਹ (ਸ਼ਰਮਾ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ 'ਤੇ ਦਿੱਤੇ ਗਏ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਨ ਦੀ ਆੜ 'ਚ ਸਮੂਹ ਸਿੱਖ ਸਮਾਜ ਤੇ ਦੇਸ਼ਭਗਤ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਘਿਨੌਣਾ ਪਾਪ ਕਰ ਰਹੇ ਹਨ, ਜਦਕਿ ਉਨ੍ਹਾਂ ਦਿੱਲੀ ਹਾਈ ਕੋਰਟ ਵਲੋਂ ਕਾਂਗਰਸ ਦੇ ਤਿੰਨ ਵਾਰ ਦੇ ਸੰਸਦ ਮੈਂਬਰ ਰਹੇ ਗਾਂਧੀ ਪਰਿਵਾਰ ਦੇ ਵਫ਼ਾਦਾਰ ਸੱਜਣ ਕੁਮਾਰ ਨਾਲ ਪਾਰਟੀ ਦੇ ਵਿਧਾਇਕ ਤੇ ਨਿਗਮ ਕੌਂਸਲਰਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਚੁੱਘ ਨੇ ਕਿਹਾ ਦੀ ਮੁੱਖ ਮੰਤਰੀ ਕੈਪਟਨ 1984 ਦੇ ਦੰਗਿਆਂ 'ਚ ਭਾਜਪਾ ਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਸ਼ਾਮਲ ਹੋਣ 'ਤੇ ਸਵਾਲ ਉਠਾ ਕੇ ਖੁਦ ਕਟਹਿਰੇ 'ਚ ਖੜ੍ਹੇ ਹੋ ਗਏ ਹਨ। ਦਿੱਲੀ ਨਸਲਕੁਸ਼ੀ ਵਿਚ ਸਿੱਖਾਂ ਨੂੰ ਕਾਂਗਰਸੀ ਸੰਸਦ ਮੈਂਬਰਾਂ, ਵਿਧਾਇਕਾਂ ਤੇ ਨਿਗਮ ਕੌਂਸਲਰਾਂ ਦੀ ਅਗਵਾਈ 'ਚ ਦਿੱਲੀ ਦੀਆਂ ਸੜਕਾਂ 'ਤੇ ਨਿਕਲੀ ਦੰਗਾਕਾਰੀਆਂ ਦੀ ਭੀੜ ਤੋਂ ਬਚਾਉਣ ਵਿਚ ਸੰਘ ਅਤੇ ਭਾਜਪਾ ਦੇ ਕਰਮਚਾਰੀਆਂ ਨੇ ਆਪਣੀ ਜਾਨ ਤਕ ਦਾਅ 'ਤੇ ਲਗਾਉਣ 'ਚ ਪ੍ਰਹੇਜ਼ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ 1984 ਤੋਂ ਬਾਅਦ ਲਗਭਗ 24 ਸਾਲ ਦਿੱਲੀ ਵਿਚ ਕਾਂਗਰਸ ਪਾਰਟੀ ਦਾ ਰਾਜ ਸੀ ਜੇਕਰ ਸਾਡੇ ਸੰਗਠਨ ਦਾ ਇਕ ਵੀ ਮੁਲਜ਼ਮ ਹੁੰਦਾ ਤਾਂ ਕਾਂਗਰਸ ਦੇ ਨੇਤਾ ਉਸ ਨੂੰ ਸੂਲੀ 'ਤੇ ਟੰਗ ਦਿੰਦੇ। ਕੈਪਟਨ ਅਮਰਿੰਦਰ ਸਿੰਘ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਮੋਦੀ 'ਤੇ ਮਨਘੜਤ ਇਲਜ਼ਾਮ ਲਾ ਰਹੇ ਹਨ।