ਮਾਛੀਵਾੜਾ ਦੇ ਇਸ ਇਲਾਕੇ ''ਚ ਬੱਚਿਆਂ-ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹੈ ''ਖੇਡਾਂ ਦਾ ਨਸ਼ਾ''

Saturday, Sep 12, 2020 - 02:06 PM (IST)

ਮਾਛੀਵਾੜਾ ਦੇ ਇਸ ਇਲਾਕੇ ''ਚ ਬੱਚਿਆਂ-ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹੈ ''ਖੇਡਾਂ ਦਾ ਨਸ਼ਾ''

ਮਾਛੀਵਾੜਾ ਸਾਹਿਬ (ਟੱਕਰ) : ਜਿੱਥੇ ਪੰਜਾਬ ਦੀ ਨੌਜਵਾਨੀ ਕੁਰਾਹੇ ਪੈ ਨਸ਼ਿਆਂ ਕਾਰਣ ਬਦਨਾਮ ਹੋ ਰਹੀ ਹੈ, ਉੱਥੇ ਹੀ ਮਾਛੀਵਾੜਾ ਬੇਟ ਖੇਤਰ ਹੈ, ਜਿੱਥੋਂ ਦੇ ਕਈ ਪਿੰਡਾਂ ਨਾਲ ਸਬੰਧਿਤ ਬੱਚਿਆਂ ਤੇ ਨੌਜਵਾਨਾਂ 'ਚ ਖੇਡਾਂ ਦਾ ਨਸ਼ਾ ਸਿਰ ਚੜ੍ਹ ਕੇ ਬੋਲਦਾ ਦਿਖਾਈ ਦੇ ਰਿਹਾ ਹੈ ਅਤੇ ਰੋਜ਼ਾਨਾ ਸੈਂਕੜੇ ਦੀ ਗਿਣਤੀ ਇਹ ਦੇਸ਼ ਦਾ ਭਵਿੱਖ ਸਵੇਰੇ-ਸ਼ਾਮ ਕਸਰਤ ਤੇ ਵੱਖ-ਵੱਖ ਖੇਡਾਂ 'ਚ ਆਪਣਾ ਪਸੀਨਾ ਵਹਾ ਰਹੇ ਹਨ।

PunjabKesari

ਕੋਰੋਨਾ ਮਹਾਮਾਰੀ ਦੌਰਾਨ ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਸਕੂਲ, ਕਾਲਜ ਬੰਦ ਪਏ ਹਨ, ਜਿੱਥੇ ਕਈ ਬੱਚੇ ਇਸ ਤਾਲਾਬੰਦੀ ਦੌਰਾਨ ਵਿਹਲੇ ਸਮੇਂ ਮੋਬਾਇਲ ਫੋਨਾਂ ’ਤੇ ਗੇਮਾਂ ਖੇਡ ਕੇ ਬਿਤਾ ਰਹੇ ਹਨ ਪਰ ਕੋਟਾਲਾ ਬੇਟ, ਭੌਰਲਾ ਬੇਟ, ਗੌਂਸਗੜ੍ਹ, ਸਿਕੰਦਰਪੁਰ, ਮਾਛੀਵਾੜਾ ਖਾਮ, ਹੇਡੋਂ ਬੇਟ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਕੋਟਾਲਾ ਬੇਟ ਦੇ ਕਬੱਡੀ ਖਿਡਾਰੀਆਂ ਨੇ ਅਜਿਹਾ ਲਾਮਬੰਦ ਕਰ ਖੇਡਾਂ ਪ੍ਰਤੀ ਜਨੂੰਨ ਭਰ ਦਿੱਤਾ, ਜਿਸ ਕਾਰਣ 3 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਨੌਜਵਾਨ ਰੋਟੀ ਖਾਣਾ ਭੁੱਲ ਸਕਦੇ ਹਨ ਪਰ ਮੈਦਾਨ 'ਚ ਜਾ ਕੇ ਕਸਰਤ ਕਰਨਾ ਨਹੀਂ। ਕੋਟਾਲਾ ਬੇਟ ਪਿੰਡ ਜਿੱਥੇ ਕਿ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਹੋਏ, ਜਿਨ੍ਹਾਂ ’ਚ ਸਾਬੀ ਕੋਟਾਲਾ, ਅੰਗਰੇਜ਼ ਚੀਮਾ ਨੇ ਇਸ ਤਾਲਾਬੰਦੀ ਦੌਰਾਨ ਘਰਾਂ 'ਚ ਵਿਹਲੇ ਬੈਠੇ ਬੱਚਿਆਂ ਨੂੰ ਖੇਡ ਮੈਦਾਨ ਨਾਲ ਜੋੜਨਾ ਸ਼ੁਰੂ ਕੀਤਾ। ਉਕਤ ਖਿਡਾਰੀਆਂ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਪੰਚਾਇਤ ਦੀ ਮਦਦ ਨਾਲ ਖੇਡ ਮੈਦਾਨ ਨੂੰ ਭਰਤੀ ਪਾ ਕੇ ਸੰਵਾਰਿਆ ਅਤੇ ਘਰਾਂ 'ਚ ਵਿਹਲੇ ਬੈਠੇ ਬੱਚਿਆਂ ਤੇ ਨੌਜਵਾਨਾਂ ਨੂੰ ਸਵੇਰੇ-ਸ਼ਾਮ ਕਸਰਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ 'ਚ ਖਿਡਾਰੀਆਂ ਦਾ ਇਹ ਕਾਫ਼ਿਲਾ ਅਜਿਹਾ ਵਧਿਆ ਕਿ ਹੁਣ ਰੋਜ਼ਾਨਾ 150 ਤੋਂ 200 ਆਸ-ਪਾਸ ਪਿੰਡਾਂ ਦੇ ਬੱਚੇ ਤੇ ਨੌਜਵਾਨ ਕਸਰਤ ਕਰਨ ਆਉਂਦੇ ਹਨ, ਜਿਨ੍ਹਾਂ ਨੂੰ ਕਬੱਡੀ ਦੀ ਵੀ ਕੋਚਿੰਗ ਦਿੱਤੀ ਜਾਂਦੀ ਹੈ।
 ਕੋਚ ਅੰਗਰੇਜ਼ ਸਿੰਘ ਚੀਮਾ, ਸੁੱਖੀ ਝਾੜ ਸਾਹਿਬ ਨੇ ਦੱਸਿਆ ਕਿ ਬੱਚਿਆਂ 'ਚ ਖੇਡਾਂ ਪ੍ਰਤੀ ਹੁਣ ਅਜਿਹਾ ਉਤਸ਼ਾਹ ਭਰ ਗਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਅੱਧਾ ਘੰਟਾ ਵੱਖ-ਵੱਖ ਤਰ੍ਹਾਂ ਦੀ ਕਸਰਤ ਕਰਵਾਈ ਜਾਂਦੀ ਹੈ ਅਤੇ ਫਿਰ ਆਪਸ 'ਚ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਤੇ ਨੌਜਵਾਨਾਂ ਨੂੰ ਚੰਗੀ ਸੇਧ ਦੇਣਾ ਹੈ ਤਾਂ ਜੋ ਉਹ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਤਿਆਗ ਕਰ ਖੇਡਾਂ ਨੂੰ ਹੀ ਆਪਣਾ ਨਸ਼ਾ ਬਣਾ ਲੈਣ। ਖੇਡ ਮੈਦਾਨ ’ਚ ਮੌਜੂਦ ਯਾਦਵਿੰਦਰ ਸਿੰਘ, ਬੱਬੂ ਕੋਟਾਲਾ, ਸਪੋਰਟਸ ਪ੍ਰਧਾਨ ਮਨਦੀਪ ਸਿੰਘ, ਜਸਵੀਰ ਜੱਸੀ, ਦਵਿੰਦਰ ਸਿੰਘ ਚੀਮਾ, ਹਰਭਜਨ ਸਿੰਘ ਨੰਬਰਦਾਰ, ਸ਼ਾਮ ਸਿੰਘ ਨੇ ਕਿਹਾ ਕਿ ਕੋਟਾਲਾ ਬੇਟ ਦੇ ਖੇਡ ਮੈਦਾਨ 'ਚ ਰੋਜ਼ਾਨਾ ਸਵੇਰੇ-ਸ਼ਾਮ ਖੇਡਦਾ 200 ਖਿਡਾਰੀ ਹੋਰਨਾਂ ਲਈ ਵੀ ਪ੍ਰੇਰਣਾ ਦਾ ਕੇਂਦਰ ਬਣੇ ਹੋਏ ਹਨ।

ਫ਼ੌਜ ਤੇ ਪੁਲਸ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ ਵਿਸ਼ੇਸ਼ ਸਿਖਲਾਈ

ਮਾਛੀਵਾੜਾ ਬੇਟ ਖੇਤਰ ਦੇ ਕਈ ਨੌਜਵਾਨ ਪਹਿਲਾਂ ਵੀ ਫ਼ੌਜ ਤੇ ਪੁਲਸ ’ਚ ਭਰਤੀ ਹੋ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਕੋਟਾਲਾ ਬੇਟ ਦੇ ਇਸ ਖੇਡ ਮੈਦਾਨ ’ਚ ਕੋਚ ਅੰਗਰੇਜ਼ ਸਿੰਘ, ਸੁੱਖੀ ਝਾੜ ਸਾਹਿਬ ਵੱਲੋਂ ਇਸ ਨੌਕਰੀ ਦੇ ਇਛੁੱਕ ਨੌਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 20 ਤੋਂ 30 ਨੌਜਵਾਨ ਅਜਿਹੇ ਖੇਡ ਮੈਦਾਨ ’ਚ ਆਉਂਦੇ ਹਨ, ਜੋ ਪੁਲਸ ਤੇ ਫ਼ੌਜ ’ਚ ਭਰਤੀ ਹੋਣ ਲਈ ਅਭਿਆਸ ਕਰ ਰਹੇ ਹਨ ਤਾਂ ਜੋ ਫਿਟਨੈੱਸ ਟੈਸਟ ’ਚ ਪਾਸ ਹੋ ਸਕਣ।


author

Babita

Content Editor

Related News