ਗਗਨੇਜਾ ਕਤਲਕਾਂਡ : ਜੰਡਿਆਲਾ ਮੰਜਕੀ ''ਚ ਜੱਗੀ ਦੇ ਪਿਤਾ ਦੀ ਬਜ਼ੁਰਗ ਭੂਆ ਰਹਿੰਦੀ ਹੈ, ਨਾ ਕੀ ਦਾਦੀ
Thursday, Nov 09, 2017 - 12:04 PM (IST)
ਜਲੰਧਰ (ਮਹੇਸ਼) — ਆਰ. ਐੱਸ. ਐੱਸ. ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦੇ ਮਾਮਲੇ 'ਚ ਫੜੇ ਗਏ ਥਾਣਾ ਸਦਰ ਦੇ ਪਿੰਡ ਜੰਡਿਆਲਾ ਮੰਜਕੀ (ਗਗੜ ਪੱਤੀ) ਦੇ ਨਿਵਾਸੀ ਜਗਤਾਰ ਸਿੰਘ ਉਰਫ ਜੱਗੀ ਜੌਹਲ ਦੇ ਪਿੰਡ ਦਾ ਦੌਰਾ ਕਰਨ 'ਤੇ ਉਸ ਦੇ ਘਰ ਨੇੜੇ ਰਹਿੰਦੇ ਲੋਕਾਂ ਤੋਂ ਇਹ ਜਾਣਕਾਰੀ ਮਿਲੀ ਕਿ ਜੱਗੀ ਦੇ ਪਿਤਾ ਜਸਵੀਰ ਸਿੰਘ ਪੂਰੇ ਪਰਿਵਾਰ ਸਮੇਤ ਪਿੱਛਲੇ 35 ਸਾਲ ਤੋਂ ਇੰਗਲੈਂਡ 'ਚ ਰਹਿ ਰਹੇ ਹਨ ਤੇ ਜਗਤਾਰ ਜੱਗੀ ਦਾ ਜਨਮ ਵੀ ਉਥੇ ਦਾ ਹੈ।
ਗਗੜ ਪੱਤੀ ਸਥਿਤ ਉਨ੍ਹਾਂ ਦੇ ਘਰ 'ਚ ਜੱਗੀ ਦੇ ਪਿਤਾ ਦੀ ਬਜ਼ੁਰਗ ਭੂਆ ਗੁਰਮੇਜ ਕੌਰ ਰਹਿੰਦੀ ਹੈ, ਨਾ ਕੀ ਦਾਦੀ। ਜੱਗੀ ਦੇ ਦਾਦਾ ਤਰਸੇਮ ਸਿੰਘ ਦੇ 2 ਵਿਆਹ ਹੋਏ ਸਨ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ। ਕਰੀਬ 8-10 ਸਾਲ ਪਹਿਲਾਂ ਦਾਦਾ ਤਰਸੇਮ ਸਿੰਘ ਦੀ ਵੀ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਦੂਜੀ ਪਤਨੀ ਵਿਦੇਸ਼ 'ਚ ਹੀ ਰਹਿੰਦੀ ਹੈ। ਉਸ ਦੇ ਬੱਚਿਆਂ ਬਾਰੇ ਗਗੜ ਪੱਤੀ ਨਿਵਾਸੀਆਂ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਜੱਗੀ ਦੇ ਪਿਤਾ ਵਿਦੇਸ਼ 'ਚ ਵੱਡੇ ਕਾਰੋਬਾਰੀ ਹੋਣ ਦੇ ਬਾਵਜੂਦ ਵੀ ਆਪਣੇ ਖੇਤਰ ਨਾਲ ਜੁੜੇ ਹੋਏ ਹਨ। ਉਹ ਅਕਸਰ ਇਥੇ ਆਉਂਦੇ ਹਨ। ਘਰ ਤੋਂ ਕੁਝ ਦੂਰੀ 'ਤੇ ਸਥਿਤ ਬਾਬਾ ਦੇਹਰਾ ਸਾਹਿਬ ਭੰਗਾਲਾ-ਜੰਡਿਆਲਾ 'ਚ ਉਹ ਹਰ ਸਾਲ ਵਿਸਾਖੀ ਮੇਲੇ 'ਤੇ ਆਪਣੇ ਪਰਿਵਾਰ ਨਾਲ ਮਿਲ ਕੇ ਲੰਗਰ ਵੀ ਲਗਾਉਂਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਉਕਤ ਧਾਰਮਿਕ ਸਥਾਨ 'ਤੇ ਹੀ ਮੁਫਤ ਮੈਡਿਕਲ ਕੈਂਪ ਵੀ ਲਗਾਇਆ ਸੀ। 4-5 ਦਿਨ ਪਹਿਲਾਂ ਹੀ ਜੱਗੀ ਦੇ ਪਿਤਾ ਜਸਵੀਰ ਸਿੰਘ ਜੰਡਿਆਲਾ ਮੰਜਕੀ (ਗਗੜ ਪੱਤੀ) ਤੋਂ ਵਿਦੇਸ਼ ਗਏ ਸਨ। ਜੱਗੀ ਦਾ ਅਪਰਾਧ ਦੀ ਦੁਨੀਆਂ ਨਾਲ ਕੋਈ ਪੁਰਾਣਾ ਨਾਤਾ ਹੋਣ ਨੂੰ ਲੈ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦੇ ਸਮਾਚਾਰ ਪੱਤਰਾਂ ਤੋਂ ਉਨ੍ਹਾਂ ਨੂੰ ਜਗਤਾਰ ਸਿੰਘ ਜੱਗੀ ਦੇ ਵੱਡੇ ਅਪਰਾਧ ਨਾਲ ਜੁੜੇ ਹੋਣ ਬਾਰੇ ਜਾਣਕਾਰੀ ਮਿਲੀ ਹੈ। ਉਹ ਇਨ੍ਹਾਂ ਗੱਲਾਂ ਨੂੰ ਸੁਣ ਕੇ ਕਾਫੀ ਹੈਰਾਨ ਹਨ ਕਿ 30 ਸਾਲ ਤੋਂ ਘੱਟ ਉਮਰ ਦਾ ਜੱਗੀ ਜੌਹਲ, ਜੋ ਕਿ ਇਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਉਹ ਅਪਰਾਧ ਦੀ ਦੁਨੀਆ ਨਾਲ ਕਿਵੇਂ ਜੁੜ ਗਿਆ? ਕੁਝ ਲੋਕ ਗੱਲਬਾਤ ਕਰਦੇ ਹੋਏ ਸ਼ਰਮ ਮਹਿਸੂਸ ਕਰ ਰਹੇ ਸਨ ਕਿ ਪੰਜਾਬ 'ਚ ਮਾਹੌਲ ਖਰਾਬ ਕਰਨ ਲਈ ਉਨ੍ਹਾਂ ਦੇ ਪਿੰਡ ਦਾ ਇਕ ਐੱਨ. ਆਰ. ਆਈ. ਨੌਜਵਾਨ ਅਪਰਾਧਿਕ ਅਨਸਰਾਂ ਦੀ ਮਦਦ ਕਰਕੇ ਬਹੁਤ ਹੀ ਘਿਨੌਣਾ ਕੰਮ ਕਰ ਰਿਹਾ ਸੀ।
