ਟਾਰਗੈੱਟ ਕਿਲਿੰਗ : ਗੁਗਨੀ ਦੇ ਮੈਨੇਜਰ ਅਨਿਲ ਕਾਲਾ ਦਾ ਰਿਮਾਂਡ 3 ਦਿਨ ਲਈ ਵਧਿਆ
Friday, Dec 08, 2017 - 06:51 AM (IST)
ਲੁਧਿਆਣਾ (ਮਹਿਰਾ) - ਸ਼੍ਰੀ ਹਿੰਦੂ ਤਖਤ ਦੇ ਜ਼ਿਲਾ ਪ੍ਰਚਾਰਕ ਅਮਿਤ ਸ਼ਰਮਾ ਦੇ ਕਤਲ ਕੇਸ ਵਿਚ ਨਾਮਜ਼ਦ ਗੈਂਗਸਟਰ ਧਰਮਿੰਦਰ ਗੁਗਨੀ ਦੇ ਪੈਟਰੋਲ ਪੰਪ ਦੇ ਮੈਨੇਜਰ ਅਨਿਲ ਕੁਮਾਰ ਉਰਫ ਕਾਲਾ ਨਿਵਾਸੀ ਗੌਤਮ ਕਾਲੋਨੀ ਜਗੀਰਪੁਰ ਨੂੰ ਅੱਜ ਇਲਾਕਾ ਮੈਜਿਸਟਰੇਟ ਰਾਜਿੰਦਰ ਸਿੰਘ ਨਾਗਪਾਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਸਰਕਾਰੀ ਵਕੀਲ ਰਾਜਬੀਰ ਸਿੰਘ ਚਾਹਲ ਅਤੇ ਮਨਜਿੰਦਰ ਕੌਰ ਨੇ ਦੋਸ਼ੀ ਨੂੰ ਪੁਲਸ ਰਿਮਾਂਡ 'ਤੇ ਦੇਣ ਦੀ ਮੰਗ ਕੀਤੀ।
ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਦੱਸਿਆ ਕਿ ਅਦਾਲਤ ਵਿਚ ਸਰਕਾਰੀ ਵਕੀਲਾਂ ਨੇ ਮੁਦਈ ਧਿਰ ਦਾ ਪੱਖ ਠੋਸ ਤਰੀਕੇ ਨਾਲ ਰੱਖਦੇ ਹੋਏ ਅਦਾਲਤ ਨੂੰ ਦੱਸਿਆ ਕਿ ਅਮਿਤ ਸ਼ਰਮਾ ਦੇ ਕਤਲ 'ਚ ਵਰਤੇ ਗਏ ਹਥਿਆਰਾਂ ਨੂੰ ਬਰਾਮਦ ਕਰਨਾ ਹੈ ਤੇ ਪੁੱਛਗਿੱਛ ਕਰਨੀ ਹੈ ਕਿ ਕਿਹੜੇ-ਕਿਹੜੇ ਹਥਿਆਰ ਵਰਤੋਂ ਵਿਚ ਲਿਆਂਦੇ ਗਏ ਸਨ।
ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀ ਪੁਲਸ ਨੂੰ ਪੁੱਛÎਗਿੱਛ ਵਿਚ ਸਹਿਯੋਗ ਨਹੀਂ ਦੇ ਰਿਹਾ ਤੇ ਪੁਲਸ ਵੱਲੋਂ ਦੋਸ਼ੀ ਤੋਂ ਅਜੇ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਹਥਿਆਰ ਕਿੱਥੋਂ ਖਰੀਦਦੇ ਅਤੇ ਵੇਚਦੇ ਸਨ। ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਦੋਸ਼ੀ ਅਨਿਲ ਨੂੰ ਮੁੜ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਨਾਲ ਹੀ ਤਲਜੀਤ ਸਿੰਘ ਜਿੰਮੀ ਨੂੰ ਅੱਜ ਮਲੌਦ ਪੁਲਸ ਵੱਲੋਂ ਟ੍ਰਾਂਜ਼ਿਟ ਰਿਮਾਂਡ 'ਤੇ ਲੈ ਕੇ ਉਸ ਨੂੰ ਪਾਇਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਲੌਦ ਪੁਲਸ ਨੇ ਇਸੇ ਸਾਲ ਥਾਣੇ ਵਿਚ ਦਰਜ ਧਾਰਾ 302, 34 ਆਈ. ਪੀ. ਸੀ. ਅਤੇ ਅਨਲਾਅਫੁਲ ਐਕਟੀਵਿਟੀਜ਼ ਪ੍ਰੀਵੈਨਸ਼ਨ ਐਕਟ ਤਹਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਡੇਰਾ ਸੱਚਾ ਸੌਦਾ ਪ੍ਰੇਮੀ ਸਤਪਾਲ ਸ਼ਰਮਾ ਅਤੇ ਉਸ ਦੇ ਬੇਟੇ ਰਮੇਸ਼ ਦੇ ਕਤਲ ਵਿਚ ਵੀ ਅਹਿਮ ਰੋਲ ਨਿਭਾਇਆ ਹੈ। ਪਾਇਲ ਦੀ ਅਦਾਲਤ ਨੇ ਦੋਸ਼ ਜਿੰਮੀ ਨੂੰ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
