ਜੀ-20 ਸੰਮੇਲਨ : 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ਦੇ ਆਉਣ-ਜਾਣ ਵਾਲੇ ਪੁਆਇੰਟਾਂ ’ਤੇ ਲਗਾਏ 112 ਮਜ਼ਬੂਤ ਨਾਕੇ

Tuesday, Mar 14, 2023 - 02:13 AM (IST)

ਜੀ-20 ਸੰਮੇਲਨ : 10 ਅੰਤਰਰਾਜੀ ਸਰਹੱਦੀ ਜ਼ਿਲ੍ਹਿਆਂ ਦੇ ਆਉਣ-ਜਾਣ ਵਾਲੇ ਪੁਆਇੰਟਾਂ ’ਤੇ ਲਗਾਏ 112 ਮਜ਼ਬੂਤ ਨਾਕੇ

ਚੰਡੀਗੜ੍ਹ (ਬਿਊਰੋ) : ਜੀ-20 ਸੰਮੇਲਨ ਦੇ ਮੱਦੇਨਜ਼ਰ ਪੰਜਾਬ ਪੁਲਸ ਵੱਲੋਂ ਇਸ ਸਮਾਗਮ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ, ਜਿਸ ਦੇ ਹਿੱਸੇ ਵਜੋਂ ਵਿਸ਼ੇਸ਼ ਮੁਹਿੰਮ ’ਓ.ਪੀ.ਐੱਸ ਸੀਲ-2’ ਚਲਾਈ ਗਈ, ਜਿਸ ਤਹਿਤ ਸਰਹੱਦੀ ਸੂਬੇ ਪੰਜਾਬ ’ਚ ਦਾਖ਼ਲ ਹੋਣ ਵਾਲੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਉਦੇਸ਼ ਨਾਲ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਦੀਆਂ ਸਾਰੀਆਂ ਅੰਤਰ-ਰਾਜੀ ਸੀਮਾਵਾਂ ’ਤੇ ਇਹ ਮੁਹਿੰਮ ਚਲਾਈ ਗਈ।

PunjabKesari

ਇਸ ਮੁਹਿੰਮ ਦੌਰਾਨ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਹਰਿਆਣਾ ਦੀ ਸਰਹੱਦ ਨਾਲ ਲੱਗਦੇ 10 ਜ਼ਿਲ੍ਹਿਆਂ ਦੇ ਸਾਰੇ ਆਉਣ-ਜਾਣ ਵਾਲੇ ਪੁਆਇੰਟਾਂ ’ਤੇ ਇੰਸਪੈਕਟਰਾਂ/ਡੀ.ਐੱਸ.ਪੀਜ਼ ਦੀ ਨਿਗਰਾਨੀ ਹੇਠ ਸੰਪੂਰਨ ਤਾਲਮੇਲ ਵਾਲੇ ਮਜ਼ਬੂਤ 112 ਨਾਕੇ ਲਗਾਏ ਗਏ, ਜਿਨ੍ਹਾਂ ’ਚ 1500 ਤੋਂ ਵੱਧ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਨ੍ਹਾਂ 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਵਿਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐੱਸ.ਏ.ਐੱਸ. ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

PunjabKesari

ਇਹ ਮੁਹਿੰਮ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਵੱਖ-ਵੱਖ ਥਾਵਾਂ ’ਤੇ ਇਕੋ ਸਮੇਂ ਚਲਾਈ ਗਈ ਅਤੇ ਸਾਰੇ ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ.) ਨੂੰ ਗਜ਼ਟਿਡ ਅਧਿਕਾਰੀਆਂ/ਐੱਸ.ਐੱਚ.ਓਜ਼ ਦੀ ਨਿਗਰਾਨੀ ਹੇਠ ਸਾਰੇ ਮੁਹੱਤਵਪੂਰਨ ਸਥਾਨਾਂ ’ਤੇ ਮਜ਼ਬੂਤ ’ਨਾਕੇ’ ਲਗਾਉਣ ਲਈ ਵੱਧ ਤੋਂ ਵੱਧ ਅਧਿਕਾਰੀਆਂ ਅਤੇ ਸਟਾਫ਼ ਨੂੰ ਤਾਇਨਾਤ ਕਰਨ ਲਈ ਕਿਹਾ ਗਿਆ ਸੀ।

ਵੇਰਵੇ ਦਿੰਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.ਪੀ.) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਵਿਚ ਦਾਖ਼ਲ ਹੋਣ ਵਾਲੇ 5669 ਵਾਹਨਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ’ਚੋਂ 300 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 39 ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ 21 ਐੱਫ.ਆਈ.ਆਰਜ਼ ਵੀ ਦਰਜ ਕੀਤੀਆਂ ਗਈਆਂ ਹਨ ਅਤੇ ਇਕ ਭਗੌੜੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਟੀਮਾਂ ਵੱਲੋਂ 3 ਕਿਲੋ ਭੁੱਕੀ, 3.8 ਕਿਲੋ ਅਫੀਮ, 140 ਗ੍ਰਾਮ ਹੈਰੋਇਨ ਅਤੇ ਦੋ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ’ਚ ਗੈਰ-ਕਾਨੂੰਨੀ ਹਥਿਆਰਾਂ ਤੇ ਗੋਲਾ-ਬਾਰੂਦ, ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਦੇ ਨਾਲ-ਨਾਲ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਸੀ।


author

Manoj

Content Editor

Related News