ਗ਼ਮਗੀਨ ਮਾਹੌਲ 'ਚ ਹੋਇਆ ਕਾਂਸਟੇਬਲ ਪਰਮਿੰਦਰ ਸਿੰਘ ਦਾ ਸੰਸਕਾਰ, ਕੁੱਟਮਾਰ ਕਾਰਨ ਹੋਇਆ ਸੀ ਦੇਹਾਂਤ
Wednesday, Jan 25, 2023 - 09:04 PM (IST)

ਕਪੂਰਥਲਾ (ਓਬਰਾਏ): ਪਿਛਲੇ ਸਾਲ ਅਕਤੂਬਰ ਮਹੀਨੇ 'ਚ ਕਾਰ ਨੂੰ ਓਵਰਟੇਕ ਕਰਨ 'ਤੇ ਲੋਕਾਂ ਵੱਲੋਂ ਹੋਈ ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ ਜ਼ਖ਼ਮੀ ਹੋਇਆ ਕਾਂਸਟੇਬਲ ਪਰਮਿੰਦਰ ਸਿੰਘ ਕੋਮਾ 'ਚ ਚਲਾ ਗਿਆ ਸੀ। 22 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਅੱਜ ਉਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਧੰਧਲਾ ਵਿਖੇ ਗ਼ਮਗੀਨ ਮਾਹੌਲ ਵਿਚ ਕਰ ਦਿੱਤਾ ਗਿਆ। ਇਸ ਦੌਰਾਨ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਮ੍ਰਿਤਕ ਨੂੰ ਸ਼ਰਧਾਂਜਲੀ ਵਜੋਂ ਸਲਾਮੀ ਵੀ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 29 IAS ਅਤੇ PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਪੜ੍ਹੋ ਸੂਚੀ
ਦੱਸ ਦੇਈਏ ਕਿ ਕਾਰ ਨੂੰ ਓਵਰਟੇਕ ਕਰਨ 'ਤੇ ਲੋਕਾਂ ਨੇ ਪੁਲਸ ਮੁਲਾਜ਼ਮ ਦੀ ਕੁੱਟਮਾਰ ਕਰ ਦਿੱਤੀ ਸੀ। ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਨੇ 22 ਜਨਵਰੀ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਮੁਲਾਜ਼ਮ ਤਿੰਨ ਮਹੀਨਿਆਂ ਤੋਂ ਕੋਮਾ 'ਚ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ। ਪਿਛਲੇ ਸਾਲ ਅਕਤੂਬਰ 'ਚ ਕਪੂਰਥਲਾ-ਨਕੋਦਰ ਰੋਡ 'ਤੇ ਪਿੰਡ ਤਲਵੰਡੀ ਮਹਿਮਾ ਨੇੜੇ ਓਵਰਟੇਕ ਨੂੰ ਲੈ ਕੇ ਦੋ ਕਾਰ ਚਾਲਕਾਂ ਵਿਚਾਲੇ ਹੋਏ ਮਾਮੂਲੀ ਝਗੜੇ ਨੇ ਤਿੱਖਾ ਰੂਪ ਧਾਰ ਲਿਆ ਸੀ, ਜਿਸ ਕਾਰਨ ਦੋ ਪੁਲਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਜਿਸ ਦੇ ਬਾਅਦ ਡਿਊਟੀ ਡਾਕਟਰ ਨੇ ਇਕ ਪੁਲਸ ਮੁਲਾਜ਼ਮ ਅਤੇ ਰਾਹਗੀਰ ਦੀ ਹਾਲਤ ਗੰਭੀਰ ਦੱਸਦਿਆਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ, ਜਦਕਿ ਇਕ ਪੁਲਸ ਮੁਲਾਜ਼ਮ ਸਿਵਲ ਵਿਚ ਜ਼ੇਰੇ ਇਲਾਜ ਹੈ।
ਇਹ ਖ਼ਬਰ ਵੀ ਪੜ੍ਹੋ - ਮੋਹਾਲੀ ਆਰਪੀਜੀ ਹਮਲਾ: NIA ਨੂੰ ਮਿਲੀ ਵੱਡੀ ਸਫ਼ਲਤਾ, ਦੀਪਕ ਰੰਗਾ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ
ਜ਼ਖ਼ਮੀਆਂ ਦੀ ਪਛਾਣ ਕਾਂਸਟੇਬਲ ਪਰਮਿੰਦਰ ਸਿੰਘ ਵਾਸੀ ਪਿੰਡ ਧੰਦਲ ਥਾਣਾ ਸਦਰ, ਕਾਂਸਟੇਬਲ ਨਵਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੈਦੋਵਾਲ ਅਤੇ ਤੀਜੇ ਜ਼ਖ਼ਮੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਸੀ। ਇਸ ਮਾਮਲੇ 'ਚ ਪੁਲਸ ਪਾਰਟੀ ਨਾਲ ਨੌਜਵਾਨਾਂ ਦੀ ਝੜਪ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸੀ. ਆਈ. ਏ. ਸਟਾਫ਼ 'ਚ ਤਾਇਨਾਤ ਹੌਲਦਾਰ ਪਰਮਿੰਦਰ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ।
ਵੀਡੀਓ ਹੋਈ ਸੀ ਵਾਇਰਲ
ਵਾਇਰਲ ਵੀਡੀਓ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਦੋਂ ਹਮਲਾਵਰ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਰਹੇ ਸਨ ਤਾਂ ਕੁਝ ਪਿੰਡ ਵਾਸੀ ਵੀ ਭੀੜ ਵਿੱਚ ਸ਼ਾਮਲ ਹੋ ਗਏ ਅਤੇ ਕਾਂਸਟੇਬਲ ਪਰਮਿੰਦਰ ਸਿੰਘ ਨੂੰ ਸੜਕ ’ਤੇ ਘੜੀਸਣ ਲੱਗੇ ਅਤੇ ਉਨ੍ਹਾਂ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੌਲਦਾਰ ਪਰਮਿੰਦਰ ਸਿੰਘ ਅਤੇ ਰਾਹਗੀਰ ਮਨਪ੍ਰੀਤ ਸਿੰਘ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।
ਇਸ ਮਾਮਲੇ 'ਚ ਪੁਲਸ ਨੇ 13 ਲੋਕਾਂ 'ਤੇ ਕਾਤਲਾਨਾ ਹਮਲਾ ਅਤੇ ਕੁੱਟਮਾਰ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਮਾਮਲੇ 'ਚ ਕਤਲ ਦੀਆਂ ਧਾਰਾਵਾਂ ਤਹਿਤ ਜੁਰਮ ਵਧਣ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।