ਬੇਹੱਦ ਸ਼ਰਮਨਾਕ, ਕੂੜੇ ਵਾਲੀ ਗੱਡੀ 'ਚ ਢੋਹੀਆਂ ਜਾ ਰਹੀਆਂ ਲਾਸ਼ਾਂ (ਵੀਡੀਓ)
Wednesday, Oct 23, 2019 - 12:12 PM (IST)
ਫਤਿਹਗੜ੍ਹ ਸਾਹਿਬ (ਵਿਪਨ)—ਸਰਹਿੰਦ ਨਗਰ ਕੌਂਸਲ 'ਚ ਇਨਸਾਨੀਅਤ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲਾਸ਼ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਰੱਖ ਕੇ ਸ਼ਮਸ਼ਾਨ ਘਾਟ ਸੰਸਕਾਰ ਕਰਨ ਲਈ ਲਿਆਂਦਾ ਗਿਆ ਹੈ। ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਿੰਡ ਕੋਟਲਾ ਭਾਈ ਕੇ ਨੇੜੇ ਰੇਲ ਗੱਡੀ 'ਚੋਂ ਡਿੱਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਤੇ ਜੀ. ਆਰ.ਪੀ, ਸਰਹਿੰਦ ਪੁਲਸ ਨੇ ਲਾਸ਼ ਦੀ ਪਛਾਣ ਲਈ ਉਸ ਨੂੰ 72 ਘੰਟੇ ਲਈ ਸਿਵਲ ਹਸਪਤਾਲ ਰਖਵਾ ਦਿੱਤਾ। ਸਮਾਂ ਬੀਤ ਜਾਣ ਮਗਰੋਂ ਫਤਿਹਗੜ੍ਹ ਸਾਹਿਬ 'ਚ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਸੰਸਕਾਰ ਲਈ ਸਰਹਿੰਦ ਨਗਰ ਕੌਂਸਲ ਨੂੰ ਸੌਂਪ ਦਿੱਤਾ ਗਿਆ, ਜਿੱਥੇ ਨਗਰ ਕੌਂਸਲ ਦੇ ਮੁਲਾਜ਼ਮ ਨੇ ਲਾਸ਼ ਨੂੰ ਕੂੜੇ ਵਾਲੀ ਗੱਡੀ 'ਚ ਪਾ ਕੇ ਸ਼ਮਸ਼ਾਨ ਘਾਟ ਲੈ ਗਏ।
ਇੰਨਾ ਹੀ ਨਹੀਂ ਮੁਲਾਜ਼ਮਾਂ ਨੇ ਲਾਸ਼ ਦਾ ਸੰਸਕਾਰ ਵੀ ਇੰਝ ਕੀਤਾ ਜਿਵੇਂ ਕਿਸੇ ਫਾਲਤੂ ਸਾਮਾਨ ਨੂੰ ਅੱਗ ਲਗਾਈ ਗਈ ਹੋਵੇ, ਉਥੇ ਹੀ ਜਦੋਂ ਇਹ ਸਾਰਾ ਮਾਮਲਾ ਡੀ.ਸੀ. ਪ੍ਰਸ਼ਾਂਤ ਕੁਮਾਰ ਗੋਇਲ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।ਖੈਰ ਵਜ੍ਹਾ ਭਾਵੇਂ ਕੁਝ ਵੀ ਰਹੀ ਹੋਵੇ ਪਰ ਇਨਸਾਨੀ ਲਾਸ਼ ਦੀ ਇਸ ਤਰ੍ਹਾਂ ਬੇਕਦਰੀ ਕਿਸੇ ਲਿਹਾਜ਼ ਨਾਲ ਵੀ ਸਹੀ ਨਹੀਂ ਹੈ।