ਡੇਰਾ ਮੁਖੀ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਕੀਤੇ ਪੁਖਤਾ ਪ੍ਰਬੰਧ

Thursday, Aug 24, 2017 - 08:02 AM (IST)

ਡੇਰਾ ਮੁਖੀ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਕੀਤੇ ਪੁਖਤਾ ਪ੍ਰਬੰਧ

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ 25 ਅਗਸਤ ਨੂੰ ਪੰਚਕੂਲਾ ਦੀ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਜਿੱਥੇ ਪੰਜਾਬ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।  ਮਾਲਵਾ ਪੰਜਾਬ ਦਾ ਉਹ ਖੇਤਰ ਹੈ, ਜਿੱਥੇ ਡੇਰਾ ਪੈਰੋਕਾਰਾਂ ਦੀ ਗਿਣਤੀ ਜ਼ਿਆਦਾ ਹੈ।  ਕੁਝ ਡੇਰਾ ਪ੍ਰੇਮੀਆਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨ 'ਤੇ ਭਾਵੇਂ ਉਨ੍ਹਾਂ ਅਗਲੀ ਰਣਨੀਤੀ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਸਿਰਫ ਇੰਨਾ ਆਖ ਕੇ ਹੀ ਆਪਣੀ ਗੱਲ ਖਤਮ ਕਰ ਦਿੱਤੀ ਕਿ ਡੇਰਾ ਕਮੇਟੀ ਵੱਲੋਂ, ਜੋ ਵੀ ਫੈਸਲਾ ਆਵੇਗਾ, ਉਸ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਸ ਪੇਸ਼ੀ ਤੋਂ ਪਹਿਲਾਂ ਪੰਜਾਬ ਦੇ ਆਮ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਆਮ ਲੋਕ ਇਸ ਮਾਮਲੇ ਸਬੰਧੀ ਪਲ-ਪਲ ਦੀ ਜਾਣਕਾਰੀ ਇਕੱਤਰ ਕਰਨ ਲਈ ਮੀਡੀਆ ਨਾਲ ਜੁੜੇ ਹੋਏ ਹਨ ਅਤੇ ਸਮੁੱਚੇ ਪੰਜਾਬੀਆਂ ਦੀਆਂ ਨਜ਼ਰ ਮਾਮਲੇ ਸਬੰਧੀ ਪੰਚਕੂਲਾ ਵਿਖੇ ਪੁੱਜ ਰਹੇ ਡੇਰਾ ਪ੍ਰੇਮੀਆਂ 'ਤੇ ਟਿਕੀਆਂ ਹੋਈਆਂ ਹਨ।
ਜ਼ਿਲਾ ਪ੍ਰਸ਼ਾਸਨ ਤੋਂ ਇਕੱਤਰ ਵੇਰਵਿਆਂ ਅਨੁਸਾਰ ਮੋਗਾ ਜ਼ਿਲੇ 'ਚ ਲੁਧਿਆਣਾ, ਜਲੰਧਰ, ਫਰੀਦਕੋਟ, ਫਿਰੋਜ਼ਪੁਰ ਅਤੇ ਬਰਨਾਲਾ ਤੋਂ ਦਾਖਲ ਹੁੰਦੀਆਂ ਸੜਕਾਂ ਸਮੇਤ ਹੋਰ ਥਾਵਾਂ 'ਤੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾਂ ਪ੍ਰਬੰਧ ਕਰਦਿਆਂ ਥਾਂ-ਥਾਂ 'ਤੇ ਨਾਕੇਬੰਦੀ ਕੀਤੀ ਗਈ ਹੈ। ਇਨ੍ਹਾਂ ਨਾਕਿਆਂ ਕੋਲੋਂ ਲੰਘਣ ਵਾਲੀਆਂ ਗੱਡੀਆਂ ਦੀ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਰੱਖਿਆ ਜਾ ਸਕੇ। ਇਸ ਫੈਸਲੇ ਕਰ ਕੇ ਨੈਸ਼ਨਲ ਅਤੇ ਸਟੇਟ ਮਾਰਗਾਂ ਨੂੰ 25 ਅਗਸਤ ਨੂੰ ਬੰਦ ਰੱਖਣ ਦੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਪੇਸ਼ਨਗੋਈ ਕਰ ਕੇ ਇਸ ਦਿਨ ਨੈਸ਼ਨਲ ਤੇ ਸਟੇਟ ਮਾਰਗਾਂ ਤੋਂ ਲੰਘਣ ਵਾਲੀਆਂ ਬੱਸਾਂ ਦੇ ਚੱਲਣ ਨੂੰ ਲੈ ਕੇ ਵੀ ਭੇਤ ਬਣਿਆ ਹੋਇਆ ਹੈ।


Related News