ਮੋਹਾਲੀ ਦੇ ਸਰਕਾਰੀ ਕਾਲਜ ''ਚ ਆਜ਼ਾਦੀ ਦਿਹਾੜੇ ਸਬੰਧੀ ਹੋਈ ''ਫੁੱਲ ਡਰੈੱਸ ਰਿਹਰਸਲ'' (ਤਸਵੀਰਾਂ)
Friday, Aug 13, 2021 - 02:27 PM (IST)
ਮੋਹਾਲੀ (ਨਿਆਮੀਆਂ) : ਆਜ਼ਾਦੀ ਦਿਹਾੜੇ ਦੇ ਸਮਾਰੋਹ ਲਈ ਅੱਜ ਸਵੇਰੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਕਾਲਜ ਫ਼ੇਜ਼-6, ਮੋਹਾਲੀ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ। ਇਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰੱਕਤ ਕੀਤੀ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਆਜ਼ਾਦੀ ਦਿਹਾੜੇ ਦਾ ਸਮਾਰੋਹ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਸਿਰਫ਼ ਪੰਜਾਬ ਪੁਲਸ ਦੀਆਂ ਟੁਕੜੀਆਂ ਅਤੇ ਐਨ. ਸੀ. ਸੀ. ਕੈਡਿਟਾਂ ਦੀਆਂ ਟੁਕੜੀਆਂ ਹੀ ਪਰੇਡ ਵਿੱਚ ਹਿੱਸਾ ਲੈ ਰਹੀਆਂ ਹਨ। ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਾਮਾਰੀ ਕਾਰਨ ਸੁਰੱਖਿਆ ਉਪਾਵਾਂ ਤਹਿਤ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਮਾਗਮ ਦੀ ਪੂਰੀ ਡਰੈੱਸ ਰਿਹਰਸਲ ਤੋਂ ਬਾਅਦ ਦੱਸਿਆ ਕਿ ਕੋਵਿਡ ਸੰਕਟ ਕਾਰਨ ਆਜ਼ਾਦੀ ਦਿਹਾੜਾ ਸਮਾਰੋਹ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਮੁੱਖ ਮਹਿਮਾਨ ਵੱਲੋਂ ਸੰਬੋਧਨ ਤੇ ਇਨਾਮ ਵੰਡ ਤੱਕ ਸੀਮਤ ਰਹੇਗਾ।
ਉਨ੍ਹਾਂ ਕਿਹਾ ਕਿ ਸੁਰੱਖਿਆ ਮਾਪਦੰਡਾਂ ਕਾਰਨ ਇਸ ਮੌਕੇ ਕੋਈ ਜਨਤਕ ਇਕੱਠ ਨਹੀਂ ਕੀਤਾ ਜਾਵੇਗਾ ਅਤੇ ਨਾ ਕੋਈ ਸਕੂਲੀ ਬੱਚੇ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਸਮਾਗਮ ਵਾਲੀ ਥਾਂ ਦੀ ਪੂਰੀ ਸਫ਼ਾਈ ਤੇ ਸੈਨੇਟਾਈਜੇਸ਼ਨ ਨੂੰ ਸਿਰਫ਼ ਜ਼ਰੂਰੀ ਸਟਾਫ਼ ਨਾਲ ਹੀ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਬਾਵਜੂਦ ਇਹ ਜਸ਼ਨ ਪੂਰੇ ਉਤਸ਼ਾਹ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਸ ਮੁਖੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਕੋਮਲ ਮਿੱਤਲ, ਸਹਾਇਕ ਕਮਿਸ਼ਨਰ (ਜਨਰਲ) ਤਰਸੇਮ ਚੰਦ ਸ਼ਰਮਾ, ਐਸ. ਡੀ. ਐਮ. ਹਰਬੰਸ ਸਿੰਘ, ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਅਤੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਹੋਰ ਹਾਜ਼ਰ ਸਨ।