ਭਗੌੜੀ ਮੁਲਜ਼ਮ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ
Monday, Mar 12, 2018 - 06:09 AM (IST)
ਲਾਂਬੜਾ, (ਵਰਿੰਦਰ)- ਲਾਂਬੜਾ ਪੁਲਸ ਨੇ ਇਕ ਕੇਸ ਸਬੰਧੀ ਆਸਟਰੇਲੀਆ ਨਿਵਾਸੀ ਭਗੌੜੀ ਮੁਲਜ਼ਮ ਦੀ ਐੱਲ. ਓ. ਸੀ. ਜਾਰੀ ਕਰਵਾ ਕੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਰਾਜਵਿੰਦਰ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਗੋਨਾਚੱਕ ਥਾਣਾ ਲਾਂਬੜਾ ਵੱਲੋਂ 20 ਜੂਨ 2016 ਨੂੰ ਆਪਣੇ ਪਤੀ ਅਵਤਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਨਿੱਝਰਾਂ ਥਾਣਾ ਲਾਂਬੜਾ ਹਾਲ ਵਾਸੀ ਆਸਟਰੇਲੀਆ, ਸੱਸ ਕੁਲਦੀਪ ਕੌਰ ਨਿੱਝਰਾਂ ਹਾਲ ਵਾਸੀ ਆਸਟਰੇਲੀਆ ਤੇ ਸਹੁਰਾ ਗੁਰਨਾਮ ਸਿੰਘ ਵਾਸੀ ਨਿੱਝਰਾਂ ਦੇ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਦੂਜਾ ਵਿਆਹ ਕਰਵਾਉਣ ਆਦਿ ਦੋਸ਼ਾਂ ਤਹਿਤ ਕੇਸ ਦਰਜ ਕਰਵਾਇਆ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ 18 ਜੁਲਾਈ 2016 ਨੂੰ ਸਹੁਰਾ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਮੁਲਜ਼ਮ ਲੜਕਾ ਤੇ ਉਸ ਦੀ ਮਾਤਾ ਆਸਟਰੇਲੀਆ 'ਚ ਸਨ। ਇਨ੍ਹਾਂ ਦੋਵਾਂ ਨੂੰ ਕੋਰਟ ਵੱਲੋਂ 11.05.2017 ਨੂੰ ਭਗੌੜੇ ਐਲਾਨ ਕੀਤਾ ਗਿਆ ਤੇ ਇਨ੍ਹਾਂ ਖਿਲਾਫ ਐੱਲ. ਓ. ਸੀ. ਜਾਰੀ ਕੀਤੀ ਗਈ ਸੀ।
ਬੀਤੇ ਕੱਲ ਇਸ ਕੇਸ ਵਿਚ ਭਗੌੜੀ ਐਲਾਨੀ ਗਈ ਮੁਲਜ਼ਮ ਸੱਸ ਕੁਲਦੀਪ ਕੌਰ ਵਿਦੇਸ਼ ਆਸਟਰੇਲੀਆ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਇਸ ਸਬੰਧੀ ਐੱਲ. ਓ. ਸੀ. ਜਾਰੀ ਹੋਣ ਕਾਰਨ ਇਸ ਨੂੰ ਉਥੇ ਹੀ ਰੋਕ ਕੇ ਸਥਾਨਕ ਪੁਲਸ ਨੂੰ ਇਤਲਾਹ ਦਿੱਤੀ ਗਈ। ਇਸ 'ਤੇ ਪੁਲਸ ਵੱਲੋਂ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਮੁਲਜ਼ਮ ਨੂੰ 50 ਹਜ਼ਾਰ ਦੇ ਜਾਤੀ ਮੁਚੱਲਕੇ 'ਤੇ ਜ਼ਮਾਨਤ ਮਿਲ ਗਈ।
