Yes Bank 'ਤੇ ਪਾਬੰਦੀ ਕਾਰਨ ਨਿਰਾਸ਼ਾ ਦਾ ਮਾਹੌਲ, ਕਾਰੋਬਾਰੀਆਂ ਨੇ RBI ਅੱਗੇ ਕੀਤੀ ਇਹ ਅਪੀਲ

03/06/2020 3:24:16 PM

ਪਠਾਨਕੋਟ(ਧਰਮਿੰਦਰ ਠਾਕੁਰ) — ਹਿੰਦੂ ਸਹਿਕਾਰੀ ਬੈਂਕ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਆਰ.ਬੀ.ਆਈ.(RBI)  ਵਲੋਂ ਯੈੱਸ ਬੈਂਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਕਾਰੋਬਾਰੀ ਜਗਤ ਵਿਚ ਨਮੋਸ਼ੀ ਦਾ ਮਾਹੌਲ ਹੈ। ਬੈਂਕ 'ਤੇ ਪਾਬੰਦੀ ਲੱਗਣ ਕਾਰਨ ਖਾਤਾ ਧਾਰਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕਣਗੇ, ਜਿਸ ਕਾਰਨ ਕਾਰੋਬਾਰ ਪ੍ਰਭਾਵਤ ਹੁੰਦਾ ਦਿਖਾਈ ਦੇ ਰਿਹਾ ਹੈ।

ਬੈਂਕ 'ਤੇ ਲੱਗੀ ਇਸ ਪਾਬੰਦੀ ਬਾਰੇ ਜਦੋਂ ਕਾਰੋਬਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਪਹਿਲਾਂ ਰਿਜ਼ਰਵ ਬੈਂਕ ਨੇ ਹਿੰਦੂ ਸਹਿਕਾਰੀ ਬੈਂਕ 'ਤੇ ਪਾਬੰਦੀ ਲਗਾਈ  ਸੀ ਜਿਸ ਕਾਰਨ ਵਾਪਰੀਆਂ ਨੂੰ ਆਪਣੇ ਹੀ ਪੈਸੇ ਬੈਂਕ ਕੋਲੋਂ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ ਅਤੇ ਹੁਣ ਰਿਜ਼ਰਵ ਬੈਂਕ ਨੇ ਯੈੱਸ ਬੈਂਕ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ ਜਿਸ ਦੀਆਂ ਦੇਸ਼ ਭਰ 'ਚ 1000 ਦੇ ਕਰੀਬ ਸ਼ਾਖਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਲਗਾਈ ਗਈ ਪਾਬੰਦੀ ਦੇ ਕਾਰਨ ਹੁਣ ਵਪਾਰੀ ਆਪਣੇ ਹੀ ਖਾਤੇ ਵਿਚੋਂ 50 ਹਜ਼ਾਰ ਤੋਂ ਜ਼ਿਆਦਾ ਰੁਪਏ ਨਹੀਂ ਕਢਵਾ ਸਕਦੇ ਜਿਸ ਕਾਰਨ ਵਪਾਰ 'ਤੇ ਬੁਰਾ ਅਸਰ ਪੈਂਦਾ ਹੈ। ਇਸ ਮੌਕੇ ਵਪਾਰੀਆਂ ਨੇ ਰਿਜ਼ਰਵ ਬੈਂਕ ਅੱਗੇ ਅਪੀਲ ਕੀਤੀ ਹੈ ਕਿ ਰਿਜ਼ਰਵ ਬੈਂਕ ਆਪਣਾ ਪੱਖ ਸਾਫ(ਸਟੈਂਡ ਕਲੀਅਰ) ਕਰੇ ਤਾਂ ਜੋ ਲੋਕਾਂ ਦਾ ਬੈਂਕਾਂ ਤੋਂ ਉੱਠ ਰਿਹਾ ਵਿਸ਼ਵਾਸ ਬਣਿਆ ਰਹੇ। 

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਅਗਲੇ ਇਕ ਮਹੀਨੇ ਲਈ ਯੈੱਸ ਬੈਂਕ ਦੇ ਹਰ ਖਾਤੇ ਵਿਚੋਂ ਸਿਰਫ 50,000 ਰੁਪਏ ਕਢਵਾਉਣ ਦੀ ਹੱਦ ਨਿਰਧਾਰਤ ਕਰ ਦਿੱਤੀ ਹੈ। ਯੈੱਸ ਬੈਂਕ ਦੇ ਬੋਰਡ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਪ੍ਰਬੰਧਕ ਨਿਯੁਕਤ ਕਰ ਦਿੱਤੇ ਗਏ ਹਨ। 

ਰਿਜ਼ਰਵ ਬੈਂਕ ਦੀਆਂ ਯੈੱਸ ਬੈਂਕ ਖਾਤਾ ਧਾਰਕਾਂ 'ਤੇ ਪਾਬੰਦੀਆਂ

  • ਰਿਜ਼ਰਵ ਬੈਂਕ ਨੇ ਯੈੱਸ ਬੈਂਕ 'ਤੇ ਸਖਤ ਪਾਬੰਦੀ ਲਗਾ ਦਿੱਤੀ ਹੈ।
  • ਪਾਬੰਦੀ ਦੇ ਤਹਿਤ ਗਾਹਕ 50 ਹਜ਼ਾਰ ਤੋਂ ਜ਼ਿਆਦਾ ਰਕਮ ਨਹੀਂ ਕਢਵਾ ਸਕਣਗੇ। 
  • 50 ਹਜ਼ਾਰ ਕਢਵਾਉਣ ਦੀ ਹੱਦ 5 ਮਾਰਚ ਤੋਂ 3 ਅਪ੍ਰੈਲ ਤੱਕ ਲਾਗੂ ਰਹੇਗੀ
  • ਰਿਜ਼ਰਵ ਬੈਂਕ ਨੇ ਯੈੱਸ ਬੈਂਕ ਦੇ ਬੋਰਡ ਆਫ ਡਾਇਰੈਕਟਰਸ ਨੂੰ ਭੰਗ ਕਰ ਦਿੱਤਾ ਹੈ।


ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਣੋ ਕਿਵੇਂ ਸ਼ੁਰੂ ਹੋਈ 1000 ਸ਼ਾਖਾਵਾਂ ਵਾਲੇ Yes Bank ਦੀ ਤਬਾਹੀ ਦੀ ਕਹਾਣੀ


Related News