ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ ਫਰੂਟ ਆੜ੍ਹਤੀ ਨੇ ਟਰੇਨ ਹੇਠ ਆ ਕੇ ਕੀਤੀ ਖ਼ੁਦਕੁਸ਼ੀ

Friday, Jul 07, 2023 - 01:25 PM (IST)

ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ ਫਰੂਟ ਆੜ੍ਹਤੀ ਨੇ ਟਰੇਨ ਹੇਠ ਆ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਗੌਤਮ) : ਇੱਥੇ ਨਵੀਂ ਸਬਜ਼ੀ ਮੰਡੀ ’ਚ ਵੀਰਵਾਰ ਸਵੇਰੇ ਫਰੂਟ ਦੀ ਆੜ੍ਹਤ ਦਾ ਕੰਮ ਕਰਨ ਵਾਲੇ ਇਕ ਆੜ੍ਹਤੀ ਨੇ ਟਰੇਨ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਵਪਾਰ ’ਚ ਘਾਟਾ ਪੈਣ ਕਾਰਨ ਲੈਣਦਾਰ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਕੇ ਧਮਕੀਆਂ ਦਿੰਦੇ ਸਨ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ ਹੈ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਮੌਕੇ ਦਾ ਮੁਆਇਨਾ ਕਰਦੇ ਹੋਏ ਉਸ ਦੀ ਲਾਸ਼ ਕਬਜ਼ੇ 'ਚ ਲੈ ਲਈ। ਪੁਲਸ ਨੇ ਮੌਕੇ ’ਤੇ ਉਸ ਦੀ ਸਕੂਟਰੀ ਅਤੇ ਮੋਬਾਇਲ ਫੋਨ ਬਰਾਮਦ ਕੀਤਾ। ਮੋਬਾਇਲ ਫੋਨ ਤੋਂ ਹੀ ਪੁਲਸ ਨੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਉਸ ਦੀ ਸ਼ਨਾਖਤ ਕੀਤੀ।

ਪੁਲਸ ਨੇ ਮਰਨ ਵਾਲੇ ਆੜ੍ਹਤੀ ਦੀ ਪਛਾਣ ਨਾਨਕ ਨਗਰ ਸਬਜ਼ੀ ਮੰਡੀ ਦੇ ਰਹਿਣ ਵਾਲੇ ਜਸਪਾਲ ਸਿੰਘ ਉਰਫ਼ ਪੰਪਲ (47) ਵਜੋਂ ਕੀਤੀ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਹਾਲ ਦੀ ਘੜੀ ਉਸ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪਾਲ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਦੇ ਹੀ ਸਬਜ਼ੀ ਮੰਡੀ ’ਚ ਹਫੜਾ-ਦਫੜੀ ਮਚ ਗਈ ਅਤੇ ਉਸ ਨੂੰ ਪਰੇਸ਼ਾਨ ਕਰਨ ਵਾਲੇ ਕੁੱਝ ਲੋਕਾਂ ਨੇ ਆਪਣੇ ਬਚਾਅ ’ਚ ਭੱਜ-ਦੌੜ ਸ਼ੁਰੂ ਕਰ ਦਿੱਤੀ। ਥਾਣਾ ਜੀ. ਆਰ. ਪੀ. ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਲਾਡੋਵਾਲ ਦੀ ਪੁਲਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਪਿੰਡ ਲਾਦੀਆਂ ਕੋਲ ਰੇਲਵੇ ਟਰੈਕ ’ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਨੇ ਪੁਲਸ ਟੀਮ ਨੂੰ ਮੌਕੇ ’ਤੇ ਕਾਰਵਾਈ ਲਈ ਭੇਜਿਆ।

ਉਸ ਦੇ ਭਰਾ ਕਲਮਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਨਵੀਂ ਸਬਜ਼ੀ ਮੰਡੀ ’ਚ ਦੋਵੇਂ ਭਰਾ ਫਰੂਟ ਦੀ ਆੜ੍ਹਤ ਦਾ ਕੰਮ ਕਰਦੇ ਹਨ ਪਰ ਪਿਛਲੇ ਸਮੇਂ ਤੋਂ ਮੰਦਾ ਪੈਣ ਕਾਰਨ ਉਸ ਦੇ ਭਰਾ ਨੂੰ ਵਪਾਰ ’ਚ ਘਾਟਾ ਪੈਣ ਕਾਰਨ ਦੇਣਦਾਰੀ ਵੱਧ ਗਈ, ਜਿਸ ਕਾਰਨ ਕੁੱਝ ਆੜ੍ਹਤੀ ਉਸ ਦੇ ਭਰਾ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਉਸ ਨੂੰ ਵਾਰ-ਵਾਰ ਇਤਰਾਜ਼ਯੋਗ ਸ਼ਬਦ ਬੋਲ ਕੇ ਸ਼ਰਮਿੰਦਾ ਕਰ ਰਹੇ ਸਨ। ਉਨ੍ਹਾਂ ਨੇ ਕਈ ਵਾਰ ਲੋਕਾਂ ਦੀਆਂ ਮਿੰਨਤਾਂ ਵੀ ਕੀਤੀਆਂ ਸਨ ਕਿ ਉਹ ਕੰਮ ਚੱਲਣ ’ਤੇ ਸਾਰਿਆਂ ਦਾ ਭੁਗਤਾਨ ਕਰ ਦੇਣਗੇ ਪਰ ਵੀਰਵਾਰ ਸਵੇਰੇ ਨੂੰ ਰੋਜ਼ਾਨਾ ਵਾਂਗ ਉਹ ਦੁਕਾਨ ’ਤੇ ਸੀ ਅਤੇ ਸਵੇਰੇ ਫਿਲੌਰ ਤੋਂ ਕਿਸੇ ਵਪਾਰੀ ਤੋਂ ਪੇਮੈਂਟ ਲੈਣ ਗਿਆ ਸੀ।

ਵਾਪਸੀ ’ਤੇ ਕਰੀਬ 8.15 ਵਜੇ ਉਸ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ ਪਰ ਕੁੱਝ ਸਮੇਂ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ’ਚ ਪੁਲਸ ਮੁਲਾਜ਼ਮ ਨੇ ਉਸ ਦੀ ਸਕੂਟਰੀ ’ਚ ਰੱਖਿਆ ਫੋਨ ਚੁੱਕ ਕੇ ਉਨ੍ਹਾਂ ਨੂੰ ਹਾਦਸੇ ਬਾਰੇ ਦੱਸਿਆ। ਗੋਲਡੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਨੂੰ ਉਨ੍ਹਾਂ ਲੋਕਾਂ ਬਾਰੇ ਸ਼ਿਕਾਇਤ ਦੇ ਦਿੱਤੀ ਹੈ, ਜੋ ਉਸ ਦੇ ਭਰਾ ਨੂੰ ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਨੇ ਪੁਲਸ ਤੋਂ ਇਨ੍ਹਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਕਾਰਨ ਉਸ ਦੇ ਭਰਾ ਨੇ ਆਪਣੀ ਜਾਨ ਦਿੱਤੀ ਹੈ।
 


author

Babita

Content Editor

Related News