ਲੋਕਾਈ ਦੀ ਲਹੂ ਵੀਟਵੀਂ ਜੰਗ ਜਿਸ ਦੀ ਕਿਤੇ ਕੋਈ ਮਿਸਾਲ ਨਹੀਂ ਮਿਲਦੀ...!

Saturday, Dec 21, 2019 - 10:34 AM (IST)

ਲੋਕਾਈ ਦੀ ਲਹੂ ਵੀਟਵੀਂ ਜੰਗ ਜਿਸ ਦੀ ਕਿਤੇ ਕੋਈ ਮਿਸਾਲ ਨਹੀਂ ਮਿਲਦੀ...!

ਸ੍ਰੀ ਚਮਕੌਰ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), (ਸ਼ਮਸ਼ੇਰ ਸਿੰਘ ਡੂਮੇਵਾਲ) : 22 ਦਸੰਬਰ ਦੀ ਪਹੁ ਫੁਟਦਿਆਂ ਹੀ ਚੌਧਰੀ ਬੁੱਧੀ ਚੰਦ ਦੀ ਕੱਚੀ ਗੜ੍ਹੀ 'ਚ ਪੱਕੇ ਸਿਦਕ, ਸਿਰੜ ਵਾਲੇ ਇਰਾਦੇ ਲੈ ਕੇ 40 ਸਿਰਲੱਥ ਸੂਰਿਆਂ ਨੇ ਆਪਣੇ ਸੰਤ ਸਿਪਾਹੀ ਰਹਿਬਰ ਦੀ ਅਗਵਾਈ 'ਚ ਡੇਰੇ ਲਾਏ। ਅੰਬਰੀਂ ਕਾਲੀਆਂ ਘਟਾਵਾਂ ਦਾ ਆਲਮ ਸੀ ਪਰ ਗੁਰੂਕਿਆਂ ਦੇ ਭੁੱਖੇ ਜ਼ਿਹਨ 'ਚ ਕੁਰਬਾਨੀ ਦੀ ਲੋਅ ਮਿਸ਼ਾਲ ਤੋਂ ਤੇਜ਼ ਮਘ ਰਹੀ ਸੀ। ਗੁਰੂ ਜੀ ਦੇ ਜੀਵਨ ਦਾ ਉਹ ਅਨੋਖਾ ਅਤੇ ਇਲਾਹੀ ਇਤਫਾਕ ਕੱਚੀ ਗੜ੍ਹੀ ਦੀਆਂ ਬਰੂਹਾਂ ਤਕਦਾ ਦਸਤਕ ਦੇ ਰਿਹਾ ਸੀ, ਜਿਸ ਦਾ ਇੰਤਜ਼ਾਰ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਬੇਸਬਰੀ ਨਾਲ ਸੀ। ਜਦੋਂ ਲੱਖਾਂ ਦੇ ਟਿੱਡੀ ਦਲ ਨੇ 40 ਗੁਰੂਕਿਆਂ ਦੀ ਸੁਰੱਖਿਆ 'ਚ ਮਹਿਫੂਜ਼ ਗੁਰੂ ਨੂੰ ਫੜਨ ਦੀ ਠਾਣ ਕੇ ਗੜ੍ਹੀ ਨੂੰ ਆ ਘੇਰਿਆ ਤੋਂ ਲੋਕਾਈ ਦੀ ਲਹੂ ਵੀਟਵੀਂ ਉਸ ਤਵਾਰੀਖ ਦਾ ਪੰਨਾ ਲਿਖਿਆ ਜਾਣ ਲੱਗਾ ਜਿਸ ਦੀ ਮਿਸਾਲ ਕਿਤੇ ਭਾਲਿਆਂ ਨਹੀਂ ਮਿਲਦੀ। 10 ਲੱਖ ਦੀ ਭਾੜੇ ਦੀ ਫੌਜ ਅਤੇ ਵਤਨਪ੍ਰਸਤੀ, ਕੌਮ ਅਤੇ ਸਿਦਕ ਸਿਰੜ ਨਾਲ ਜੂਝਣ ਵਾਲੇ 40 ਸਿੰਘਾਂ ਦੀ ਸੁਰਬੁਲੰਦੀ ਨੂੰ ਕਲਮਬੱਧ ਕਰਦਿਆਂ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਹੈ।

''ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ, ਜੁਝਾਰ-ਅਜੀਤ ਤੇਰੇ।
ਚੁੱਭੀ ਮਾਰ ਕੇ ਸਰਸਾ ਦੇ ਰੋੜ੍ਹ ਵਿਚੋਂ,
ਲੱਭ ਲਵਾਂਗੇ ਸਾਰੇ ਹੀ ਗੀਤ ਤੇਰੇ।
ਇਸ ਕੱਚੀ ਚਮਕੌਰ ਦੀ ਗੜ੍ਹੀ ਅੱਗੇ,
ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲੇ ਅਨੰਦਗੜ੍ਹ ਦਾ,
ਕੁੱਲੀ-ਕੁੱਲੀ ਨੂੰ ਕਿਲਾ ਬਣਾ ਦਿਆਂਗੇ।''

ਸਾਹਮਣੇ ਜੰਗ ਦਾ ਮੈਦਾਨ ਸੀ। ਗੁਰੂ ਜੀ 5-5 ਸਿੰਘਾਂ ਨੂੰ ਤਿਆਰ ਕਰ ਕੇ ਮੁਗਲ ਫੌਜਾਂ ਦੇ ਟਾਕਰੇ ਲਈ ਭੇਜਦੇ। ਸਿੰਘਾਂ ਦੀਆਂ ਪਿਆਸੀਆਂ ਤੇਗਾਂ ਵੈਰੀ ਦੇ ਸਿਰ ਹਦਵਾਣਿਆਂ ਵਾਂਗੂੰ ਲਾ-ਲਾ ਜ਼ਮੀਨ 'ਤੇ ਸੁੱਟਦੀਆਂ, ਬੁੱਲ੍ਹਾਂ 'ਤੇ ਲਹੂ ਦੀ ਸੁਰਖੀ ਲਾ ਕੇ ਜੇਤੂ ਜਰਨੈਲ ਦੀ ਹਾਸੀ ਮੁਸਕਰਾਉਂਦੀਆਂ! ਜੋ ਮੁਗਲ ਜਰਨੈਲ ਵੱਡੀ ਫੌਜੀ ਸ਼ਕਤੀ ਨਾਲ ਪਲਾਂ 'ਚ ਗੁਰੂ ਜੀ ਨੂੰ ਫੜਨ ਦਾ ਭਰਮ ਪਾਲ ਕੇ ਮੈਦਾਨੇ ਜੰਗ 'ਚ ਆਏ ਸਨ, ਉਹ ਜੰਗ ਦੇ ਮੈਦਾਨ ਦੀ ਤਸਵੀਰ ਦੇਖ ਕੇ ਕੱਖੋਂ ਹੌਲੇ ਹੋ ਰਹੇ ਸਨ। ਰਣ ਦੇ ਮੈਦਾਨ 'ਚ ਲਹੂ ਦੇ ਘਰਾਲ ਵਗ ਰਹੇ ਸਨ। ਕਾਫੀ ਫੌਜ ਮਾਰੀ ਜਾ ਚੁੱਕੀ ਸੀ ਅਤੇ ਵੱਡਾ ਹਿੱਸਾ ਫੌਜ ਪਿੱਛੇ ਦੌੜ ਚੁੱਕੀ ਸੀ। ਇਧਰ ਗੁਰੂ ਜੀ ਦੇ ਕਾਫਲੇ 'ਚੋਂ ਕਈ ਯੋਧੇ ਮੈਦਾਨ 'ਚੋਂ ਕੁੱਦ ਕੇ ਸ਼ਹਾਦਤਾਂ ਪ੍ਰਾਪਤ ਕਰ ਚੁੱਕੇ ਸਨ।

PunjabKesariਕਲਗੀਧਰ ਦੇ ਪੁੱਤਰਾਂ ਦੀਆਂ ਇੰਝ ਅਨੋਖੀਆਂ ਜੰਝਾਂ ਚੜ੍ਹੀਆਂ
ਮੈਦਾਨ-ਏ-ਜੰਗ ਦੀ ਇਹ ਤਸਵੀਰ ਤਕ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਆਪਣੇ ਪਿਤਾ ਦੇ ਸਨਮੁੱਖ ਹੋਏ ਅਤੇ ਖੁਦ ਜੰਗ 'ਚ ਜਾਣ ਦੀ ਇੱਛਾ ਪ੍ਰਗਟਾਈ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਪਾਰਖੂ ਨਜ਼ਰਾਂ ਨਾਲ ਤਕਿਆ। ਉਹ ਕੁਝ ਅਰਸਾ ਪਹਿਲਾਂ ਹੁਸ਼ਿਆਰਪੁਰ ਜ਼ਿਲੇ ਦੀਆਂ 22 ਬੱਸੀਆਂ ਦੇ ਨਾਜ਼ਮ ਜਾਬਰ ਖਾਨ ਨੂੰ ਸੋਧ ਕੇ ਆਪਣੀ ਗੌਰਵਮਈ ਵੀਰਤਾ ਦੀ ਮਿਸਾਲ ਕਾਇਮ ਕਰ ਚੁੱਕਾ ਸੀ। ਗੁਰੂ ਜੀ ਪੂਰੇ ਫਖਰਮੰਦ ਸਨ, ਕਿ ਅਜੀਤ ਸਿੰਘ ਦੀ ਵੀਰਤਾ ਵੈਰੀ ਦੇ ਮਨਸੂਬਿਆਂ ਨੂੰ ਸੌਖੇ ਕਿਤੇ ਨੇੜੇ ਨਹੀਂ ਫਟਕਣ ਦੇਵੇਗੀ। ਉਨ੍ਹਾਂ ਅਜੀਤ ਸਿੰਘ ਨਾਲ 5 ਸ਼ਸਤਰਬੰਦ ਸਿੰਘ ਤਿਆਰ ਕਰ ਕੇ ਜਦੋਂ ਜੰਗ ਵੱਲ ਤੋਰਨ ਲਈ ਤਿਆਰੀ ਕੀਤੀ ਤਾਂ ਬਾਬਾ ਅਜੀਤ ਸਿੰਘ ਨੇ ਗੁਰੂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੈਂ ਭਾਵੇਂ ਬਾਕੀ ਸਿੰਘਾਂ ਦੇ ਮੁਕਾਬਲੇ ਉਮਰ 'ਚ ਛੋਟਾ ਹਾਂ ਪਰ ਆਪ ਜੀ ਦਾ ਲਹੂ ਮੇਰੀਆਂ ਰਗਾਂ 'ਚ ਮੌਜੂਦ ਹੈ ਜਿਸ ਕਾਰਣ ਮੈਨੂੰ ਵੈਰੀ ਜਿੱਤ ਨਹੀਂ ਸਕਦਾ। ਜੋਗੀ ਅੱਲ੍ਹਾ ਯਾਰਖਾਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਇਸ ਸੰਕਲਪ ਨੂੰ ਕਲਮਬੱਧ ਕਰਦਿਆਂ ਲਿਖਿਆ ਹੈ।

''ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ
ਅਗਰ ਜੀਤਾ ਗਿਆ ਤੋਂ ਪਰਤ ਕੇ ਨਾ ਆਊਂਗਾ''

ਅਜਿਹੀ ਸਥਿਤੀ 'ਚ ਜਿਉਂ ਹੀ ਬਾਬਾ ਅਜੀਤ ਸਿੰਘ ਦੀ ਅਗਵਾਈ ਵਾਲਾ ਜਥਾ ਮੈਦਾਨ 'ਚ ਵੜਿਆ ਤਾਂ ਵੈਰੀ ਦਲ 'ਚ ਭਾਜੜਾਂ ਪੈ ਗਈਆਂ। ਮੁਗਲਾਂ ਦਾ ਵੱਡੇ ਤੋਂ ਵੱਡਾ ਜਰਨੈਲ ਬਾਬਾ ਅਜੀਤ ਸਿੰਘ ਦੇ ਸਾਹਮਣੇ ਆਉਣ ਤੋਂ ਕੰਨੀਂ ਕਤਰਾਉਣ ਲੱਗਾ। ਉਨ੍ਹਾਂ ਦੁਸ਼ਮਣਾਂ ਦੇ ਰੱਜ ਕੇ ਆਹੂ ਲਾਹੇ। ਉਹ ਜਿਧਰ ਜਾਂਦੇ ਵੈਰੀ ਦਲ 'ਚ ਭਾਜੜਾਂ ਪੈ ਜਾਂਦੀਆਂ ਅਤੇ ਦੁਸ਼ਮਣ ਮੌਕਾ ਤਾੜ ਕੇ ਪਿੱਠ 'ਤੇ ਵਾਰ ਕਰਨ ਦਾ ਪੈਂਤੜਾ ਖੇਡਦਾ। ਦੱਸਿਆ ਜਾਂਦਾ ਹੈ ਕਿ ਦੁਸ਼ਮਣ ਦਲਾਂ ਦੇ ਅਨੇਕ ਵਾਰਾਂ ਤੋਂ ਬਾਅਦ ਬਾਬਾ ਅਜੀਤ ਸਿੰਘ ਗੰਭੀਰ ਰੂਪ 'ਚ ਫੱਟੜ ਹੋ ਗਏ ਪਰ ਉਨ੍ਹਾਂ ਵੈਰੀ ਦਲ ਦਾ ਮੂੰਹ ਮੋੜੀ ਰੱਖਿਆ। ਇਸਲਾਮ ਧਰਮ ਦੇ ਵਿਦਵਾਨ ਕਵਾਇਤ ਉੱਲਾ ਖਾਨ ਨੇ ਆਪਣੀ ਤਵਾਰੀਖ ਔਲੀਆ 'ਚ ਲਿਖਿਆ ਹੈ ਕਿ ਜੰਗ ਲੜਦਿਆਂ ਬਾਬਾ ਅਜੀਤ ਸਿੰਘ ਜੀ ਦੇ ਸਰੀਰ 'ਤੇ 360 ਵਾਰ ਮੁਗਲ ਫੌਜ ਵੱਲੋਂ ਕੀਤੇ ਗਏ। ਅੰਤ ਗੁਰੂ ਜੀ ਦੀਆਂ ਨਜ਼ਰਾਂ ਦਾ ਇਹ ਜੇਠਾ ਚਿਰਾਗ ਜਬਰ ਦੇ ਝੱਖੜ 'ਚ ਆਪਣੀ ਜਿਸਮਾਨੀ ਜਿੰਦ ਬੁਝਾ ਗਿਆ। ਪਰ ਤਵਾਰੀਖ ਦੇ ਪੰਨਿਆਂ 'ਤੇ ਅਜਿਹਾ ਚਾਨਣ ਬਿਖੇਰ ਗਿਆ ਜੋ ਲੋਕਾਈ ਨੂੰ ਸਦੀਵ ਕਾਲ ਰੌਸ਼ਨੀ ਵੰਡਦਾ ਰਹੇਗਾ।

PunjabKesariਪਿਤਾ ਤੋਂ ਬਾਅਦ ਜੇਠੇ ਪੁੱਤਰ ਦੀ ਦੂਜੀ ਕਿਸ਼ਤ ਹਿੰਦ ਦੀ ਆਬ-ਓ-ਅਜ਼ਮਤ ਨੂੰ ਅਦਾ ਕਰ ਕੇ ਸਰਬੰਸਦਾਨੀ ਨੇ ਜਿਉਂ ਹੀ ਸੀਸ ਨਿਵਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤਾਂ ਛੋਟਾ ਪੁੱਤਰ ਜੁਝਾਰ ਸਿੰਘ ਪਿਤਾ ਦੇ ਸਾਹਮਣੇ ਆ ਗਿਆ। ਚੰਨ ਜਿਹਾ ਚਿਹਰਾ ਅੱਖਾਂ 'ਚੋਂ ਡੁੱਲ੍ਹ-ਡੁੱਲ੍ਹ ਪੈਂਦੇ ਜਜ਼ਬੇ ਦੇ ਦਰਿਆ ਨੂੰ ਵੇਖ ਕੇ ਪੁੱਤਰਾਂ ਦੇ ਦਾਨੀ ਦਾ ਚਿਹਰਾ ਨੂਰੋ-ਨੂਰ ਹੋ ਗਿਆ। ਸੂਹੇ ਚਿਹਰੇ 'ਤੇ ਫੁਟਦੀ ਕੱਕੀ-ਕੱਕੀ ਦਾੜ੍ਹੀ 'ਤੇ ਹੱਥ ਫੇਰਦਿਆਂ ਪ੍ਰੀਤਮ ਨੇ ਫਰਮਾਇਆ 'ਮੇਰਾ ਪੁੱਤਰ ਜਵਾਨ ਹੋ ਗਿਆ ਐ'। ਜੁਆਬ 'ਚ ਬਾਬਾ ਜੁਝਾਰ ਸਿੰਘ ਨੇ ਕਿਹਾ ,''ਮੈਂ ਇਸ ਲਈ ਪਿਤਾ ਜੀ ਤੋਂ ਅਸੀਸ ਲੈਣ ਆਇਆਂ ਹਾਂ। ਮੈਨੂੰ ਅਸ਼ੀਰਵਾਦ ਦਿਉ ਮੈਂ ਵੀ ਜੰਗ ਦੇ ਮੈਦਾਨ 'ਚ ਜਾ ਕੇ ਵੱਡੇ ਵੀਰ ਦੀਆਂ ਮਾਰੀਆਂ ਤੇਗਾਂ ਦਾ ਜਲਵਾ ਮੁੜ ਦੁਹਰਾਵਾਂ।'' ਪ੍ਰਸੰਨ ਹੋਏ ਗੁਰੂ ਜਾ ਨੇ ਹੱਥੀਂ ਸ਼ਸਤਰ ਪਹਿਨਾ ਕੇ ਛੋਟੇ ਪੁੱਤਰ ਨੂੰ ਇਹ ਜਾਣਦਿਆਂ ਹੋਇਆਂ ਵੀ ਕਿ ਇਹ ਮੁੜ ਜਿਉਂਦੇ ਜੀ ਨਹੀਂ ਪਰਤੇਗਾ, ਪੂਰਨ ਚਾਵਾਂ ਨਾਲ ਤਿਆਰ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਦੀ ਤਰ੍ਹਾਂ ਅਸੀਸਾਂ ਦੇ ਕੇ ਤੋਰਿਆ। ਸਾਹਿਬਜ਼ਾਦਾ ਜੁਝਾਰ ਸਿੰਘ ਵੱਡੇ ਵੀਰ ਵਾਂਗੂ ਵੈਰੀਆਂ 'ਤੇ ਜਾ ਭਾਰੂ ਪਿਆ। ਉਹ ਲੰਮਾ ਅਰਸਾ ਤੇਗਾਂ ਦੇ ਜੌਹਰ ਦਿਖਾਉਂਦਾ ਹੋਇਆ ਅਤੇ ਵੈਰੀਆਂ ਦੀਆਂ ਆਂਦਰਾਂ ਤਕ ਦਾ ਲਹੂ ਨਿਚੋੜ ਕੇ ਧਰਤੀ ਦੀ ਮਾਂਗ ਭਰਦਾ ਰਿਹਾ ਅਤੇ ਅੰਤ ਆਪਣੇ ਵੱਡੇ ਵੀਰ ਦੀ ਪਿਰਤ ਦੀਆਂ ਪੈੜਾਂ ਨੱਪਦਾ ਸੱਚਖੰਡ ਵੱਲ ਕੂਚ ਕਰ ਗਿਆ।

PunjabKesariਗੜ੍ਹੀ ਦੀ ਮਮਟੀ 'ਤੇ ਬੈਠੇ ਪਿਤਾ ਦਾ ਸੀਸ ਅਕਾਲ ਪੁਰਖ ਦੇ ਸ਼ੁਕਰਾਨੇ 'ਚ ਮੁੜ ਝੁਕ ਗਿਆ। ਲਹੂ-ਲੁਹਾਣ ਹੋਏ ਜੰਗ ਦੇ ਮੈਦਾਨ ਨੂੰ ਗੁਰੂ ਜੀ ਗੜ੍ਹੀ ਤੋਂ ਖੜ੍ਹੇ ਅੱਖੀਂ ਤਕ ਰਹੇ ਸਨ। ਲੱਖਾਂ ਮੁਗਲਾਂ ਦੀਆਂ ਲਹੂ 'ਚ ਲਥ-ਪਥ ਲਾਸ਼ਾਂ 'ਚ ਕਿਤੇ-ਕਿਤੇ ਜਾਨੋਂ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਨਜ਼ਰੀਂ ਪੈ ਰਹੀਆਂ ਸਨ ਅਤੇ ਇਨ੍ਹਾਂ ਹੀ ਲਾਸ਼ਾਂ 'ਚ ਘੂਕ ਸੁੱਤੇ ਸਨ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ। ਕਵੀ ਨੇ ਲਿਖਿਆ ਹੈ-

''ਤੇਰੇ ਖੰਡੇ ਤੇ ਅੰਮ੍ਰਿਤ ਦੀ ਪਾਕ ਸ਼ਕਤੀ,
ਤੂੰ ਦਸ ਲੱਖ ਨਾਲ ਇਕ ਲੜਾ ਦਿੱਤਾ।
ਅੱਜ ਵੀ ਗੜ੍ਹੀ ਚਮਕੌਰ ਦੀ ਦੱਸਦੀ ਏ,
ਤੂੰ ਜੋੜਾ ਪੁੱਤਰਾਂ ਦਾ ਕਿਹੜੇ ਭਾ ਦਿੱਤਾ।
ਜਿਵੇਂ ਕਣਕ ਨੂੰ ਕੱਟ ਕੇ ਜੱਟ ਸੌਂਦੇ,
ਵੱਢੀ ਫਸਲ ਦੀ ਉੱਚੀ ਮੰਧੇਰ 'ਤੇ।
ਬਿਨਾਂ ਕਫਨੋਂ ਅਜੀਤ ਜੁਝਾਰ ਦੋਵੇਂ,
ਘੂਕ ਸੌਂ ਗਏ ਲਾਸ਼ਾਂ ਦੇ ਢੇਰ 'ਤੇ'।'

PunjabKesariਸਵਾ ਲੱਖ ਨਾਲ ਇਕ ਲੜਾਉਣ ਦਾ ਜੋ ਸੰਕਲਪ ਗੁਰੂ ਜੀ ਨੇ ਖਾਲਸਾ ਸਾਜਨਾ ਮੌਕੇ ਲਿਆ ਸੀ ਉਸ ਨੂੰ ਅੱਜ ਜਿਗਰ ਦੇ ਟੋਟੇ ਵਾਰ ਕੇ ਪੂਰਾ ਕੀਤਾ। ਪੁੱਤਰਾਂ ਦਾ ਜੋੜਾ ਅੱਖਾਂ ਅੱਗੇ ਕੋਹ-ਕੋਹ ਕੇ ਸ਼ਹੀਦ ਹੁੰਦਾ ਵੇਖਣ ਦੇ ਬਾਵਜੂਦ ਅੱਖਾਂ ਗਿੱਲੀਆਂ ਨਹੀਂ ਕੀਤੀਆਂ। ਲਾੜੀ ਮੌਤ ਨਾਲ ਪੁੱਤਰਾਂ ਨੂੰ ਵਿਆਹੁਣ ਦੀ ਇਸ ਅਨੋਖੀ ਮਿਸਾਲ ਅੱਗੇ ਦੁਨੀਆ ਦੀ ਸਮੁੱਚੀ ਤਵਾਰੀਖ ਨਿਮਾਣੀ ਜਿਹੀ ਜਾਪਦੀ ਹੈ। ਕਵੀ ਨੇ ਲਿਖਿਆ ਹੈ।

''ਕਲਗੀਧਰ ਦੇ ਪੁੱਤਰਾਂ ਦੀਆਂ,
ਇਹ ਅਨੋਖੀਆਂ ਜੰਝਾਂ ਚੜ੍ਹੀਆਂ।
ਮੇਰੇ ਪੁੱਤਰ ਵਿਆਹੇ ਗਏ ਨੇ,
ਕਲਗੀਧਰ ਨੂੰ ਖੁਸ਼ੀਆਂ ਚੜ੍ਹੀਆਂ।
ਨਾ ਕੀਤੀ ਕਿਸੇ ਸਿਹਰਾਬੰਦੀ,
ਨਾ ਭੈਣ ਨੇ ਵਾਗਾਂ ਫੜੀਆਂ।
ਨਾ ਕਿਸੇ ਵਾਰੇ ਗਿਰੀ ਛੁਹਾਰੇ,
ਨਾ ਪੜ੍ਹੀਆਂ ਕਿਸੇ ਲਾਵਾਂ ਚਾਰ,
ਇਕ ਸੀ ਅਜੀਤ, ਇਕ ਸੀ ਜੁਝਾਰ।''


author

Baljeet Kaur

Content Editor

Related News