ਜਲੰਧਰ ਬਾਈਪਾਸ ਤੋਂ ਸਵੇਰੇ 5 ਵਜੇ ਇੰਡੈਵਰ ਸਵਾਰਾਂ ਨੇ ਲੁੱਟੀ ਡਸਟਰ ਕਾਰ
Monday, Jun 19, 2017 - 06:56 AM (IST)
ਲੁਧਿਆਣਾ, (ਰਿਸ਼ੀ)- ਵਿਆਹ ਲਈ ਲੜਕੀ ਦੇਖਣ ਦਿੱਲੀ ਤੋਂ ਜਲੰਧਰ ਜਾ ਰਹੇ ਦੋ ਭਰਾਵਾਂ ਤੋਂ ਐਤਵਾਰ ਸਵੇਰੇ 5 ਵਜੇ ਜਲੰਧਰ ਬਾਈਪਾਸ ਨੇੜੇ ਇੰਡੈਵਰ ਕਾਰ ਵਿਚ ਆਏ 6 ਲੜਕਿਆਂ ਨੇ ਕਾਰ ਲੁੱਟ ਲਈ। ਥਾਣਾ ਸਲੇਮ ਟਾਬਰੀ ਦੀ ਪੁਲਸ ਨੇ 1.30 ਘੰਟੇ ਬਾਅਦ ਡਸਟਰ ਕਾਰ ਨੂੰ ਥਾਣਾ ਹੈਬੋਵਾਲ ਦੇ ਇਲਾਕੇ ਬਚਨ ਸਿੰਘ ਨਗਰ ਵਿਚੋਂ ਲੱਭ ਲਿਆ।
ਥਾਣਾ ਮੁਖੀ ਅਮਨਦੀਪ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਵਿਚ ਟ੍ਰੈਵਲ ਕੰਪਨੀ ਵਿਚ ਅਤੇ ਭਰਾ ਮੁਕੇਸ਼ ਬੈਂਗਲੂਰ ਵਿਚ ਪ੍ਰਾਈਵੇਟ ਨੌਕਰੀ ਕਰਦਾ ਹੈ। ਦੋਵੇਂ ਭਰਾ ਕਿਰਾਏ 'ਤੇ ਕਾਰ ਲੈ ਕੇ ਦਿੱਲੀ ਤੋਂ ਜਲੰਧਰ ਜਾ ਰਹੇ ਸਨ, ਜਿੱਥੇ ਉਸ ਲਈ ਸਵੇਰੇ ਲੜਕੀ ਦੇਖਣੀ ਸੀ।
ਸਵੇਰੇ 5 ਵਜੇ ਜਦੋਂ ਉਹ ਜਲੰਧਰ ਬਾਈਪਾਸ ਨੇੜੇ ਪਹੁੰਚੇ ਤਾਂ ਇਕ ਇੰਡੈਵਰ ਕਾਰ ਵਿਚ ਉਨ੍ਹਾਂ ਨੂੰ ਪਹਿਲਾਂ ਓਵਰਟੇਕ ਕੀਤਾ ਅਤੇ ਕੁਝ ਦੂਰੀ 'ਤੇ ਕਾਰ ਰੋਕ ਲਈ, ਤਾਂ 6 ਲੜਕੇ ਕਾਰ ਵਿਚੋਂ ਉਤਰ ਕੇ ਇਕਦਮ ਬਾਹਰ ਆਏ ਅਤੇ ਕੁੱਟਮਾਰ ਕਰਨ ਲੱਗ ਪਏ। ਜ਼ਖਮੀ ਕਰ ਕੇ ਜ਼ਬਰਦਸਤੀ ਕਾਰ ਲੈ ਕੇ ਫਰਾਰ ਹੋ ਗਏ, ਜਿਸ ਦੇ ਬਾਅਦ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ 'ਤੇ ਫੋਨ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਦੇਰ ਬਾਅਦ ਹੀ ਕਾਰ ਬਰਾਮਦ ਕਰ ਲਈ। ਪੁਲਸ ਅਨੁਸਾਰ ਲੁਟੇਰੇ ਕਾਰ ਨੂੰ ਬਚਨ ਸਿੰਘ ਮਾਰਕ ਕੋਲ ਇਕ ਖਾਲੀ ਪਲਾਟ ਨੇੜੇ ਖੜ੍ਹੀ ਕਰ ਕੇ ਫਰਾਰ ਹੋ ਗਏ। ਕਾਰ ਵਿਚੋਂ ਕੋਈ ਵੀ ਸਾਮਾਨ ਚੋਰੀ ਨਹੀਂ ਹੋਇਆ ਅਤੇ ਕਾਰ ਦੀ ਚਾਬੀ ਵੀ ਵਿਚ ਲੱਗੀ ਹੋਈ ਸੀ।
ਸੂਤਰਾਂ ਅਨੁਸਾਰ 6 ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਪੁਲਸ ਦੀ ਵਰਦੀ ਪਹਿਨ ਕੇ ਦਿੱਤਾ ਸੀ ਪਰ ਪੁਲਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।
