ਦੋਸਤਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ
Sunday, Apr 08, 2018 - 08:45 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਸ਼ਹਿਰ ਵਿਖੇ ਦੇਰ ਰਾਤ 2 ਦੋਸਤਾਂ ਦੀ ਆਪਸੀ ਲੜਾਈ ਨੇ ਖੂਨੀ ਰੂਪ ਧਾਰ ਲਿਆ, ਜਿਨ੍ਹਾਂ ਵਿਚੋਂ ਇਕ ਨੌਜਵਾਨ ਕੁਨਾਲ ਕੁਮਾਰ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਕੁਨਾਲ ਕੁਮਾਰ ਦੀ ਮਾਤਾ ਮੀਨਾ ਕੁਮਾਰੀ ਨੇ ਦੱਸਿਆ ਕਿ ਰਾਤ 10 ਵਜੇ ਕੁਨਾਲ ਤੇ ਉਸਦੇ ਦੋਸਤ ਕਾਲੇ ਦੀ ਆਪਸ ਵਿਚ ਬਹਿਸਬਾਜ਼ੀ ਹੋ ਗਈ ਤੇ ਗੁੱਸੇ ਵਿਚ ਕਾਲੇ ਨੇ ਆਪਣੇ ਕੁਝ ਸਾਥੀਆਂ ਨੂੰ ਬੁਲਾ ਲਿਆ ਤੇ ਉਨ੍ਹਾਂ ਦੇ ਘਰ ਦੇ ਬਾਹਰ ਕੁਨਾਲ 'ਤੇ ਬੇਸਬਾਲ ਤੇ ਬਾਲਿਆਂ ਨਾਲ ਹਮਲਾ ਕਰ ਦਿੱਤਾ। ਮੌਕੇ 'ਤੇ ਮੌਜੂਦ ਮੁਹੱਲਾ ਨਿਵਾਸੀਆਂ ਵਲੋਂ ਕੁਨਾਲ ਨੂੰ ਇਨ੍ਹਾਂ ਨੌਜਵਾਨਾਂ ਤੋਂ ਛੁਡਵਾ ਕੇ ਤੁਰੰਤ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਕੁਨਾਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਹਸਪਤਾਲ ਵਿਚ ਦਾਖਲ ਦੂਸਰੇ ਗੁੱਟ ਦੇ ਦਵਿੰਦਰ ਸਿੰਘ, ਜਸਕਰਨ ਸਿੰਘ ਤੇ ਨਵਜੋਤ ਸਿੰਘ ਨੇ ਦੋਸ਼ ਲਾਇਆ ਕਿ ਕੁਨਾਲ ਵਲੋਂ ਹੀ ਉਨ੍ਹਾਂ ਨੂੰ ਗਾਲ੍ਹ ਕੱਢੀ ਗਈ ਸੀ ਤੇ ਉਸਨੇ ਹੀ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਸਾਡੇ 'ਤੇ ਹਮਲਾ ਕੀਤਾ ਸੀ।
