ਦੋਸਤਾਂ ਵੱਲੋਂ ਉਧਾਰ ਲਏ ਪੈਸੇ ਵਾਪਸ ਨਾ ਕਰਨ ਤੋਂ ਦੁੱਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

09/29/2019 4:40:53 PM

ਮਲੋਟ (ਜੁਨੇਜਾ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ 45 ਸਾਲਾ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਉਸਦੇ ਤਿੰਨ ਦੋਸਤਾਂ ਵਿਰੁੱਧ ਮੁਕੱਦਮਾਂ ਦਰਜ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ, ਉਕਤ ਤਿੰਨਾਂ ਦੋਸਤਾਂ ਵੱਲੋਂ ਉਧਾਰ ਲਏ ਪੈਸੇ ਵਾਪਸ ਨਹੀਂ ਕੀਤੇ ਜਿਸ ਤੋਂ ਪ੍ਰੇਸ਼ਾਨ ਹੋ ਕੇ ਦਿਲਬਾਗ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਦਾਸ ਸਿੰਘ ਵਾਸੀ ਕੁਰਾਈਵਾਲਾ ਨੇ ਦੱਸਿਆ ਕਿ ਦਿਲਬਾਗ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਵਾਦੀਆ ਦੇ ਤਿੰਨ ਦੋਸਤਾਂ ਗੁਰਮੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੁਰਾਈਵਾਲਾ, ਪਰਮਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਵਾਦੀਆਂ ਅਤੇ ਉਸਦੇ ਭਰਾ ਅਮਨਦੀਪ ਸਿੰਘ ਨੇ ਰੇਹ ਸਪਰੇਅ ਅਤੇ ਆੜਤ ਦਾ ਕੰਮ ਕਰਨ ਲਈ ਦਿਲਬਾਗ ਸਿੰਘ ਦੀ ਜ਼ਮੀਨ 'ਤੇ ਲਿਮਟ ਲਈ ਸੀ ਪਰ ਉਨ੍ਹਾਂ ਪੈਸੇ ਵਾਪਸ ਨਹੀਂ ਕੀਤੇ, ਮ੍ਰਿਤਕ ਦੀਆਂ ਚਾਰ ਧੀਆਂ ਹਨ ਬੈਂਕ ਕੋਲ ਜ਼ਮੀਨ ਗਹਿਣੇ ਪਈ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ।
ਉਧਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਲਿਖੇ ਖੁਦਕੁਸ਼ੀ ਨੋਟ ਵਿਚ ਵੀ 15 ਲੱਖ ਰੁਪਏ ਲੈਣ ਦੀ ਗੱਲ ਕਰਦਿਆਂ ਵਾਪਸ ਨਾ ਕਰਨ ਤੇ ਦਿਲਬਾਗ ਸਿੰਘ ਨੇ ਗੁਰਮੀਤ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਹੈ। ਉਧਰ ਸਿਟੀ ਮਲੋਟ ਦੇ ਮੁੱਖ ਅਫਸਰ ਸਬ ਇੰਸਪੈਕਟਰ ਜਸਵੀਰ ਸਿੰਘ ਦਾ ਕਹਿਣਾ ਕਿ ਮ੍ਰਿਤਕ ਦੀ ਮੌਤ ਸਲਫਾਸ ਖਾਣ ਨਾਲ ਹੋਈ ਹੈ ਅਤੇ ਉਹ ਗੰਭੀਰ ਹਾਲਤ ਵਿਚ ਰੇਲਵੇ ਪੁੱਲ ਥੱਲੇ ਮਿਲਿਆ ਸੀ ਬਾਅਦ ਵਿਚ ਉਸਦੀ ਮੌਤ ਹੋ ਗਈ। ਇਸ 'ਤੇ ਮ੍ਰਿਤਕ ਦੀ ਲੜਕੀ ਕਿਰਨਦੀਪ ਕੌਰ ਦੇ ਬਿਆਨਾਂ 'ਤੇ ਗੁਰਮੀਤ ਸਿੰਘ, ਪਰਮਿੰਦਰ ਸਿੰਘ ਅਤੇ ਅਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News