ਗਿਆਨੀ ਗੜਗੱਜ ਵੱਲੋਂ ਅਰਦਾਸ ''ਚ ਸਿੱਖਾਂ ਦੇ ਹਾਲਾਤ ਬਿਆਨ ਕਰਨ ''ਤੇ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸ਼ਲਾਘਾ
Saturday, Jun 07, 2025 - 10:00 AM (IST)

ਅੰਮ੍ਰਿਤਸਰ (ਸਰਬਜੀਤ) : ਸਿੱਖ ਸ਼ਹੀਦਾਂ ਦੀ ਯਾਦ 'ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੌਰਾਨ ਇਕ ਵੱਡਾ ਵਿਵਾਦ ਤਦ ਉਤਪੰਨ ਹੋਇਆ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰੂੜੀਵਾਦੀ ਤਾਕਤਾਂ ਵੱਲੋਂ ਸੰਦੇਸ਼ ਪੜ੍ਹਨ ਤੋਂ ਰੋਕ ਦਿੱਤਾ ਗਿਆ। ਹਾਲਾਂਕਿ, ਉਨ੍ਹਾਂ ਨੇ ਅਰਦਾਸ ਰਾਹੀਂ ਆਪਣਾ ਸੰਦੇਸ਼ ਪਹੁੰਚਾਉਂਦੇ ਹੋਏ ਸਿੱਖ ਹੋਮਲੈਂਡ ਦੀ ਲੋੜ ਉਤੇ ਜ਼ੋਰ ਦਿੱਤਾ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਨਿਸ਼ਾਨਾ ਬਣ ਰਹੇ ਕਤਲੇਆਮ ਬਾਰੇ ਵੀ ਗੱਲ ਕੀਤੀ। ਉਨ੍ਹਾਂ ਵੱਲੋਂ ਪੰਜਾਬ ਨੂੰ ਜੰਗ ਦਾ ਅਖਾੜਾ ਬਣਨ ਤੋਂ ਬਚਾਉਣ ਲਈ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਗਈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਗੜਗੱਜ ਦੀ ਦਲੇਰੀ ਦੀ ਸਾਫ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕੀਤਾ। ਉਨਾ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਸਿੰਘ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਖੁੱਲ੍ਹੇ ਤੌਰ 'ਤੇ ਸਿੱਖ ਕਤਲੇਆਮ ਅਤੇ ਖਾਲਿਸਤਾਨ ਦੀ ਲੋੜ ਬਾਰੇ ਅਵਾਜ਼ ਉਠਾਈ ਹੈ। ਮਾਨ ਨੇ ਉਨ੍ਹਾਂ ਰੂੜੀਵਾਦੀ ਤਾਕਤਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਨਾ ਸਿਰਫ਼ ਜਥੇਦਾਰ ਸਾਹਿਬ ਨੂੰ ਸੰਦੇਸ਼ ਪੜ੍ਹਨ ਤੋਂ ਰੋਕਿਆ, ਬਲਕਿ ਉਨ੍ਹਾਂ ਨੂੰ ਸ਼ਹੀਦਾਂ ਦੇ ਵਾਰਸਾਂ ਨੂੰ ਸਿਰੋਪਾਓ ਦੇਣ ਵੀ ਨਹੀਂ ਦਿੱਤਾ।
ਇਹ ਵੀ ਪੜ੍ਹੋ : ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਵਿਜੀਲੈਂਸ ਸਸਪੈਂਡ! ਹੋਏ ਸਨਸਨੀਖੇਜ਼ ਖ਼ੁਲਾਸੇ (ਵੀਡੀਓ)
ਪਰ ਜਥੇਦਾਰ ਗੜਗੱਜ ਨੇ ਅਰਦਾਸ ਦੌਰਾਨ ਕੈਨੇਡਾ, ਬਰਤਾਨੀਆ, ਅਮਰੀਕਾ, ਪਾਕਿਸਤਾਨ, ਹਰਿਆਣਾ ਅਤੇ ਭਾਰਤ ਵਿੱਚ ਮਾਰੇ ਗਏ ਸਿੱਖਾਂ ਬਾਰੇ ਵੀ ਦੁੱਖ ਭਰੀ ਗੱਲ ਕੀਤੀ। ਉਨ੍ਹਾਂ ਨੇ ਗੰਗਾ ਇਸ਼ਨਾਨ ਨੂੰ ਰੂੜਵਾਦੀ ਸੋਚ ਦੀ ਨਿਸ਼ਾਨੀ ਦੱਸਦੇ ਹੋਏ ਸ੍ਰੀ ਅੰਮ੍ਰਿਤਸਰ ਤੇ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸਵਾਲ ਦਾ ਜਵਾਬ ਦਿੰਦੇ ਹੋਏ ਮਾਨ ਨੇ ਸਾਫ਼ ਕੀਤਾ ਕਿ ਜਥੇਦਾਰ ਗੜਗੱਜ ਨੂੰ ਅਸਤੀਫਾ ਦੇਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਬਹੁਤ ਹੀ ਹੌਸਲੇ ਨਾਲ ਅਸਲੀ ਸਿੱਖ ਸੁਝਾਅ ਨੂੰ ਆਵਾਜ਼ ਦਿੱਤੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਕਾਇਰਤਾ ਰੂੜੀਵਾਦੀਆਂ ਅੱਗੇ ਝੁਕਣ ਵਿੱਚ ਹੈ, ਨਾ ਕਿ ਅਸਲ ਪੰਥਕ ਅਵਾਜ਼ ਚੁੱਕਣ ਵਿੱਚ। ਅੰਤ ਵਿੱਚ ਮਾਨ ਨੇ ਸਿੱਖ ਜਮਹੂਰੀਅਤ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ ਅਤੇ ਕੌਮ ਨੂੰ ਏਕਤਾ, ਪਿਆਰ ਅਤੇ ਸੱਚ ਦੇ ਰਾਹ 'ਤੇ ਤੁਰਨ ਦਾ ਸੁਨੇਹਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8