ਦਿੱਲੀ ਨੰਬਰ ਦਾ ਕੈਂਟਰ ਦੇਖ ਕੇ 2 ਦੋਸਤਾਂ ਨੇ ਕੀਤੀ ਲੁੱਟ, ਗ੍ਰਿਫ਼ਤਾਰ
Sunday, Feb 07, 2021 - 02:50 PM (IST)
ਲੁਧਿਆਣਾ (ਰਿਸ਼ੀ)- ਦਿੱਲੀ ਨੰਬਰ ਦਾ ਕੈਂਟਰ ਦੇਖ ਕੇ 2 ਦੋਸਤਾਂ ਨੇ ਉਸ ਦੇ ਡਰਾਈਵਰ ਅਤੇ ਉਸ ਦੇ ਸਾਥੀ ਤੋਂ 1500 ਰੁਪਏ ਦੀ ਲੁੱਟ ਲਏ ਅਤੇ 1 ਦਿਨ ਬਾਅਦ ਡਰਾਈਵਰ ਨੇ ਖੁਦ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਨਿਵਾਸੀ ਲਲਤੋਂ ਅਤੇ ਨਵੀਨ ਕੁਮਾਰ ਨਿਵਾਸੀ ਬੀ. ਆਰ. ਐੱਸ. ਨਗਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬ੍ਰਿਜੇਸ਼ ਯਾਦਵ ਨਿਵਾਸੀ ਨਿਊ ਦਿੱਲੀ ਨੇ ਦੱਸਿਆ ਕਿ ਉਹ ਮੋਗਾ ’ਚ ਸਾਮਾਨ ਛੱਡ ਕੇ ਆਪਣੇ ਸਾਥੀ ਅਨਿਲ ਕੁਮਾਰ ਦੇ ਨਾਲ ਵਾਪਸ ਦਿੱਲੀ ਜਾ ਰਿਹਾ ਸੀ। ਜਦੋਂ ਵੀਰਵਾਰ ਸ਼ਾਮ ਲਗਭਗ 8.30 ਵਜੇ ਗਡਵਾਸੂ ਕੋਲ ਪੁੱਜੇ ਤਾਂ ਉਕਤ ਮੁਲਜ਼ਮਾਂ ਨੇ ਕੈਂਟਰ ਰੋਕ ਲਿਆ ਅਤੇ ਸੜਕ ਦੁਰਘਟਨਾ ਕਰ ਕੇ ਭੱਜਣ ਦਾ ਦੋਸ਼ ਲਾਉਣ ਲੱਗ ਪਏ।
ਇਸ ਤੋਂ ਪਹਿਲਾਂ ਕਿ ਕੁਝ ਸਮਝ ਸਕਦੇ ਦੋਵਾਂ ਦੀਆਂ ਜੇਬਾਂ ’ਚੋਂ ਨਕਦੀ ਅਤੇ ਆਧਾਰ ਕਾਰਡ ਕੱਢ ਕੇ ਫਰਾਰ ਹੋ ਗਏ। ਪੁਲਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਨਸ਼ਾ ਪੂਰਾ ਕਰਨ ਲਈ ਵਾਰਦਾਤਾਂ ਕਰਦੇ ਹਨ। ਬਾਹਰੀ ਨੰਬਰ ਦੀ ਗੱਡੀ ਦੇਖ ਕੇ ਉਨ੍ਹਾਂ ਨੂੰ ਆਪਣਾ ਸੋਫਟ ਟਾਰਗੈਟ ਬਣਾਉਂਦੇ ਸਨ। ਦੋਵਾਂ ਖਿਲਾਫ ਪਹਿਲਾਂ ਵੀ ਚੋਰੀ ਅਤੇ ਸਨੈਚਿੰਗ ਦੇ 3 ਕੇਸ ਦਰਜ ਹਨ। ਦੋਵਾਂ ਨੂੰ ਪੀੜਤਾਂ ਨੇ ਗੁਰਦੇਵ ਹਸਪਤਾਲ ਦੇ ਕੋਲ ਲੱਗਣ ਵਾਲੀ ਲੇਬਰ ਮੰਡੀ ਤੋਂ ਪਛਾਣ ਕਰਵਾ ਕੇ ਫੜਵਾਇਆ ਹੈ।