ਦੋਸਤਾਂ ਨਾਲ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਕਿਹਾ ਕਤਲ ਹੋਇਆ

Wednesday, Jun 22, 2022 - 06:21 PM (IST)

ਦੋਸਤਾਂ ਨਾਲ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਕਿਹਾ ਕਤਲ ਹੋਇਆ

ਧੂਰੀ (ਜੈਨ) : ਨੇੜਲੇ ਸ਼ਹਿਰ ਮਾਲੇਰਕੋਟਲਾ ਤੋਂ ਆਪਣੇ ਦੋਸਤਾਂ ਨਾਲ ਧੂਰੀ ਵਿਖੇ ਨਹਿਰ ’ਚ ਨਹਾਉਣ ਲਈ ਆਏ ਇਕ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਣ ਮੌਤ ਹੋ ਗਈ। ਹਲਾਂਕਿ ਮ੍ਰਿਤਕ ਦੇ ਪਰਿਵਾਰ ਨੇ ਉਨ੍ਹਾਂ ਦੇ ਲੜਕੇ ਨੂੰ ਉਸਦੇ ਸਾਥੀਆਂ ਵੱਲੋਂ ਡੁਬੋ ਕੇ ਮਾਰਣ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਦਰਜ ਕੀਤੇ ਗਏ ਮਾਮਲੇ ਅਨੁਸਾਰ ਮਾਲੇਰਕੋਟਲਾ ਵਾਸੀ ਨੌਜਵਾਨ ਲਿਆਕਤ ਅਲੀ ਉਰਫ ਸ਼ੋਕੀ ਪੁੱਤਰ ਅਬਦੁਲ ਮਜੀਦ ਲੰਘੀ 19 ਜੂਨ ਦੀ ਦੁਪਹਿਰ ਨੂੰ ਆਪਣੇ ਦੋਸਤਾਂ ਨਾਲ ਧੂਰੀ-ਮਾਲੇਰਕੋਟਲਾ ਰੋਡ ’ਤੇ ਬਬਨਪੁਰ ਵਾਲੀ ਨਹਿਰ ਤੋਂ ਅੱਗੇ ਸਥਿਤ ਰਜਬਾਹੇ ਵਿਚ ਨਹਾਉਣ ਆਇਆ ਸੀ। ਇਸ ਦੌਰਾਨ ਉਸ ਦੀ ਨਹਿਰ ’ਚ ਡੁੱਬਣ ਕਾਰਣ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸਥਾਨਕ ਟਰੱਕ ਯੂਨੀਅਨ ਦੇ ਕੋਲ ਰਜਬਾਹੇ ’ਤੇ ਬਣੇ ਪੁੱਲ ਪਾਸ ਫਸੀ ਹੋਈ ਬਰਾਮਦ ਕੀਤੀ ਗਈ ਸੀ।

ਮ੍ਰਿਤਕ ਲਿਆਕਤ ਅਲੀ ਦੇ ਪਿਤਾ ਅਬਦੁਲ ਮਜੀਦ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨ ਮੁਤਾਬਕ ਉਨ੍ਹਾਂ ਵੱਲੋਂ ਲਿਆਕਤ ਦੇ ਤਿੰਨ ਦੋਸਤ ਜੋ ਕਿ ਉਸ ਨੂੰ ਨਹਾਉਣ ਲਈ ਲੈ ਕੇ ਆਏ ਸੀ ’ਤੇ ਉਸ ਨੂੰ ਡੁਬੋ ਕੇ ਮਾਰਣ ਦਾ ਸ਼ੱਕ ਜ਼ਾਹਰ ਕੀਤਾ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਅਧਾਰ ’ਤੇ ਮੁਹੰਮਦ ਸੁਲਤਾਨ, ਮੁਹੰਮਦ ਇਰਫਾਨ ਅਤੇ ਮੁਹੰਮਦ ਸ਼ਮਸ਼ਾਦ ਵਾਸੀ ਮਾਲੇਰਕੋਟਲਾ ਖ਼ਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਦੀਸ਼ ਕੀਤੀ ਜਾ ਰਹੀ ਹੈ।


author

Gurminder Singh

Content Editor

Related News