ਆਪਣੀ ਦੋਸਤ ਨਾਲ ਖਾਣਾ ਖਾਣ ਆਏ ਨੌਜਵਾਨ ’ਤੇ ਹਮਲਾ, ਗੱਡੀ ਤੇ ਮੋਬਾਇਲ ਵੀ ਖੋਹਿਆ

Sunday, Nov 07, 2021 - 06:23 PM (IST)

ਆਪਣੀ ਦੋਸਤ ਨਾਲ ਖਾਣਾ ਖਾਣ ਆਏ ਨੌਜਵਾਨ ’ਤੇ ਹਮਲਾ, ਗੱਡੀ ਤੇ ਮੋਬਾਇਲ ਵੀ ਖੋਹਿਆ

ਸਮਰਾਲਾ (ਗਰਗ, ਬੰਗੜ) : ਇਥੋਂ ਨੇੜੇ ਨੀਲੋਂ ਨਹਿਰ ਦੇ ਕੰਡੇ ਬਣੇ ਕੁਈਨ ਫਲਾਵਰ ਰੈਸਟੋਰੈਂਟ ’ਚ ਆਪਣੀ ਦੋਸਤ ਕੁੜੀ ਨਾਲ ਰਾਤ ਨੂੰ ਖਾਣਾ ਖਾਣ ਆਏ ਲੁਧਿਆਣਾ ਦੇ ਇਕ ਨੌਜਵਾਨ ਨਾਲ 6 ਅਣਪਛਾਤੇ ਵਿਅਕਤੀਆਂ ਨੇ ਕੁੱਟਮਾਰ ਕਰਦੇ ਹੋਏ ਉਸ ਦੀ ਫੋਰਡ ਫਿੱਗੋ ਕਾਰ, 18 ਹਜ਼ਾਰ ਰੁਪਏ ਦੀ ਨਗਦੀ ਅਤੇ ਮੋਬਾਇਲ ਖੋਹ ਲਿਆ। ਇਹ ਸਾਰੇ ਲੁਟੇਰੇ ਇਕ ਲੈਂਸਰ ਕਾਰ ਵਿਚ ਸਵਾਰ ਸਨ ਅਤੇ ਜਿਵੇਂ ਹੀ ਇਹ ਨੌਜਵਾਨ ਆਪਣੀ ਦੋਸਤ ਕੁੜੀ ਨਾਲ ਰੈਸਟੋਰੈਂਟ ਵਿਚੋਂ ਬਾਹਰ ਨਿਕਲਿਆ ਤਾਂ ਉਸ ਦੀ ਗੱਡੀ ਨੂੰ ਜਬਰੀ ਰੋਕ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਮਰਾਲਾ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਨੌਜਵਾਨ ਅਮਨਦੀਪ ਕੁਮਾਰ ਵਾਸੀ ਪ੍ਰੀਤ ਨਗਰ ਲੁਧਿਆਣਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਦੋਸਤ ਨਾਲ ਕਵੀਨ ਫਲਾਵਰ ਰੈਸਟੋਰੈਂਟ ਵਿਚ ਰਾਤ ਨੂੰ ਖਾਣਾ ਖਾਣ ਲਈ ਆਪਣੀ ਚਿੱਟੇ ਰੰਗ ਦੀ ਫੋਰਡ ਫਿੱਗੋ ਗੱਡੀ ਨੰਬਰ ਪੀ.ਬੀ.-ਏ.ਐੱਚ.-0047 ਵਿਚ ਸਵਾਰ ਹੋ ਕੇ ਆਇਆ ਸੀ। ਰਾਤ ਨੂੰ ਕਰੀਬ ਪੌਣੇ 10 ਵਜੇ ਜਿਵੇਂ ਹੀ ਉਹ ਖਾਣਾ ਖਾ ਕੇ ਵਾਪਸ ਜਾਣ ਲੱਗੇ ਤਾਂ 6 ਵਿਅਕਤੀ ਇਕ ਲੈਂਸਰ ਕਾਰ ਵਿਚ ਆਏ ਅਤੇ ਉਨ੍ਹਾਂ ਨੂੰ ਜ਼ਬਰੀ ਰੋਕ ਲਿਆ। ਇਨ੍ਹਾਂ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਦੀ ਗੱਡੀ, ਮੋਬਾਇਲ ਅਤੇ 18 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ ਅਤੇ ਦੋਰਾਹਾ ਵਾਲੀ ਸਾਈਡ ਨੂੰ ਫਰਾਰ ਹੋ ਗਏ। ਸਮਰਾਲਾ ਪੁਲਸ ਨੇ ਇਸ ਸੰਬੰਧ ’ਚ ਧਾਰਾ 379ਬੀ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News