ਫਰੈਕਚਰਡ ਆਤਮਾ ਅਤੇ ਇਕ ਟੁੱਟਾ ਦਿਲ: ਫਰੀਦਾ ਕਾਹਲੋ

Tuesday, Apr 21, 2020 - 10:02 AM (IST)

ਸ਼ਿਵਦੀਪ

ਮੈਂ ਉਸਦਾ ਨਾਂ ਫਰੀਦ ਕਰਕੇ ਪੜਿਆ, ਫਰੀਦ ਮੈਨੂੰ ਚੰਗਾ ਲਗਦੈ। 

ਪਹਿਲਾਂ ਮੈਂ ਉਸਦਾ ਨਾਂ ਦੇਖਿਆ, ਫਿਰ ਪੇਟਿੰਗਜ਼, ਫਿਰ ਫਰੀਦਾ ਨੂੰ। ਦੇਖ ਕੇ ਲੱਗਿਆ ਕੋਈ ਪੰਜਾਬੀ ਚਿੱਤਰਕਾਰ ਔਰਤ ਹੈ, ਫਰੀਦਾ, ਫਰੀਦਾ ਕਾਹਲੋ। ਉਸਦੇ ਆਪਣੇ ਬਾਰੇ ਚਿੱਤਰ ਮੈਨੂੰ ਪ੍ਰੇਸ਼ਾਨ ਕਰਨ ਲੱਗੇ, ਮੇਰਾ ਪੰਜਾਬੀ ਦਿਲ ਕਦੇ ਉਪਰ ਕਦੇ ਥੱਲੇ। ਮੈਂ ਦਿਨ-ਬ-ਦਿਨ ਉਸਦੇ ਬਣਾਏ ਪੋਰਟਰੇਟ ਵਿਚ ਧਸਦਾ ਜਾ ਰਿਹਾ ਸਾਂ। ਉਹ ਹੌਲ਼ੀ ਹੌਲ਼ੀ ਮੇਰੇ ਉਪਰ ਹਾਵੀ ਹੋ ਰਹੀ ਸੀ, ਕਵਿਤਾ ਵਾਂਗ ਖੁੱਲ ਰਹੀ ਸੀ ਪਰਤ ਦਰ ਪਰਤ। ਬਹੁਤ ਵਾਰ ਇਸਤਰਾਂ ਹੁੰਦਾ ਹੈ ਕਿ ਤੁਸੀਂ ਕਿਸੇ ਦਾ ਨਾਮ ਸੁਣੋ ਤੁਹਾਨੂੰ ਕੋਈ ਹੋਰ ਯਾਦ ਆਉਣ ਲਗਦਾ ਹੈ। ਕਿਸੇ ਨੂੰ ਦੇਖੋ ਤੇ ਦਿਖਦਾ ਹੈ ਕੋਈ ਭੁਲਿਆ ਚਿਹਰਾ। ਕਈ ਵਾਰ ਤੁਸੀਂ ਇਕ ਪਤੇ ’ਤੇ ਜਾਂਦੇ ਹੋ ਕਿਸੇ ਹੋਰ ਨੂੰ ਮਿਲਣ ’ਤੇ ਸਾਹਮਣੇ ਕੋਈ ਹੋਰ ਹੁੰਦਾ ਹੈ । ਜਦੋਂ ਮੈਂ ਫਰੀਦਾ ਬਾਰੇ ਜਾਣਨਾ ਸ਼ੁਰੂ ਕੀਤਾ ਸੀ ਤਾਂ ਮੇਰੇ ਨਾਲ ਇਹ ਸਭ ਹੋਇਆ। ਇਕ ਬਿਲਕੁਲ ਅਜ਼ੀਬ ਘਟਨਾ। ਪਰ ਯਕੀਨ ਕਰਨਾ ਮੈਨੂੰ ਪਹਿਲੇ ਨਜ਼ਰੇ ਹੀ ਫਰੀਦਾ ਨਾਲ ਪਿਆਰ ਹੋ ਗਿਆ, ਉਸਦੇ ਟੁਟਦੇ ਦਿਲ ਨਾਲ ਮੇਰਾ ਦਿਲ ਕਈ ਵਾਰ ਟੁਟਿਆ ਹੈ। 
ਕੀ ਇਸ ਤਰਾਂ ਹੋ ਸਕਦਾ ਹੈ ?

ਪੜ੍ਹਿਆ, ਪਤਾ ਲੱਗਾ ਕਿ ਮੈਕਸੀਕਨ ਹੈ, ਫਿਰ ਉਹ ਕਹਿੰਦੀ ਜਰਮਨ ਹੈ, ਦਾਦਕਿਆਂ ਵਲੋਂ। ਦਰਅਸਲ ਉਸਦਾ ਪਿਤਾ ਜਰਮਨ ਵਿਚ ਜੰਮਿਆ ਸੀ, ਮੈਕਸੀਕੋ ਆਇਆ, ਫਰੀਦਾ ਦੀ ਮਾਂ ਨਾਲ ਵਿਆਹ ਕੀਤਾ ਤੇ ਉਥੇ ਵਸ ਗਿਆ, ਫਿਰ ਲੋਕਾਂ ਨੇ ਕਿਹਾ ਕਿ ਮਿਕਸ ਹੈ।  ਇਹ ਵੀ ਭਲਾ ਕੋਈ ਗੱਲ ਹੋਈ। ਫਰੀਦਾ ਮੈਨੂੰ ਆਪਣੇ ਮੁਲਕ ਦੀ ਲੱਗੀ। ਚਲੋ ਮੁਲਕ ਦੀ ਨਾ ਸਹੀ, ਆਪਣੀ ਧਰਤੀ ਦੀ ਤਾਂ ਹੈ ਹੀ। ਕਈਆਂ ਵਾਂਗ ਮੇਰਾ ਵੀ ਮੰਨਣਾ ਇਹੀ ਹੈ ਕਿ ਕਿਸੇ ਵੀ ਤਰਾਂ, ਕਿਸੇ ਵੀ ਵਿਧਾ ਨਾਲ ਜੁੜੇ ਲੋਗਾਂ ਦਾ ਕੋਈ ਇਕ ਮੁਲਕ ਹੁੰਦਾ ਹੀ ਨਹੀਂ ਹੈ। ਧਰਤੀ ਛੋਟੀ ਰਹਿ ਜਾਂਦੀ ਹੈ ਇਕ ਉਡਾਨ ਲਈ। ਇਸੇ ਉਡਾਨ ਵਿਚ ਫਰੀਦਾ ਜੋ ਭਾਸ਼ਾ, ਸਰਹੱਦ, ਰੰਗ-ਭੇਦ, ਕਾਲ ਉਤਾਰ ਕੇ ਇਸ ਤਰਾਂ ਪਹੁੰਚਦੀ ਹੈ ਕਿ ਸਾਰੇ ਪੈਂਤਰੇ ਫੇਲ ਹੋ ਜਾਂਦੇ ਹਨ। 

ਮੈਂ ਫਰੀਦਾ ਨੂੰ ਮਿਲਦਾ ਹਾਂ।

ਮੈਨੂੰ ਚੰਗਾ ਲਗਦੈ, ਆਨੇ ਬਹਾਨੇ ਫਰੀਦਾ ਨੂੰ ਆਪਣੇ ਆਲੇ-ਦੁਆਲੇ ਦੇ ਨਾਲ ਜੋੜੀ ਜਾਣਾ। ਉਸਦੇ ਕੋਲ ਬੈਠਣਾ। ਉਸਦੇ ਨਾਲ ਮਿਲਦੇ ਜੁਲਦੇ ਚਿਹਰਿਆਂ ਬਾਰੇ ਗੱਲਾਂ ਕਰਨੀਆਂ। ਉਹ ਬਹੁਤ ਸਾਰੀਆਂ ਗੱਲਾਂ ਵਿਚ ਉਹ ਮੈਨੂੰ ਮੇਰੇ ਪਿੰਡ ਦੀ ਕੁੜੀ ਲਗਦੀ ਹੈ ਜਿਸਨੂੰ ਮੈਂ ਪਿਆਰ ਨਹੀਂ ਕਰ ਸਕਿਆ ਸਾਂ। ਕਿਸੇ ਕਲਾਕਾਰ ਦਾ ਇਸ ਤਰਾਂ ਹੋ ਜਾਣਾ ਕਲਾ ਅਤੇ ਕਲਾਕਾਰ ਵਿਚਲੇ ਭੇਦ ਦਾ ਮਿਟ ਜਾਣਾ ਹੈ। ਇਹ ਫਰੀਦਾ ਦਾ ਮਾਧਿਅਮ ਹੈ ਕਿ ਕਈ ਭਾਰਤੀ ਔਰਤ ਚਿਤਰਕਾਰਾਂ ਨੂੰ ਉਸ ਦੇ ਨਾਲ ਜੋੜਿਆ ਜਾਂਦਾ ਹੈ, ਸਾਡੀ ਪੰਜਾਬੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਨੂੰ ਵੀ ‘ਭਾਰਤੀ-ਫਰੀਦਾ’ ਕਿਹਾ ਗਿਆ। ‘ਹੀਊਮਨ ਐਕਪ੍ਰੈਸ਼ਨ’ ਦੀ ਇਕ ਸਾਂਝ ਹੁੰਦੀ ਹੈ, ਲਿਪੀ/ਭਾਸ਼ਾ ਕੋਈ ਵੀ ਹੋਵੇ। ਆਤਮਾ ਬਿਨਾ ਕਿਸੇ ਭਾਸ਼ਾ ਤੋਂ, ਬਿਨਾ ਦੇਰੀ ਤੋਂ ਦ੍ਰਿਸ਼ ਵਿਚ ਛਾਲ ਮਾਰਦੀ ਹੈ। ਫਰੀਦ ਨਾਲ ਮਿਲਦੇ ਜੁਲਦੇ ਅੱਖਰਾਂ ਨੇ ਮੈਨੂੰ ਫਰੀਦਾ ਦੇ ਬਹੁਤ ਕੋਲ ਲੈ ਆਂਦਾ ਸੀ। 

ਤੇ ਮੈਂ ਉਸਨੂੰ ਵਾਰ ਵਾਰ ਮਿਲਿਆ:
ਓ ਮੇਰੀ ਫਰੀਦਾ,  
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ । 
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥(ਬਾਬਾ ਫਰੀਦ) 

ਪੋਲਿਓ ਨਾਲ ਪਤਲੀ ਲੱਤ
ਕਮਜ਼ੋਰ ਸਪਾਈਨਲ ਕੋਰਡ
ਸਟੀਲ ਦੀ ਰਾੱਡ ਨਾਲ ਵਿੰਨੀ ਹੋਈ
ਗਿਆਰਾਂ ਘਾਤਕ ਫਰੈਕਚਰ
ਪੈਂਤੀ ਓਪਰੇਸ਼ਨ
ਜੁੜੇ ਭਰਵੱਟਿਆਂ ਹੇਠ ਦੋ ਜਾਦੂਈ ਅੱਖਾਂ
ਤੇ ਇਕ ਟੁੱਟਾ ਦਿਲ, ਫਰੀਦਾ. ਫਰੀਦਾ ਕਾਹਲੋ

ਸੈਲਫ਼ ਰੈਵੋਲਿਊਸ਼ਨ।

ਪੜ੍ਹੋ ਇਹ ਵੀ - ਬੌਣੇ ਬਾਦਸ਼ਾਹ ਅਤੇ ਜਿੰਦਰਿਆਂ ਅੰਦਰ ਬੰਦ ਲੋਕ

PunjabKesari

ਫੁੱਲਾਂ ਦਾ ਤਾਜ਼ ਪਾਈ, ਜੰਗਲ ਦੀ ਪਰੀ। ਮੈਂ ਕਦੇ ਨਹੀਂ ਅੰਦਾਜ਼ਾ ਲਾ ਸਕਿਆ ਕਿ ਉਹ ਜ਼ਿਆਦਾ ਸੋਹਣੀ ਹੈ ਜਾਂ ਉਸਦੇ ਪੋਰਟਰੇਟ। ਇਕ ਥਾਂ ਆਉਂਦੀ ਜਦੋਂ ਚਿੱਤਰਕਾਰ ਅਤੇ ਚਿੱਤਰ ਵਿਚ ਫਾਸਲ਼ਾ ਖ਼ਤਮ ਹੋ ਜਾਂਦਾ ਹੈ। ਫਰੀਦਾ ਦਾ ਇਹ ਫੈਸਲਾ ਉਸਦੇ ਸਮਝਣ ਤੋਂ ਵੀ ਪਹਿਲਾਂ ਹੋ ਗਿਆ ਸੀ। ਸੰਤਾਲੀ ਸਾਲ ਦੀ ਹੋ ਕੇ ਮਰੀ ਫਰੀਦਾ ਨੇ ਆਪਣੀ ਉਮਰ ਹਮੇਸ਼ਾ ਤਿੰਨ ਸਾਲ ਘਟਾ ਕੇ ਦੱਸੀ ਤਾਂ ਜੋ ਉਹ ਦੱਸ ਸਕੇ ਕਿ ਜਦੋਂ ਉਹ ਉਦੋਂ ਜਨਮੀ ‘ਮੈਕਸੀਕਨ ਰਵਲਿਊਸ਼ਨ’ ਦੀ ਸ਼ੁਰੂਆਤ ਹੋਈ ਸੀ, 1910, ਭੋਲੀ ਫਰੀਦਾ। ਉਸਦੀ ਉਮਰ, ਉਸਦੇ ਫੋਟੋਗ੍ਰਾਫਰ ਪਿਤਾ ਦੇ ਘਰ ਬੜੇ ਲਾਡਾਂ ਨਾਲ ਵਧੀ, ਇਥੇ ਹੀ ਆਪਣੀਆਂ ਬੀਮਾਰੀਆਂ ਨਾਲ ਲੜੀ, ਵਿਆਹ ਤੋਂ ਬਾਅਦ ਕਈ ਸਾਲ ਇਸ ਘਰ ਵਿਚ ਆਪਣੇ ਪਤੀ ਨਾਲ ਰਹੀ। ਇਸੇ ਦੇ ਉਪਰਲੇ ਹਿੱਸੇ ਵਿਚ ਮਰ ਗਈ। ਇਸ ਨੀਲੇ ਘਰ ਨੂੰ ਬਾਅਦ ਵਿਚ ਫਰੀਦਾ ਦੇ ਪਤੀ ਨੇ ਦਾਨ ਕਰ ਦਿੱਤਾ ਫਰੀਦਾ ਦਾ ਮਿਊਜ਼ੀਅਮ ਤਿਆਰ ਕਰਨ ਲਈ।ਹੁਣ ਇਸ ਮਿਊਜ਼ੀਅਮ ਵਿਚ ਫਰੀਦਾ, ਡਿਆਗੋ ਰਵੇਰਾ ਅਤੇ ਹੋਰ ਕਈ ਕਲਾਕਾਰਾਂ ਦੀ ਕਲਾਕ੍ਰਿਤਾ ਪਈਆ ਹਨ। ਇਸ ਵਕਤ ਵੀ ਇਹ ਨੀਲਾ ਘਰ ਮੈਕਸੀਕੋ ਸ਼ਹਿਰ ਦਾ ਸਭ ਤੋਂ ਵੱਧ ਵਿਜ਼ਟਡ ਜਗਾਹ ਹੈ। ਮੰਨਿਆ ਜਾਂਦਾ ਹੈ ਕਿ ਲਗਪਗ 25,000 ਲੋਗ ਹਰ ਮਹੀਨੇ ਇਥੇ ਆਉਂਦੇ ਹਨ।
ਖੂਬਸੂਰਤ ਲੋਗ ਆਲੇ ਦੁਆਲੇ ਨੂੰ ਵੀ ਖੂਬਸੂਰਤ ਬਣਾ ਦਿੰਦੇ ਹਨ। 

ਉਸਦੇ ਪਿਤਾ ਦੇ ਜ਼ਿਕਰ ਤੋਂ ਬਿਨਾਂ ਇਹ ਕਹਾਣੀ ਅੱਧੀ ਰਹਿ ਜਾਏਗੀ। ਉਸਦਾ ਪਿਤਾ, ਉਸਦੀ ਮਾਂ, ਮਾਂ ਦਾ ਪ੍ਰੇਮੀ ਜਿਸਨੇਂ ਉਸਦੀ ਮਾਂ ਸਾਹਮਣੇ ਖੁਦਕੁਸ਼ੀ ਕੀਤੀ ਸੀ, ਇਸ ਸਭ ਕਦੇ ਵੀ ਉਸਦੇ ਅੰਦਰੋਂ ਜਾ ਨਹੀਂ ਸਕਿਆ। ਉਸਨੂੰ ਬਾਹਰੋਂ ਜੋ ਵੀ ਮਿਲਿਆ, ਜਿਸ ਵੀ ਸ਼ਕਲ ਵਿਚ ਮਿਲਿਆ ਹੌਲੀ-ਹੌਲੀ ਉਸਦੇ ਅੰਦਰ ਲਹੂ ਵਿਚ ਘੁਲਦਾ ਰਿਹਾ ਤੇ ਲਹੂ ਉਸਦੇ ਰੰਗਾਂ ਵਿਚ।ਨੀਲੇ ਘਰ ਵਿਚ ਬੀਮਾਰੀਆਂ ਦੀ ਦਰਗਾਹ ਬਣਕੇ  ਰਿਹਾ ਫਰੀਦਾ ਦਾ ਸਰੀਰ। ਛੇ ਸਾਲ ਦੀ ਉਮਰ ਵਿਚ ਉਸਨੂੰ ਪੋਲਿਓ ਹੋ ਗਿਆ, ਸੱਜੀ ਲੱਤ ਨਕਾਰੀ ਗਈ। ਉਸੇ ਲੱਤ ਨੂੰ ਲੁਕਾਉਣ ਲਈ ਸਾਰੀ ਉਮਰ ਲੰਮੀ ਸਕੱਰਟ ਪਾਈ। ਉਸਦੀ ਲੰਮੀ ਸਕਰਟ, ਟੇਢਾ ਲੰਗ ਤੇ ਬਾਪ ਦਾ ਮਜ਼ਬੂਤ ਹੱਥ ਹਮੇਸ਼ਾ ਉਸਦੇ ਨਾਲ ਰਹੇ। ਫਰੀਦਾ ਅਤੇ ਉਸਦੇ ਬਾਪ ਦੇ ਰਿਸ਼ਤੇ ਦੀ ਆਪਣੀ ਦਾਸਤਾਨ ਹੈ, ਪਿਆਰਾ ਅਤੇ ਬਹਾਦੁਰ ਬਾਪ। 

ਫਰੀਦਾ ਨੂੰ ਚਾਹੇ ਮੈਕਸੀਕੋ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ ਪਰ ਉਸਦੀਦਾਂ ਕਈ ਕ੍ਰਿਤਾ ਕਲਾ ਰਾਂਹੀ ਉਸਨੂੰ ਜਰਮਨ ਦੀ ਚਿਤਰਕਾਰੀ ਨਾਲ ਵੀ ਜੁੜਦੀਆਂ ਹਨ ਜੋ ਕਿ ਉਸਦੇ ਪਿਤਾ ਦੀ ਜਨਮ ਭੂਮੀ ਸੀ। ਫਰੀਦਾ ਦਾ ਪਿਤਾ ਆਪਣੇ ਸਮੇਂ ਦਾ ਇਕ ਮਹੱਤਵਪੂਰਨ ਫੋਟੋਗ੍ਰਾਫਰ ਸੀ। ਤਿੰਨਾਂ ਧੀਆਂ ਵਿਚੋਂ ਉਸਦਾ ਸਭ ਤੋਂ ਨੇੜਲਾ ਰਿਸ਼ਤਾ ਫਰੀਦਾ ਨਾਲ ਹੀ ਸੀ। ਉਸਨੇਂ ਫਰੀਦਾ ਨੂੰ ਕੈਮਰਾ ਚਲਾਉਣਾ, ਨੈਗਟਿਵ ਪੜਨੇ, ਡਿਵੈਲਪ ਕਰਨੇ, ਤੇ ਰੰਗਦਾਰ ਫੋਟੋਆਂ ਬਾਰੇ ਦੱਸਿਆ। ਇਹ ਸਭ ਸ਼ਾਇਦ ਫਰੀਦਾ ਦੇ ਬੇਸ-ਕਲਰਜ਼ ਹੋਣਗੇ। ਫਰੀਦਾ ਦੇ ਦੁਨੀਆ ਭਰ ਵਿਚ ਮਸ਼ਹੂਰ ਹੋਣ ਪਿੱਛੇ ਉਸਦੇ ਪਿਤਾ ਦਾ ਇਕ ਅਹਿਮ ਯੋਗਦਾਨ ਹੈ। ਬਹੁਤ ਛੋਟੀ ਉਪਰ ਵਿਚ ਹੀ ਫਰੀਦਾ ਨੇ ਕੈਮਰੇ ਮੂਹਰੁ ਪੋਜ਼ ਕਰਨਾ, ਉਸਨੇ ਕੈਮਰੇ ਰਾਂਹੀ ਦਿਖਣਾ ਹੀ ਨਹੀਂ ਸਗੋਂ ਕੈਮਰੇ ਵਿਚ ਦਿਖਣਾ ਵੀ ਸਿਖਿਆ। ਇਹੀ ਪੋਜ਼ ਉਸਦੇ ਸੈਲਫ ਪੋਰਟਰੇਟਸ ਵਿਚ ਵੀ ਦੇਖੇ ਜਾ ਸਕਦੇ ਹਨ। ਫਰੀਦਾ ਦੇ ਆਰਟਿਸਟਕ ਵਿਜ਼ਨ ਨੂੰ ਦਿਸ਼ਾ ਦਸ਼ਾ ਦੇਣ ਵਿਚ ਉਸਦੇ ਪਿਤਾ ਦੀ ਇਕ ਪੂਰੀ ਦਾਸਤਾਨ ਹੈ, ਇਹ ਦਾਸਤਾਨ ਉਸ ਵਲੋਂ ਖਿਚੀਆਂ ਫਰੀਦਾ ਦੀਆਂ ਫੋਟੋਆਂ ਵਿਚ ਵੀ ਦੇਖੀ ਜਾ ਸਕਦੀ ਹੈ। ਇਸਦੀ ਇਕ ਵੱਡੀ ਉਦਾਹਰਣ ਹੈ ਕਿ ਡਰਾਇੰਗ ਵਿਚ ਫਰੀਦਾ ਨੇ ਆਪਣੇ 3 ਅਲੱਗ-ਅਲੱਗ ਸਕੈੱਚ ਬਣਾਏ ਜੋ ਉਸਦੀ 3 ਫੋਟੋਆਂ ’ਤੇ ਅਧਾਰਿਤ ਸਨ, ਇਹ ਫੋਟੋਆਂ ਉਸਦੇ ਪਿਤਾ ਨੇ ਖਿਚੀਆਂ ਸਨ। ਅੱਜ ਵੀ ਇਹ ਫੋਟੋਆਂ ਉਸਦੇ ਇਸ ਸਕੈੱਚ ਦੇ ਨਾਲ ਦੀ ਦਿਖਾਈਆਂ ਜਾਂਦੀ ਹਨ। ਫਰੀਦਾ ਅਤੇ ਉਸਦੇ ਪਿਤਾ ਦੇ ਰਿਸ਼ਤੇ ਦੀ ਇਕ ਝਲਕ ਉਸ ਵਲੋਂ ਬਣਾਏ ਇਕ ਪੋਰਟਰੇਟ ‘ ’ਵਿਚ ਦੇਖੀ ਜਾ ਸਕਦੀ ਇਹ। ਇਹ ਪੋਰਟਰੇਟ ਫਰੀਦਾ ਨੇ ਆਪਣੇ ਪਿਤਾ ਦੀ ਮੌਤ ਤੋਂ ਦਸ ਸਾਲ ਬਾਅਦ ਬਣਾਇਆ, ਉਸਦੇ ਹੇਠਾਂ ਲਿਖਿਆ,

"I painted my father Wilhelm Kahlo, of Hungarian-German origin, artist-photographer by profession, in character generous, intelligent and fine, valiant because he suffered for sixty years with epilepsy, but never gave up working and fought against Hitler, with adoration, His daughter Frida Kahlo".
...
1922 ਵਿਚ ਟੀਨਏਜ਼ ਵਿਚ ਫਰੀਦਾ ਨੇ ਉਸ ਸਮੇਂ ਦੇ ਮਸ਼ਹੂਰ ‘ਨੈਸ਼ਨਲ ਪ੍ਰੈਪਰੇਟਰੀ ਸਕੂਲ’ ਵਿਚ ਦਾਖਲਾ ਲਿਆ, ਪੂਰੇ ਸਕੂਲ ਵਿਚ ਕੁੱਲ ਪੈਂਤੀ ਕੁੜੀਆਂ, ਫਰੀਦਾ ਮੋਹਰੀ। ਇਥੇ ਹੀ ਉਹ ਮਸ਼ਹੂਰ ਪੇਂਟਰ ਰਵੇਰਾ ਨੂੰ ਮਿਲੀ। ਡਿਆਗੋ ਰਵੇਰਾ, ਜੋ ਉਸ ਸਮੇਂ ਸਕੂਲ ਦੀ ਕੰਧਾ ਤੇ ‘ਦਿ ਕਰੀਏਸ਼ਨ’ ਨਾਮ ਦੀ ਸੀਰੀਜ਼ ਬਣਾ ਰਿਹਾ ਸੀ। ਮੂੰਹਫੱਟ, ਤੇਜ਼ ਤੇ ਮਜ਼ਬੂਤ ਪਰ ਲੰਗੜੀ ਕੁੜੀ ਦਾ ਧਿਆਨ ਵੱਡੀ ਉਮਰ ਦੇ ਰਵੇਰਾ ਵੱਲ ’ਤੇ ਗਿਆ ਪਰ ਉਹ ਉਸਦੀਆਂ ਪੇਂਟਿੰਗਜ਼ ਦੇਖਦੀ ਅਗਾਂਹ ਨਿਕਲ ਗਈ। ਕੁਝ ਚਿਰ ਬਾਅਦ ਫਰੀਦਾ ਨੇ ਆਪਣੇ ਸਕੂਲ ਵਿਚ ਚਲਦੇ ਇਕ ਹਮ-ਖਿਆਲੀ ਪੋਲਿਟੀਕਲ ਅਤੇ ਇੰਟਲੈਕੁਚਲ ਗਰੁੱਪ ਵਿਚ ਦਾਖਲਾ ਲਿਆ, ਤੇ ਇਸੇ ਗਰੁੱਪ ਦੇ ਲੀਡਰ ਗੋਮਜ਼ ਏਰੀਅਸ ਨਾਲ ਹੋਈ ਉਸਦੀ ਦੋਸਤੀ ਮੁਹੱਬਤ ਵਿਚ ਬਦਲ ਗਈ ਤੇ ਦਿਨ ਰੰਗਦਾਰ ਬੀਤਣ ਲੱਗੇ। ਰੰਗ, ਫਰੀਦਾ ਲਈ ਹਮੇਸ਼ਾ ਇਕ ਸੰਗੀਨ ਆਕਰਸ਼ਣ ਰਿਹਾ, ਤੇ ਇਸ ਸੰਗੀਨਤਾ ਵਿਚ ਕਿੰਨੀ ਦੇਰ ਰਹਿ ਸਕਦਾ ਹੈ ਰੰਗਦਾਰ ਸਮਾਂ। .. ਸਤੰਬਰ ਦੀ ਇਕ ਦੁਪਹਿਰ ਜਦੋਂ ਉਹ ਗੋਮਜ਼ ਨਾਲ ਬੱਸ ਵਿਚ ਸਫ਼ਰ ਕਰ ਰਹੀ ਤਾਂ ਬੱਸ ਸਟਰੀਟ ਕਾਰ ਨਾਲ ਟਕਰਾ ਗਈ, ਇਕ ਭਿਆਨਕ ਹਾਦਸਾ ਵਾਪਰਿਆ। ਸਟੀਲ ਦੀ ਰੇਲਿੰਗ ਉਸਦੀ ਹਿੱਪ ਵਿਚੋਂ ਦੀ ਹੇਠਾਂ ਵੱਲ ਲੰਘਦਿਆਂ ਉਸਨੂੰ ਪੂਰੀ ਤਰਾਂ ਵਿੰਨ ਗਈ। ਉਸਦੀ ਰੀੜ ਦੀ ਹੱਡੀ ਅਤੇ ਪੇਡ ਬੁਰੀ ਤਰਾਂ ‘ਫਰੈਕਚਰ’ ਹੋ ਗਏ, ਗੋਮਜ਼ ਨਾਲ ਰਿਸ਼ਤਾ ਵੀ। 

‘ ਓ ਫਰੀਦਾ ਕਿੰਨਾ ਭਿਆਨਕ ਸ਼ਬਦ ਹੈ ਫਰੈਕਚਰ।’

ਪਿਤਾ: ਕਿਸ ਤਰਾਂ ਮਹਿਸੂਸ ਕਰ ਰਹੀ ਏਂ ?

ਫਰੀਦਾ: ਮੈਨੂੰ ਤੇ ਇਹ ਵੀ ਯਾਦ ਨਹੀਂ ਦਰਦ ਤੋਂ ਪਹਿਲਾਂ ਸਭ ਕਿਵੇਂ ਸੀ।

ਫਰੀਦਾ ਆਪਣੇ ਸ਼ਹਿਰ ਦੇ ਰੈੱਡ ਕਰਾਸ ਹਸਪਤਾਲ ਵਿਚ ਕਈ ਹਫਤੇ ਪਈ ਰਹੀ, ਫਿਰ ਉਸਨੂੰ ਘਰ ਸ਼ਿਫਟ ਕਰ ਦਿੱਤਾ ਗਿਆ। ਫਰੀਦਾ ਦੀ ਆਰਟ ਵਿਚ ਰੁਚੀ ਤਾਂ ਸੀ ਪਰ ਉਹ ਬਣਨਾ ਡਾਕਟਰ ਚਹੁੰਦੀ ਸੀ।ਉਸਨੇਂ ਆਪਣੀਆਂ ਕਈ ਮੁਲਾਕਾਤਾਂ ਵਿਚ ਕਿਹਾ ਕਿ ਮੈਂ ਮੈਡੀਸਨ ਸਿੱਖਣਾ ਚਹੁੰਦੀ ਸੀ, ਤਾਂ ਕਿ ਦਰਦ ਨੂੰ ਦੂਰ ਕਰ ਸਕਾਂ। ਇਸ ਹਾਦਸੇ ਨੇ ਉਸਨੂੰ ਜਿਸ ਜ਼ੋਰ ਨਾਲ ਬਿਸਤਰ ਉਪਰ ਸੁਟਿਆ ਉਸੇ ਵੇਗ ਨਾਲ ਉਸਦੀ ਤੜਪ ਜ਼ਿੰਦਗੀ ਲਈ ਤੜਪ ਬਣਕੇ ਕੈਨਵਸ ਉਪਰ ਆ ਗਈ। ਉਹ ਦਰਦ, ਉਕਾਊਪੁਣੇ ਨਾਲ ਬੁਰੀ ਤਰਾਂ ਆਈਸੋਲੇਟ ਹੋ ਰਹੀ ਸੀ। ਉਸਦਾ ਪੂਰਾ ਸਰੀਰ ਪਲਾਸਤਰ ਵਿਚ ਕੈਦ ਸੀ। ਇਕ ਦਿਨ ਉਸਦੇ ਪਿਤਾ ਨੇ ਉਸਦੀ ਛਾਤੀ ਉਪਰ ਰੰਗਾਂ ਵਾਲਾ ਡੱਬਾ ਲਿਆ ਕੇ ਰੱਖ ਦਿੱਤਾ, ਮਾਂ ਨੇ ਉਸਨੂੰ ਇਕ ਸ਼ਿਕੰਜ਼ਾ ਬਣਾ ਕੇ ਦਿੱਤਾ ਤਾਂ ਕਿ ਉਸ ਲੇਟਿਆਂ ਹੀ ਪੇਟਿੰਗ ਕਰ ਸਕੇ। ਇਹ ਉਨ੍ਹਾਂ ਰੰਗਾਂ ਦੀ ਤਲਾਸ਼ ਸੀ, ਜੋ ਰੰਗ ਇਕ ਸਖ਼ਤ ਪਲਾਸਤਰ ਦੇ ਐਨ ਹੇਠਾਂ, ਵੱਖੀ ਤੋਂ ਰਤਾ ਉਪਰ ਛਾਤੀ ਹੇਠਾਂ ਜਮਾ ਹੋ ਰਹੇ ਸਨ। ਉਸ ਨੇ ਅੰਦਰ ਬਾਹਰ ਦੇ ਸਾਰੇ ਦਰਦ ਨੂੰ ਕੈਨਵਸ ਉਪਰ ਸੁੱਟ ਦਿੱਤਾ। ਅਡੋਲ ਸਰੀਰ, ਦੋ ਅੱਖਾਂ। ਜੋ ਵੇਖਿਆ, ਮਹਿਸੂਸਿਆ ਬਣਾਉਂਦੀ ਗਈ।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ। 
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ॥ (ਬਾਬਾ ਫਰੀਦ)

ਫਰੀਦਾ ਸਾਰੀ ਕਲਾ ‘ਆਟੋਬਾਇਓਗ੍ਰਾਫਿਕਲ’ ਹੈ।

ਪੜ੍ਹੋ ਇਹ ਵੀ - ‘ਦਿ ਗਰੈਂਡ ਈਵੈਂਟ’ ਅਤੇ ਲਾਕਡਾਊਨ ਪ੍ਰਸਾਰਣ

ਪਣੇ ਪੋਰਟਰੇਟ ‘ ਦਿ ਬਰੋਕਨ ਕਾੱਲਮ’ ਵਿਚ ਉਹ ਆਪਣੀ ਸਾਰੀ ਪੀੜ ਕੈਨਵਸ ਉਪਰ ਸੁੱਟਦੀ ਹੈ। ਜੇ ਤੁਸੀ ਇਸ ਪੋਰਟਰੇਰ ਦੇਖੋ ਤਾਂ ਤੁਹਾਡੇ ਸਰੀਰ ਵਿਚ ਇਕ ਅਜ਼ੀ ਪਰ ਤਿੱਖੀ ਲੋਹੇ ਦੀ ਇਕ ਬਰੀਕ ਤਾਰ ਗੁਜ਼ਰਦੀ ਹੈ। ਉਸਨੇ ਜੋ ਫਿਜ਼ੀਕਲ ਫੀਲ ਕੀਤਾ ਫਿਜ਼ੀਕਲ ਹੀ ਪੋਰਟਰੇਟ ਵਿਚ ਉਤਾਰ ਦਿੱਤਾ। ਰੀੜ ਦੀ ਜਗਾਹ ਤੇ ਉਸਨੇ ਇਕ ਸਟੀਲ ਦੀ ਰਾੱਡ ਦਿਖਾਈ ਹੈ ਜੋ ਥਾਂ ਤਾਂ ਬੁਰੀ ਤਰਾਂ ਟੁੱਟੀ ਹੋਈ  ਹੈ। ਪੂਰੇ ਸਰੀਰ ਉਪਰ ਮੇਖਾਂ। ਯਾਦ ਨਹੀਂ ਕਿਸਦਾ ਲਿਖਿਆ ਪਰ ਫਰੀਦਾ ਬਾਰੇ ਪੜਦਿਆਂ ਮੈਂ ਇਕ ਜਗਾ ਪੜਿਆ ਸੀ ਕਿ ‘ਦਰਦ ਇਕ ਗੈਰ-ਖੁਸ਼ਨੁਮਾ ਤਰੰਗ ਹੈ ਪਰ ਜਿਊਣ ਲਈ ਅਤੀ ਜ਼ਰੂਰੀ। ਸ਼ਾਇਦ ਦਰਦ ਸਾਡੇ ਰੀਅਲ ਜਾਂ ਪੁਟੈਂਸ਼ਲ ਟਿਸ਼ੂਆਂ ਦਾ ਇਕ ਐਕਸਪ੍ਰੈਸ਼ਨ ਹੋਵੇ।ਜੋ ਵੀ ਹੈ ਇਹ ਐਕਸਪ੍ਰੈਸ਼ਨ ਫਰੀਦਾ ਦੇ ਟਿਸ਼ੂਆਂ ਨੇ ਬਾਖ਼ੂਬੀ ਇਸ ਪੇਟਿੰਗ ਵਿਚ ਭਰਿਆ ਹੈ। ਉਸਨੇਂ ਆਪਣੀ ਪੀੜ ਨੂੰ ਜਿਵੇਂ ਕਿਸੇ ਫਿਜ਼ੀਕਲ ਫਾਰਮ ਵਿਚ ਦੇਖ ਲਿਆ ਹੋਏ, ਇਕ ਧਾਤ। ਫਿਰ ਇਸੇ ਨੂੰ ਪਿਘਲਾ ਕੇ ਉਸਨੇ ਆਪਣੇ ਬੁਰਸ਼ ਉਪਰ ਲਗਾ ਲਿਆ ਹੋਵੇ, ਕੁੱਝ ਇਸ ਤਰਾਂ। ਜਿਵੇਂ ਮਛਲੀ ਆਪਣੇ ਅੰਦਰਲੇ ਪਾਣੀ ’ਚ ਤੈਰ ਰਹੀ ਹੋਵੇ, ਆਪਣੇ ਆਪ ਨੂੰ ਬੇਟ ਬਣਾ ਕੇ ਫੜਨ ਨੂੰ। ਨਸਾਂ ਦਾ ਇਕ ਅਜ਼ੀਬ ਨੀਲਾ ਜਾਲ। ਜਦੋਂ ਤੁਸੀ ਨਿੱਜ ਨੂੰ ਸਮੂਹ ਨਾਲ ਬੰਨ ਲੈਂਦੇ ਹੋ ਤਾਂ ਆਪ ਵੀ ਸਮੂਹ ਹੋ ਜਾਂਦੇ ਹੋ ਅਤੇ ਸਮੂਹ ਵੀ ਨਿੱਜ। ਇਹ ਬੜਾ ਮਹੀਨ ਭੇਦ ਹੈ, ਇਸ ਮਹੀਨ ਭੇਦ ਦੀ ਮਹਾਂਰਥੀ ਹੈ ਫਰੀਦਾ।

ਉਸਨੇਂ ਆਪਣੀ ਪੇਟਿੰਗਜ਼ ਬਾਰੇ ਬੜੇ ਧੜੱਲੇ ਨਾਲ ਕਿਹਾ ਹੈ ਕਿ , ”I never painted dreams. I paint my own reality. The only thing that I know is that I paint because I need to, and I paint whatever passes through my head without any other consideration. I am the person I know best” ਚਾਹੇ ਉਸਦੀ ਕਲਾ ਨੂੰ ਬਹੁਤੇ ਸਰਬਵਿਆਪਕ ਖਾਤੇ ਵਿਚ ਰੱਖਦੇ ਹਨ ਪਰ ਮੈਨੂੰ ਹਮੇਸ਼ਾ ਲੱਗਾ ਹੈ ਕਿ ਉਸ ਫੈਂਟਸੀ ਅਤੇ ਰਿਆਲਟੀ ਦੇ ਵਿਚਕਾਰ ਕਿਤੇ ਵਸਦੀ ਹੈ। ਉਸਨੇ ਕਈ ਮਿੱਥਾਂ ਨੂੰ ਤਰਕ ਦਾ ਜਾਗ ਲਾਇਆ। ਇਕ ਨੇਟਿਵ ਮੈਕਸੀਕਨ ਪਰੰਪਰਾ ਅਤੇ ਵੈਸਟਰਨ ‘ਹਾਈ ਆਰਟ’ ਦਾ ਸੁਮੇਲ। ਨਿੱਜ ਤੋਂ ਵਿਆਪਕਤਾ ਦਾ ਸਫ਼ਰ। ਉਸਦੇ ਪੋਰਟਰੇਟ ਨਿੱਜੀ ਵੀ ਹਨ ਤੇ ਸਮਾਜਿਕ ਅਤੇ ਰਾਜਨੀਤਕ ਦੇ ਸੰਵਾਦ ਵਿਚ ਵੀ। ਫਰੀਦਾ ‘ਆਈਡੈਨਟਿਟੀ-ਮੇਕਰ ਹੈ’, ਇਸਤੋਂ ਵੱਧ ਇਸ ਸਭ ਬਾਰੇ ਅਜੇ ਨਹੀਂ ਲਿਖਾਂਗਾ। ਉਸਦੀ ਕਲਾ ਨਸਲ, ਲਿੰਗ, ਰੰਗ ਅਤੇ ਇਸ ਤਰਾਂ ਦੇ ਹੋਰ ਘੇਰਿਆਂ ਤੋਂ ਮੁਕਤ ਹੈ। ਦਰਅਸਲ ਤ੍ਰਾਸਦੀ ਦੀ ਕੋਈ ਭਾਸ਼ਾ ਨਹੀਂ ਹੁੰਦੀ। ਕੁਦਰਤ ਨੇ ਔਰਤ ਨੂੰ ਇਕ ਐਸੀ ਸਾਂਝ ਦਿੱਤੀ ਜੋ ਕਿਸੇ ਵੀ ਭਾਸ਼ਾ ਦੀ ਮੁਹਤਾਜ਼ ਨਹੀਂ। ਜਦੋਂ ਵੀ ਆਂਦਰ ਰੋਂਦੀ ਹੈ, ਇਕੋ ਭਾਸ਼ਾ ਵਿਚ ਰੋਂਦੀ ਹੈ। ਮੈਂ ਫਰੀਦਾ ਦੇ ਆਰਟ ਜੇਕਰ ਭਾਰਤੀ ਜਾਂ ਪੰਜਾਬੀ ਸੰਦਰਭ ਵਿਚ ਦੇਖਾਂ ਤਾਂ ਵੀ ਉਹ ਉੰਨੇ ਹੀ ਰੈਲੇਵੈਂਟ ਹਨ ਜਿੰਨੇ ਪੱਛਮ ਵਿਚ। ਇਸ ਪੱਛਮ ਦੀ ਔਰਤ ਨਾਲ ਭਰਿਆ ਪਿਆ ਪੂਰਬ, ਠੀਕ ਇਸੇ ਤਰਾਂ ਉਧਰ ਵੀ। ਫਰੀਦਾ ਮੇਰੇ ਲਈ ਉਹਨਾਂ ਆਰਟਿਸਟਸ ਵਿਚੋਂ ਰਹੀ ਜੋ ਇਕ ਗਲੋਬਲ ਭਾਸ਼ਾ ਵਿਚ ਗੱਲ ਕਰਦੇ ਹਨ। ਇਹ ਭਾਸ਼ਾ ਨਿੱਜੀ ਕਿਵੇਂ ਹੋ ਸਕਦੀ ਹੈ। ਉਸਦੀ ਕੈਨਵਸ ਤੇ ਸਭ ਲਗਾਤਾਰ ਕਵਿਤਾ ਵਾਂਗ ਫੈਲ ਰਿਹਾ ਹੈ, ਜੋ ਹਮੇਸ਼ਾ ਪ੍ਰਸੰਗਿਕ ਹੈ, ਰਹੇਗਾ। ਇਸ ਤਰਾਂ ਆਟੋਬਾਓਗ੍ਰਾਫਿਕਲ ‘ਆਟੋਬਾਓਗ੍ਰਾਫਿਕਲ ਰੈਵਿਲੂਅਸ਼ਨ’ ਵੱਧਦਾ ਹੈ। ਇਕ ਸਾਂਝੀ ਪੀੜ ਦੀ ਨਾਇਕਾ ਵੱਲ।

ਜਦੋਂ ਡਿਆਗੋ(ਫਰੀਦਾ ਦਾ ਪਤੀ) ਫਰੀਦਾ ਦੀ ਭੈਣ ਨਾਲ ਸਬੰਧ ਬਣਾ ਲੈਂਦਾ ਤਾਂ ਫਰੀਦਾ ਉਸਨੂੰ ਕਹਿੰਦੀ ਹੈ ਕਿ,

“ ਮੇਰੀ ਜ਼ਿੰਦਗੀ ਵਿਚ ਦੋ ਸਭ ਤੋਂ ਵੱਡੇ ਹਾਦਸੇ ਹਨ ਇਕ ਸਟਰੀਟ ਕਾਰ ਅਤੇ ਦੂਜਾ ਤੂੰ। ਤੇ ਤੂੰ ਜਿਆਦਾ ਦਰਦਨਾਕ ਏਂ।”

ਡਿਆਗੋ, ਡਿਆਗੋ ਰਵੇਰਾ।

1928 ਵਿਚ ਫਰੀਦਾ ਦੁਬਾਰਾ ਡਿਆਗੋ ਨੂੰ ਮਿਲੀ। ਇਹ ਉਹੀ ਡਿਆਗੋ ਹੈ ਜੋ ਫਰੀਦਾ ਦੇ ਸਕੂਲ ਵਿਚ ਇਕ ਵਾਰ ‘ਦਿ ਕਰੀਏਸ਼ਨ’ ਬਣਾ ਰਿਹਾ ਸੀ। ਫਰੀਦਾ ਬੀਮਾਰੀ ਤੋਂ ਹੌਲੀ-ਹੋਲੀ ਉੱਭਰੀ ਤਾਂ ਪੇਟਿੰਗ ਉਸਦੇ ਲਹੂ ਵਿਚੋਂ ਨਿਕਲ ਕੇ ਲਹੂ ਵਿਚ ਰਚ ਚੁੱਕੀ ਸੀ। ਡਿਆਗੋ ਇਕ ਮਸ਼ਹੂਰ ਚਿੱਤਰਕਾਰ ਸੀ ਜੋ ਬਾਅਦ ਵਿਚ ਮੈਕਸੀਕਨ ਆਰਟ ਰੈਵੋਲਿਊਸ਼ਨ ਦਾ ਮੋਹਰੀ ਬਣਿਆ। ਫਰੀਦਾ ਆਪਣੀੳ ਪੇਟਿੰਗਜ਼ ਲੈ ਕੇ ਜਦੋਂ ਉਸ ਕੋਲ ਪਹੁੰਚੀ ਤਾਂ ਉਸਨੇਂ ਇਕ ਲੰਗੜੀ ਟੇਢੀ ਚੱਲਣ ਵਾਲੀ ਕੁੜੀ ਦੀਆਂ ਪੇਟਿੰਗਜ਼ ਦੇਖਣ ਤੋਂ ਮਨਾ ਕਰ ਦਿੱਤਾ, ਫਰੀਦਾ ਆਪਣੀਆਂ ਪੇਂਟਿੰਗਜ਼ ਉਥੇ ਹੀ ਛੱਡ ਕੇ ਚਲੇ ਗਈ। ਉਸੇ ਸ਼ਾਮ ਆਪਣੇ ਕੰਮ ਤੋਂ ਵਿਹਲੇ ਹੋ ਕੇ ਜਦੋਂ ਡਿਆਗੋ ਨੇ ਪੇਟਿੰਗਜ਼ ਦੇਖੀਆਂ ਉਹ ਪੂਰੀ ਹਿੱਲ ਗਿਆ ਤੇ ਫਰੀਦਾ ਨੂੰ ਲੱਭਦਾ ਉਸਦੇ ਘਰ ਜਾ ਪਹੁੰਚਿਆ। ਇਥੋਂ ਦੋਵਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ।

ਪੜ੍ਹੋ ਇਹ ਵੀ - ਲਵ ਇਨ ਕੁਆਰੰਟੀਨ ਅਤੇ ਕਵਿਤਾ ਦੀ ਰਾਖ਼ਵੀਂ ਥਾਂ

ਦੋਸਤੀ, ਮੁਹੱਬਤ, ਵਿਆਹ, ਇਕ ਬੇ-ਲਗਾਮ ਰਿਲੇਸ਼ਨਸ਼ਿਪ।

ਫਰੀਦਾ ਅਤੇ ਡਿਆਗੋ ਜਦੋਂ ਵਿਆਹ ਵੱਲ ਵੱਧ ਰਹੇ ਸੀ ਤਾਂ ਫਰੀਦਾ ਦੀ ਮਾਂ ਇਸ ਰਿਸ਼ਤੇ ਦੇ ਬਿਲਕੁਲ ਖਿਲਾਫ਼ ਸੀ, ਬਾਪ ਚੁੱਪ। ਫਿਰ ਵੀ ਦੋਵਾਂ ਨੇ ਵਿਆਹ ਕਰਵਾ ਲਿਆ। ਡਿਆਗੋ ਫਰੀਦਾ ਤੋਂ ਇੱਕੀ ਸਾਲ ਵੱਡਾ ਸੀ। ਵਿਆਹ ਨੂੰ ਸਫਲ ਜਾਂ ਅਸਫਲ ਵਿਚ ਨਹੀਂ ਬੰਨਿਆ ਜਾ ਸਕਦਾ ਪਰ ਫਰੀਦਾ ਦਾ ਦਰਦ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ। ਆਪਣੇ ਆਰਟ ਦੇ ਚੱਕਰ ਵਿਚ ਡਿਆਗੋ ਨੂੰ ਲਗਤਾਰ ਘਰ ਬਦਲਦੇ ਰਹਿਣਾ ਪੈਂਦਾ, ਫਰੀਦਾ ਮਗਰ ਮਗਰ। ਫਰੀਦਾ ਅਤੇ ਉਸਦਾ ਦਰਦ ਪੀਕ ਵੱਲ ਵੱਧ ਰਹੇ ਸਨ। ਉਹ ਫਰੀਦਾ ਘੱਟ ਅਤੇ ਡਿਆਗੋ ਦੀ ਪਤਨੀ ਜ਼ਿਆਦਾ ਬਣਦੀ ਜਾ ਰਹੀ ਸੀ। ਇਸ ਗੱਲ ਨੇ ਫਰੀਦਾ ਨੂੰ ਪ੍ਰੇਸ਼ਾਨ ਕੀਤਾ। ਹੋਂਦ ਦੀ ਲੜਾਈ। ਡਿਆਗੋ ਉਸਨੂੰ ਮੁਹੱਬਤ ਤਾਂ ਕਰਦਾ ਸੀ ਪਰ ਹੌਲੀ ਹੌਲੀ ਉਹ ਫਰੀਦਾ ’ਤੇ ਪਲਸਤਰ ਵਾਂਗ ਵੀ ਚੜ੍ਹ ਰਿਹਾ ਸੀ। ਫਰੀਦਾ ਨੇ ਮੰਨਿਆ ਕਿ ਪ੍ਰੇਮ ਉਸਦੇ ਲਈ ਦੂਸਰਾ ਹਾਦਸਾ ਹੈ। ਫਰੀਦਾ ਅਤੇ ਡਿਆਗੋ ਦਾ ਰਿਸ਼ਤਾ ਮੁਸੀਬਤ ਭਰਿਆ ਪਰ ਇੰਨਟੈਂਸ ਰਿਲੇਸ਼ਨ ਸੀ ਜੋ ਦੋਹਵਾਂ ਨੇ ਬੁਰੀ ਤਰਾਂ ਨਿਭਾਇਆ। ਡਿਆਗੋ ਦੇ ਮਨਚਲੇ ਰਿਸ਼ਤੇ, ਅਫੇਅਰਜ਼, ਸੈਕਸ ਬੁਰੀ ਤਰਾਂ ਮਸ਼ਹੂਰ ਸਨ। ਆਪਣੀਆਂ ਪੇਟਿੰਗਜ਼ ਦੀਆਂ ਮਾਡਲਜ਼ ਨਾਲ ਡਿਆਗੋ ਦਾ ਫੜੇ ਜਾਣਾ ਆਮ ਸੀ। ਫਰੀਦਾ ਦਿਨ-ਬ-ਦਿਨ ਟੁੱਟ ਰਹੀ ਸੀ। ਹੁਣ ਫਰੀਦਾ ਵੀ ਡਿਆਗੋ ਹੀ ਸੀ। ਉਸਦੇ ਕਿੱਸੇ, ਅਫੇਅਰਜ਼ ਵੀ ਬੜੇ ਕਮਾਲ ਦੇ ਹਨ। ਫਰੀਦਾ ਦੇ ਮਰਦਾਂ ਅਤੇ ਔਰਤਾਂ ਦੋਹਵਾਂ ਨਾਲ ਰਿਲੇਸ਼ਨ ਰਹੇ, ਕਈ ਪ੍ਰਸਿੱਧ ਨਾਂ ਇਨ੍ਹਾਂ ਕਿੱਸਿਆਂ ਵਿਚ ਆਉਂਦੇ ਹਨ, ਕਾਮਰੇਡ ਲਿਉਨ ਤਰਾਸਕੀ, ਸੁਰੀਅਲਿਸਟਿਕ ਪੇਂਟਰ ਆਂਦਰੇ ਬਰੇਟਨ ਅਤੇ ਹੋਰ ਵੀ ਬਹੁਤ। ਜੇਕਰ ਇਸ ਤਰਾਂ ਦੇ ਕਿੱਸੇ ਲਿਖਣੇ ਹੋਣ ਕਿਤਾਬ ਬਣੇ। ਦੋਵੇਂ ਟੁੱਟ ਰਹੇ ਸਨ। ਫਰੀਦਾ ਦਾ ਡਿਆਗੋ ਲਈ ਪ੍ਰੇਮ ਜਿੰਨਾ ਡੂੰਘਾ ਸੀ, ਜ਼ਖ਼ਮ ਵੀ ਉਨਾ ਹੀ ਡੂੰਘਾ ਹੋ ਰਿਹਾ ਸੀ। ਉਸਦਾ ਦੁੱਖ ਬਹੁਤ ਸੰਗੀਨ ਸੀ। ਜ਼ਿੰਦਗੀ ਓਵੇਂ ਹੀ ਚੱਲ ਰਹੀ ਹੈ। ਬੇ-ਲਗਾਮ। ..ਤੇ ਡਿਆਗੋ ਨੂੰ ਇਕ ਦਿਨ ਫਰੀਦਾ ਆਪਣੀ ਭੈਣ ਨਾਲ ਰੰਗੇ ਹੱਥੀਂ ਫੜ ਲੈਂਦੀ ਹੈ। ਉਹ ਇਸ ਸਭ ਦਾ ਵਿਰੋਧ ਆਪਣੇ ਵਾਲ ਕੱਟ ਕੇ ਕਰਦੀ ਹੈ। ਇਕ ਦਿਨ ਡਿਆਗੋ ਘਰ ਆਉਂਦਾ ਹੈ ਤੇ ਦੇਖਦਾ ਹੈ ਫਰੀਦਾ ਆਪਣੇ ਖੂਬਸੂਰਤ ਲੰਮੇ ਵਾਲ ਕੱਟ ਕੇ ਫਰਸ਼ ਉਪਰ ਸੁੱਟ ਰਹੀ ਹੈ। ਸ਼ਾਇਦ ਇਹ ਡਿਆਗੋ ਦੀ ਪਤਨੀ ਦੀ ਵਿਰੋਧਤਾ ਦੀ ਸ਼ਿਖਾ ਸੀ। ਉਸਦੇ ਪੋਰਟਰੇਟ ਵੀ ਏਸੇ ਤਰਾਂ ਵਿਰੋਧ ਵਿਚ ਉੱਤਰ ਆਏ।

ਦੋਹਵਾਂ ਦਾ ਰਿਸ਼ਤਾ ਤਲਾਕ ਵੱਲ ਵੱਧਿਆ।

ਤਲਾਕ ਹੋ ਗਿਆ। 

ਉਸਨੇ ਆਪਣੇ ਇਹ ਦਿਨ ਵੀ ‘ਸੈਲਫ-ਪੋਰਟਰੇਟ’ ਵਿਚ ਉਤਾਰੇ। ‘ਦਿ ਹਾਰਟ’, ‘ਟੂ ਫਰੀਦਾਜ਼’, ‘ਕਰਾਪਡ ਹੇਅਰਜ਼’ ਹੋਰ ਵੀ ਕਈ। ਇਹ ਸਭ ਫਰੀਦਾ ਦੇ ਰਿਲੇਸ਼ਨ ਦੇ ਸ਼ਿਲਾਲੇਖ ਹਨ। ‘ਦਿ ਟੂ ਫਰੀਦਾਜ਼’ ਫਰੀਦਾ ਨੇ ਆਪਣੇ ਤਲਾਕ ਤੋਂ ਬਾਅਦ ਬਣਾਇਆ ਸੀ। ਇਸ  ਵਿਚ ਉਸ ਨੇ ਆਪਣੇ ਆਪ ਨੂੰ ਦੋ ਕੁਰਸੀਆਂ ਬੈਠੇ ਦਿਖਾਇਆ। ਦੋਨੋਂ ਫਰੀਦਾ ਬਿਲਕੁਲ ਅਲੱਗ ਹਨ। ਇਕ ਪੂਰੀ ਤਰਾਂ ‘ਮੈਕਸੀਕਨ ਫਰੀਦਾ’ ਤੇ ਦੂਸਰੀ ‘ਯੂਰਪੀਅਨ ਫਰੀਦਾ’, ਮੰਨਿਆ ਜਾਂਦਾ ਹੈ ਕਿ ਇਸ ਵਿਚ ਇਕ ਨਾਲ ਡਿਆਗੋ ਦਾ ਪਿਆਰ ਅਤੇ ਦੂਸਰੀ ਨੂੰ ਇਕ ਪੇਂਟਰ ਵਲੋ ਤਲਾਕ ਅਤੇ ਤ੍ਰਿਸਕਾਰ ਦਿਖਾਇਆ ਗਿਆ ਹੈ। ਇਕ ਅਜ਼ੀਬ ਕਸ਼ਮਕਸ਼ ਭਰੀ ਹੈ ਫਰੀਦਾ ਨੇ ਇਸ ਅੰਦਰ। ਇਸੇ ਤਰਾਂ ‘ਕਰਾਪਡ ਹੇਅਰਜ਼’ ਵਿਚ ਉਹ ਡਿਆਗੋ ਦੇ ਧੋਖੇ ਦੇ ਵਿਦਰੋਹ ਵਿਚ ਕੱਟੁ ਵਾਲ ਦਿਖਾਉਂਦੀ ਹੈ, ਇਸ ਪੋਰਟਰੇਟ ਵਿਚ ਫਰਸ਼ ਉਪਰ ਉਸਦੇ ਵਾਲ ਖਿਲਰੇ ਪਏ ਹਨ, ਤੇ ਉਹ ਮਰਦਾਵੇਂ ਕੱਪੜੇ ਪਾ ਕੇ ਬੈਠੀ ਹੈ ਜੋ ਉਸਦੇ ਫੈਮਨਿਜ਼ਮ ਤੇ ਡੂੰਘਾ ਅਸਰ ਸੀ।

ਮੁਹੱਬਤ ਤਾਂ ਸੀ, ਤੇ ਤਲਾਕ ਤੋਂ ਇਕ ਸਾਲ ਬਾਅਦ ਨਵੇਂ ਵਾਦਿਆਂ ਨਾਲ ਫਿਰ ਫਰੀਦਾ ’ਤੇ ਡਿਆਗੋ ਨੇ ਵਿਆਹ ਕਰਵਾਇਆ। ਪਰ ਹਾਲਾਤ ਉਹੀ ਰਹੇ, ਵਾਅਦੇ ਕਦ ਨਿਭਦੇ ਨੇ। ਇਸ ਸਭ ਦੇ ਨਾਲ ਨਾਲ ਜੋ ਇਕ ਹੋਰ ਯੁੱਧ ਚਲ ਰਿਹਾ ਸੀ ਉਹ ਸੀ ‘ਮਾਂ’ ਯੁੱਧ। ਹਰਿਕ ਔਰਤ ਵਾਂਗ ਫਰੀਦਾ ਵੀ ਮਾਂ ਬਣਨਾ ਚਹੁੰਦੀ ਸੀ ਜੋ ਸੰਭਵ ਨਹੀਂ ਸੀ। ਪਹਿਲੇ ਹਾਦਸੇ ਦੇ ਨਿਸ਼ਾਨ ਉਸਦੇ ਬਾਹਰ ਵੀ ਸਨ ਅਤੇ ਅੰਦਰ ਵੀ। ਬਾਅਦ ਵਿਚ ਇਹ ਨਿਸ਼ਾਨ ਉਂਗਲਾਂ ਰਾਹੀਂ ਫਰੀਦਾ ਦੇ ਬੁਰਸ਼ ਵਿਚ ਵੀ ਉਤਰੇ। ਉਸਦੇ ਤਿੰਨ ਮਿਕੈਰਜ਼ਸ ਨੇ ਉਸਦਾ ਦਿੱਲ ਬਿਠਾ ਦਿੱਤਾ। 

ਡਿਆਗੋ ਮੈਂ ਮਾਂ ਬਣਨਾ ਚਾਹੁੰਦੀ ਹਾਂ

-ਕੀ ਤੇਰਾ ਸਰੀਰ ਬਰਦਾਸ਼ਤ ਕਰੇਗਾ ?

ਡਿਆਗੋ ਬੱਚਾ ਟੁਕੜੇ ਹੋ ਕੇ ਬਾਹਰ ਆਇਆ। ਮੈਂ ਆਪਣਾ ਪੁੱਤਰ ਦੇਖਣਾ ਹੈ।

ਫਰੀਦਾ ਨੇ ਡਿਆਗੋ ਨੂੰ ਦਿੱਤੇ ਇਕੋ ਜੁਆਬ ਵਿਚ ਸਭ ਕੁਝ ਕਹਿ ਦਿੱਤਾ ਜੋ ਬਹੁਤ ਜਿਆਦਾ ਦੁਖਦਾਈ ਹੈ। ਮਿਸਕੈਰਜ਼ ਦੇ ਪੋਰਟਰੇਟ ਕਿਵੇਂ ਬਣਾ ਸਕਦਾ ਹੈ ਕੋਈ। ‘ਹੈਨਰੀ ਫੋਰਡ ਹਾਸਪੀਟਲ: ਦਿ ਫਲਾਈਂਗ ਬੈੱਡ’। ਉਸਨੇ ਇਕ ਔਰਤ ਨਾਲ ਉਲਝ ਰਹੀ ਉਸਦੀ ਮਮਤਾ ਨੂੰ ਦੁੱਧ ਚਿੱਟੇ ਕਾਗਜ਼ਾਂ ’ਪੁਰ ਉਤਾਰ ਦਿੱਤਾ। ਫਰੈਕਚਰਡ ਕੋਖ, ਸਰੀਰ ਵਿਚੋਂ ਬਾਹਰ ਨਿਕਲ ਉਸਦੇ ਹੱਥਾਂ ਵਿਚ ਆ ਰਹੀ ਹੈ। ਕੀ ਇਹ ਮਹਿਜ਼ ‘ਆਰਟ’ ਹੈ। 
ਮੈਂ ਸ਼ਾਇਦ ਇਸ ਮਾਂ ਬਾਰੇ ਹੋਰ ਨਹੀਂ ਲਿਖ ਸਕਦਾ।

‘ਮਾਈ ਬਰਥ’ ਜਾਂ ‘ਮਾਈ ਨਰਸ ਐਂਡ ਆਈ’ ਵੀ ਸ਼ਾਇਦ ਇਸੇ ਮਾਂ ਦੀ ਐਕਸਟੈਸ਼ਨ ਹਨ; ਉਸਦੇ ਆਪਣੇ ਮਾਂ-ਬਾਪ ਲਈ ਪ੍ਰੇਮ ਵੀ।ਓ ਮੇਰੀ ਫਰੀਦਾ॥

ਫਰੈਕਚਰਡ ਆਤਮਾ ਦੇ ਆਖ਼ਰੀ ਪੋਰਟਰੇਟ ਦੀ ਮ੍ਰਿਤੂ, 

‘ਦਿ ਮੋਜ਼ਿਜ਼’ ਮੋਜ਼ਿਜ਼ ਫਰੀਦਾ ਦੇ ਆਖਰੀ ਦਹਾਕੇ ਵਿਚ ਪ੍ਰਗਟ ਹੋਇਆ। ਸਿੰਗਮੰਡ ਫਰਾਈਡ ਦੀ ਕਿਤਾਬ ਮੋਜ਼ਿਜ਼ ਐਂਡ ਮੋਨੋਥਿਜ਼ਮ ਤੋਂ ਪ੍ਰਭਾਵਿਤ ਸੀ। ਫਰੀਦਾ ਅਨੁਸਾਰ ਕਿਸੇ ਮਿੱਤਰ ਦੇ ਕਹਿਣ ਤੇ ਉਸਨੇ ਇਹ ਕਿਤਾਬ ਪੜੀ। ਇਕੋ ਵਾਰ ਪੜ੍ਹਕੇ ਉਸਨੇ ਇਸਨੂੰ ਬਣਾਉਣਾ ਸ਼ੁਰੂ ਕੀਤਾ, ਜਦੋਂ ਇਹ ਕੰਮ ਪੂਰਾ ਹੋਇਆ ਤਾਂ ਲੱਗਾ ਕਿ ਇਹ ਫਰਾਈਡ ਦੀ ਕਿਤਾਬ ਨਾਲੋ ਬਿਲਕੁਲ ਵੱਖਰੇ ਬਲੀਫ ਤੇ ਹੈ। ਪਰ ਕੀ ਕੀਤਾ ਜਾ ਸਕਦਾ ਸੀ, ਫਰੀਦਾ ਇਸਨੂੰ ਬਦਲ ਨਹੀਂ ਸਕੀ। ਇਸ ਵਿਚ ਉਸਨੇ ਸਾਰੇ ਧਰਮਾਂ ਦਾ ਧੁਰਾ ਸੂਰਜ ਨੂੰ ਬਣਾਇਆ। ਸਿਖਰ ’ਤੇ ਭਗਵਾਨ ਬਣਾਏ, ਮੱਧ ਵਿਚ ਸਿਕੰਦਰ, ਮਾਰਟਿਨ ਲੂਥਿਰ ਕਿੰਗ, ਨੈਪੋਲਿਅਨ ਅਤੇ ਹੋਰ ਕਈ ਸੈਲੀਬ੍ਰੇਟਿਡ ਹੀਰੋਜ਼ ਸਨ, ਪੋਰਟਰੇਟ ਦੇ ਹੇਠਲਾ ਹਿੱਸਾ ਐਵੋਲਿਊਸ਼ਨ ਨਾਲ ਭਰਿਆ ਪਿਆ, ਜਿਸਦੇ ਦੇ ਮੱਧ ਵਿਚ ਮੋਜ਼ਿਜ਼ ਪ੍ਰਗਟ ਹੁੰਦਾ ਹੈ ਆਪਣੇ ਮੱਥੇ ਉਪਰ ਗਿਆਨ ਦਾ ਤੀਸਰਾ ਨੇਤਰ ਲਈ। ਸਭ ਤੋਂ ਅਚੰਭਿਤ ਗੱਲ ਕਿ ਉਸਨੇਂ ਇਸ ਵਿਚ ਹਿਟਲਰ ਨੂੰ ਬਣਾਇਆ ਜਿਸਨੂੰ ਉਹ ਅਕਸਰ ‘ਲੌਸਟ ਚਾਈਲਡ’ ਕਿਹਾ ਕਰਦੀ ਸੀ। 

...ਤੇ ਇਹ ਨੇਤਰ ਬੰਦ ਹੋ ਗਿਆ ਇਕ ਦਿਨ। ਮਰ ਗਈ ਫਰੀਦਾ। ਉਮਰ ਸੰਤਾਲੀ ਸਾਲ, ਕੁੱਲ ਪੇਂਟਿੰਗਜ਼ 147, ਵਿਚੋਂ 55 ਸੈਲਫ ਪੋਰਟਰੇਟ, ਇਕ ਫਰੀਦਾ।ਫਰੀਦਾ ਦੀ ਇਕ ਫਿਲਮ ਵਾਂਗ ਰਹੀ। ਇਕ ਅਤੀ ਰੋਮਾਂਚਿਕ ਤੇਜ਼ ਫਿਲਮ। ਝੂਠ ਸੱਚ, ਪਿਆਰ ਧੋਖੇ, ਅਫੇਅਰਜ਼ ਸੈਕਸ, ਕਲਾ ਅਤੇ ਇਕ ਅਧਿਆਤਮ ਨਾਲ ਭਰੀ ਫਿਲਮ। ਟਕ, ਟਕ, ਟਕ, ਕਡੱਕ। ਉਸਨੇਂ ਆਪਣੇ ਆਪ ਨੂੰ ਕੈਨਵਸ ਉਪਰ ਉਤਾਰਿਆ ਜਾਂ ਆਪਣੇ ਪੋਰਟਰੇਟਸ ਨੂੰ ਆਪਣੀ ਰਿਆਲਟੀ ਵਿਚ, ਇਹ ਕਹਿਣਾ ਮੁਸ਼ਕਿਲ ਹੈ। ਆਪਣੀ ਦਿੱਖ, ਪਹਿਰਾਵੇ ਅਤੇ ਜਿਊਣ ਨਾਲ ਲਗਾਤਾਰ ਐਕਸਪੈਰੀਮੈਂਟ ਕੀਤੇ, ਸ਼ੀ ਵਾਜ਼ ਸੋ ਫਰੀਕਿਉਏਂਟ, ਸੋ ਸ਼ਾਰਪ, ਇਕ ਤੇਜ਼ ਕਾਲਾ ਤੇਂਦੂਆ। ਉਸਨੇਂ ਆਦਮ ਦੀ ਪੂਰੀ ਮਿੱਥ ਆਪਣੇ ਕੰਟੈਪੋਰੇਰੀ ਹੋਂਦ ਵਿਚ ਮਿਲਾ ਦਿੱਤੀ। ਫਰੀਦਾ ਦੇ ਫੁੱਲ, ਕੱਪੜੇ, ਸਟਾਈਲ, ਗਹਿਣੇ, ਲਿਪਸਟਿਕ, ਨੇਲ-ਪੇਂਟ ਉਸਦੇ ਪ੍ਰੇਮ, ਵਿਰੋਧ ਅਤੇ ਪ੍ਰਤੀਰੋਧ ਦੀ ਤਰਜ਼ਮਾਨੀ ਕਰਦੇ। ਉਹ ਰੰਗ ਅਤੇ ਅਕਾਰ ਨਾਲ ਚੀਜ਼ਾਂ ਦਾ ਉਲੱਥਾ ਕਰਦੀ। ਉਸਦਾ ਪਹਿਰਾਵਾ ਅਤੇ ਸਟਾਈਲ ਵੱਖ ਵੱਖ ਕਲਚਰਜ਼ ਵਿਚੋ ਹੁੰਦਾ। ਅਲੱਗ-ਅਲੱਗ ਸਿੰਬਲ, ਇਕ ਪ੍ਰੋਟੈਸਟ ਵਿਚ ਉਸਨੇਂ ਬੰਗਾਲੀ ਸਾੜੀ ਪਾ ਕੇ ਸਭ ਨੂੰ ਅਚੰਭਿਤ ਕਰ ਦਿੱਤਾ। ਜਿੰਨਾ ਚਿਰ ਰਹੀ, ਫਰੀਦਾ ਜ਼ਿੰਦਗੀ ਉਪਰ ਹਾਵੀ ਰਹੀ।ਇਕ ਆਟੋਬਾਇਓਗ੍ਰਾਫਿਕਲ ਐਵੋਲਿਊਸ਼ਨ। 

ਰੋਸ਼ਨੀ ਨੂੰ ਅੰਦਰ ਲੈ ਜਾਣ ਲਈ ਤਰੇੜ ਹੋਣਾ ਲਾਜ਼ਮੀ ਹੈ।

ਫਰੀਦਾ ਨੇ ਮਰਨ ਤੋਂ ਕੁਝ ਦਿਨ ਪਹਿਲਾਂ ਆਪਣੀ ਡਾਇਰੀ ਵਿਚ ਲਿਖਿਆ, “ ਮੈਂ ਉਮੀਦ ਕਰਦੀ ਹਾਂ ਕਿ ਮਰਨਾ ਖੁਸ਼ਨੁਮਾ ਹੋਵੇ- ਤੇ ਮੈਂ ਉਮੀਦ ਕਰਦੀ ਹਾਂ ਕਿ ਮੈਂ ਵਾਪਿਸ ਕਦੇ ਨਾ ਆਵਾਂ।” 

PunjabKesari

ਸ਼ਿਵਦੀਪ

(ਫਰੀਦਾ ਨੇ ਜ਼ਿੰਦਗੀ ਦਾ ਇਕ ਲੰਮਾ ਸਮਾਂ ਬੈੱਡ ਅਤੇ ਪਲਸਤਰਾਂ ਦੇ ਕਵਚ ਵਿਚ ਬਿਤਾਇਆ ਹੈ। ਪਿਛਲੇ ਦਿਨੀ ਜਦੋਂ ਮੈਂ ਇਕ ਕੁਆਰੰਟੀਨ ਆਰਟਿਸਟਾਂ ਉਪਰ ਇਕ ਆਰਟੀਕਲ ਪੜ ਰਿਹਾ ਰਿਹਾ ਸੀ ਤਾਂ ਉਸ ਵਿਚ ਫਰੀਦਾ ਨੂੰ ਵੀ ਰੱਖਿਆ ਗਿਆ ਸੀ। ਫਰੀਦਾ ਉਹਨਾਂ ਆਰਟਿਸਟਾਂ ਵਿਚ ਆਉਂਦੀ ਹੈ ਜਿਹਨਾਂ ਨੇ ਆਪਣੇ ਕੁਆਰੰਟੀਨ ਨੂੰ ਅਲੱਗ ਦਿਸ਼ਾ ਵੱਲ ਮੌੜਿਆ। ਇਸ ਲਿਸਟ ਵਿਚ ਉਹਦਾ ਨਾਂ ਵਿਕਟਰ ਹਿਊਗੋ, ਸ਼ੇਕਸਪੀਅਰ, ਪਾਬਲੋ ਪਿਕਾਸੋ, ਸਾਈਮਨ ਦਿ ਬੁਆਰ, ਨਿਊਟਨ, ਸਿਗਮੰਡ ਫਰਾਈਡ ਅਤੇ ਦਾਂਤੇ ਨਾਲ ਸੀ। )


rajwinder kaur

Content Editor

Related News