ਅਮਰੀਕਾ : ਟਰੱਕ ਦੇ ਤੇਲ ਟੈਂਕ 'ਚ ਲੱਗੀ ਅੱਗ, ਪੰਜਾਬੀ ਵਿਅਕਤੀ ਦੀ ਹੋਈ ਮੌਤ

Tuesday, Sep 08, 2020 - 09:19 AM (IST)

ਅਮਰੀਕਾ : ਟਰੱਕ ਦੇ ਤੇਲ ਟੈਂਕ 'ਚ ਲੱਗੀ ਅੱਗ, ਪੰਜਾਬੀ ਵਿਅਕਤੀ ਦੀ ਹੋਈ ਮੌਤ

ਫਰਿਜ਼ਨੋ (ਨੀਟਾ ਮਾਛੀਕੇ/ਰਾਜ ਗੋਗਨਾ)- ਪਿਛਲੇ ਕਰੀਬ ਡੇਢ ਮਹੀਨੇ ਤੋਂ ਅਮਰੀਕੀ ਟਰੱਕਿੰਗ ਇੰਡਸਟਰੀ ਤੋਂ ਪੰਜਾਬੀ ਭਾਈਚਾਰੇ ਲਈ ਬਹੁਤ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਅਗਸਤ ਅਤੇ ਸਤੰਬਰ ਮਹੀਨੇ ਅਮਰੀਕਾ ਵਿਚ ਸੜਕ ਦੁਰਘਟਨਾਵਾਂ ਵਿਚ 4-5 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ। 5 ਸਤੰਬਰ ਨੂੰ ਨਿਊ-ਮੈਕਸੀਕੋ ਸਟੇਟ ਵਿਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿਆਨਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਥਾਂ 'ਤੇ ਮੌਤ ਹੋ ਗਈ। 

PunjabKesari

ਜਾਣਕਾਰੀ ਮੁਤਾਬਕ ਫਰੀਵੇਅ 40 'ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿਚ ਅਸਫਲ ਰਿਹਾ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਇਆ ਅਤੇ ਟਰੱਕ ਸਾਈਡ ਨੂੰ ਡਿੱਗ ਗਿਆ ਅਤੇ ਟਰੱਕ ਦਾ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿਆਨਕ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿਚ ਲੈ ਲਿਆ।

ਸੁਖਵਿੰਦਰ ਸਿੰਘ ਟਿਵਾਣਾ ਸਟੇਰਿੰਗ ਵੀਲ ਅਤੇ ਸੀਟ ਦੇ ਵਿਚਕਾਰ ਫਸ ਗਏ ਤੇ ਜਿਉਂਦੇ ਹੀ ਅੱਗ ਵਿਚ ਮੱਚ ਕੇ ਰੱਬ ਨੂੰ ਪਿਆਰੇ ਹੋ ਗਏ। ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ਵਿਚ ਸਨ ਅਤੇ ਤਿੰਨ ਕੁ ਟਰੱਕਾਂ ਦੀ ਛੋਟੀ ਕੰਪਨੀ “ਜੋਤ ਟਰੱਕਿੰਗ” ਚਲਾ ਰਹੇ ਸਨ। ਹਾਦਸੇ ਵਾਲੇ ਦਿਨ ਉਹ ਖੁਦ ਟਰੱਕ 'ਤੇ ਲੋਡ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। 

ਸੁਖਵਿੰਦਰ  ਸਿੰਘ ਟਿਵਾਣਾ ਆਪਣੇ ਪਿੱਛੇ ਆਪਣਾ ਬੁੱਢੇ ਮਾਂ-ਬਾਪ, ਪਤਨੀ ਅਤੇ 3 ਬੱਚੇ ਛੱਡ ਗਏ ਹਨ। ਸੁਣਨ ਵਿਚ ਆਇਆ ਕਿ ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਪਿੰਡ ਨਾਲ ਸਬੰਧਤ ਸੀ ਅਤੇ ਉਹ ਪਿਛਲੇ 25-26 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਇਸ ਮੰਦਭਾਗੀ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿਚ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਪ੍ਰਦੀਪ ਸਿੰਘ ਤੂਰ  (559) 681-0020 ਜਾਂ  ਜਗਦੇਵ ਸਿੰਘ ਬਰਾੜ ਨਾਲ 559-260-3445 'ਤੇ ਸੰਪਰਕ ਕਰ ਸਕਦੇ ਹੋ।


author

Lalita Mam

Content Editor

Related News