ਸਰਹਿੰਦ ਰੇਲਵੇ ਸਟੇਸ਼ਨ ਨਜ਼ਦੀਕ ਪੱਟੜੀ ਤੋਂ ਉਤਰੀ ਮਾਲ ਗੱਡੀ, ਵੱਡਾ ਹਾਦਸਾ ਟਲਿਆ

03/23/2018 6:39:28 PM

ਫ਼ਤਹਿਗੜ੍ਹ ਸਾਹਿਬ (ਜਗਦੇਵ) : ਲੁਧਿਆਣਾ ਤੋਂ ਅੰਬਾਲਾ ਜਾ ਰਹੀ ਇਕ ਮਾਲ ਗੱਡੀ ਸਵੇਰੇ 9 ਵਜੇ ਦੇ ਕਰੀਬ ਸਰਹਿੰਦ ਰੇਲਵੇ ਸਟੇਸਨ ਨਜ਼ਦੀਕ ਬ੍ਰਾਹਮਣ ਮਾਜਰਾ ਸਰਹਿੰਦ ਨੇੜੇ ਅਚਾਨਕ ਲਾਈਨ ਤੋਂ ਉਤਰ ਗਈ ਅਤੇ ਰੇਲਵੇ ਦੇ ਅਧਿਕਾਰੀਆਂ ਦੇ ਯਤਨਾਂ ਸਦਕਾ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਦੀ ਜਾਂਚ ਲਈ ਰੇਲਵੇ ਵਿਭਾਗ ਦੇ ਚੰਡੀਗੜ੍ਹ ਅਤੇ ਅੰਬਾਲਾ ਤੋਂ ਉਚ ਅਧਿਕਾਰੀ ਅਤੇ ਵਿਸ਼ੇਸ਼ ਦਸਤਿਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਭਾਵੇਂ ਵਿਭਾਗ ਦੇ ਅਧਿਕਾਰੀ ਜਾਂਚ ਕਰ ਰਹੇ ਹਨ ਪਰ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਇਕ ਅਵਾਰਾ ਸਾਨ੍ਹ ਦੇ ਰੇਲ ਗੱਡੀ ਦੇ ਅੱਗੇ ਆਉਣ ਕਾਰਣ ਵਾਪਰਿਆ ਹੈ।
ਘਟਨਾ ਸਥਾਨ ਦੇ ਨਜ਼ਦੀਕ ਹੀ ਇਕ ਸਾਨ੍ਹ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ ਹੈ। ਰੇਲਵੇ ਸੁਰਖਿਆ ਬੱਲ ਦੇ ਸਹਾਇਕ ਥਾਣੇਦਾਰ ਤਾਰਾ ਚੰਦ ਨੇ ਦੱਸਿਆ ਕਿ ਸਾਨ੍ਹ ਦੇ ਰੇਲ ਗੱਡੀ ਅੱਗੇ ਆਉਣ ਕਾਰਣ ਇਹ ਹਾਦਸਾ ਵਾਪਰਿਆ ਹੈ ਪਰ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਦੋਂ ਰੇਲਵੇ ਸਟੇਸ਼ਨ ਸਰਹਿੰਦ ਦੇ ਸੁਪਰਡੰਟ ਪ੍ਰਦੀਪ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਮਾਮਲੇ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


Related News