ਫਰੀ ਬਿਜਲੀ ਕਾਰਣ ਲੋਕਾਂ ਦੀ ਸੁਧਰ ਰਹੀ ਆਰਥਿਕ ਹਾਲਤ, ਕਿਸਾਨ ਵੀ ਹੋਏ ਬਾਗੋ-ਬਾਗ
Saturday, Sep 14, 2024 - 02:55 PM (IST)
ਜਲੰਧਰ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਲੋਕਾਂ ਦੀ ਬਿਹਤਰੀ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਮਾਨ ਸਰਕਾਰ ਨੇ ਅਜਿਹੇ ਕਦਮ ਚੁੱਕੇ ਜਿਹੜੇ ਪਹਿਲਾਂ ਕਦੇ ਨਹੀਂ ਹੋਏ। ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੀ ਬਿਜਲੀ ਫਰੀ ਕੀਤੀ, ਇਸ ਨਾਲ ਜਿੱਥੇ ਗਰੀਬ ਲੋਕਾਂ ਨੂੰ ਸੁੱਖ ਦਾ ਸਾਹ ਆਇਆ, ਉਥੇ ਹੀ ਕਿਸਾਨ ਅਤੇ ਗਰੀਬ ਦੁਕਾਨਦਾਰਾਂ ਨੂੰ ਵੱਡਾ ਲਾਭ ਮਿਲਿਆ। ਮਾਨ ਸਰਕਾਰ ਨੇ ਬਿਜਲੀ ਫਰੀ ਕਰਨ ਦੇ ਨਾਲ-ਨਾਲ ਪਛਵਾੜਾ ਕੋਲ ਖਾਨ ਸ਼ੁਰੂ ਕਰਵਾਈ। ਸਰਕਾਰ ਦੇ ਇਸ ਸ਼ਾਨਦਾਰ ਕਦਮ ਸਦਕਾ ਅੱਜ ਪੰਜਾਬ ਦੇ ਬਿਜਲੀ ਘਰਾਂ ਕੋਲ ਕੋਲੇ ਦਾ ਭੰਡਾਰ ਹੈ। ਜਿਹੜੇ ਤਾਪ ਘਰ ਪਹਿਲਾਂ ਕੋਲੇ ਦੀ ਕਮੀ ਕਾਰਣ ਬੰਦ ਹੋ ਜਾਂਦੇ ਸਨ, ਅੱਜ ਉਹ ਨਿਰੰਤਰ ਕੰਮ ਕਰ ਰਹੇ ਹਨ। ਜਿਸ ਸਦਕਾ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।
ਕੀ ਕਹਿਣਾ ਹੈ ਕਿਸਾਨਾਂ ਦਾ
ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਪਿੰਡ ਭਟੇੜੀ ਦੇ ਕਿਸਾਨ ਗੁਰਜੀਤ ਸਿੰਘ ਨੇ ਕਿਹਾ ਕਿ ਜਿਹੜਾ ਬਿੱਲ ਪਹਿਲਾਂ ਤਿੰਨ ਤੋਂ ਚਾਰ ਹਜ਼ਾਰ ਰੁਪਏ ਮਹੀਨਾ ਆ ਰਿਹਾ ਸੀ, ਅੱਜ ਉਹ ਜ਼ੀਰੋ ਆ ਰਿਹਾ ਹੈ। ਫਰੀ ਬਿਜਲੀ ਤੋਂ ਬਚਣ ਵਾਲੇ ਪੈਸੇ ਉਹ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਹੋਰ ਕੰਮਾਂ ਲਈ ਖਰਚ ਕਰਦੇ ਹਨ। ਖੇਤਾਂ ਦੀਆਂ ਮੋਟਰਾਂ 'ਤੇ ਵੀ ਉਨ੍ਹਾਂ ਨੂੰ 8 ਘੰਟੇ ਤਕ ਬਿਜਲੀ ਮਿਲ ਰਹੀ ਹੈ। ਇਸ ਨਾਲ ਜੀਮੀਂਦਾਰ ਨੂੰ ਫਾਇਦਾ ਹੋਇਆ ਹੈ। ਉਥੇ ਹੀ ਹੇਅਰ ਕਟਿੰਗ ਦਾ ਕੰਮ ਕਰਨ ਵਾਲੇ ਦੁਕਾਨਦਾਰ ਜ਼ਮੀਲ ਖਾਨ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦਾ ਬਿੱਲ 4 ਤੋਂ 5 ਹਜ਼ਾਰ ਰੁਪਏ ਤਕ ਆਉਂਦਾ ਸੀ ਪਰ ਹੁਣ ਜ਼ੀਰੋ ਆ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਕਦਮ ਸਦਕਾ ਉਨ੍ਹਾਂ ਵੱਡਾ ਆਰਥਿਕ ਲਾਭ ਹੋਇਆ ਹੈ।